ਇਤਿਹਾਸ ਦਾ ਲਾਸਾਨੀ ਪੰਨਾ : ਸਾਕਾ ਸਰਹਿੰਦ
ਸਿੱਖ ਇਤਿਹਾਸ ਅੰਦਰ ਦਰਜ ਸਾਕਾ ਚਮਕੌਰ ਤੇ ਸਾਕਾ ਸਰਹਿੰਦ ਦੀਆਂ ਸ਼ਹਾਦਤਾਂ ਦੀ ਗਾਥਾ ਪੜ੍ਹ ਕੇ ਸਿੱਖ ਜਿਸ ਮਾਣ ਦੇ ਸੰਮੁੱਖ ਹੁੰਦੇ ਹਨ, ਉਹ ਆਪਣੇ ਆਪ ਵਿੱਚ ਲਾਸਾਨੀ ਅਤੇ ਗੌਰਵਮਈ ਹੈ। ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਅਜੋਕੇ ਨੌਜਵਾਨਾਂ ਤੇ ਬੱਚਿਆਂ ਲਈ ਪ੍ਰੇਰਣਾ ਦਾ ਸਰੋਤ ਹਨ, ਜਿਸ ਤੋਂ ਅਗਵਾਈ ਲੈ ਕੇ ਜ਼ਬਰ-ਜ਼ੁਲਮ ਲਈ ਵੰਗਾਰ ਅਤੇ ਮਨੁੱਖੀ ਹੱਕਾਂ ਲਈ ਢਾਲ ਬਣਾਇਆ ਜਾ ਸਕਦਾ ਹੈ।
ਦਸੰਬਰ ਮਹੀਨੇ ਦੇ ਆਰੰਭ ਤੋਂ ਹੀ ਸਿੱਖ ਸੰਗਤਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਅਨੰਦਪੁਰ ਸਾਹਿਬ ਛੱਡਣ, ਪਰਿਵਾਰ ਵਿਛੋੜੇ ਅਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੀ ਯਾਦ ਮਨਾਂ ਵਿੱਚ ਵਸਾ ਕੇ ਸ੍ਰੀ ਚਮਕੌਰ ਸਾਹਿਬ ਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਧਰਤੀ ਨੂੰ ਸਿਜਦਾ ਕਰਨ ਲਈ ਪੁੱਜਦੀਆਂ ਹਨ।
ਧਰਮਾਂ ਦੇ ਇਤਿਹਾਸ ਵਿੱਚ ਸਾਕਾ ਸਰਹਿੰਦ ਉਹ ਘਟਨਾ ਹੈ, ਜਿਸ ਨੇ ਸਿੱਖ ਮਨਾਂ ਅੰਦਰ ਸਮੇਂ ਦੀ ਹਕੂਮਤ ਵਿਰੁੱਧ ਗੁੱਸੇ ਤੇ ਰੋਹ ਦੀ ਅੱਗ ਨੂੰ ਹੋਰ ਤਿੱਖਾ ਕੀਤਾ ਅਤੇ ਇਸ ਤੋਂ ਸ਼ਕਤੀ ਤੇ ਪ੍ਰੇਰਣਾ ਲੈ ਕੇ ਸਿੱਖਾਂ ਨੇ ਜਾਲਮ ਮੁਗਲ ਹਕੂਮਤ ਨਾਲ ਜ਼ਬਰਦਸਤ ਟੱਕਰ ਲਈ।
ਜਿਸ ਸਮੇਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਨੂੰ ਸੂਬਾ ਸਰਹਿੰਦ ਦੇ ਹੁਕਮ ਨਾਲ ਜਿੰਦਾ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ, ਤਾਂ ਸਾਹਿਬਜ਼ਾਦਿਆਂ ਦੀ ਉਮਰ ਭਾਵੇਂ ਬਹੁਤ ਛੋਟੀ ਸੀ, ਪਰੰਤੂ ਉਨ੍ਹਾਂ ਦੀ ਦਲੇਰੀ ਅਤੇ ਸਿੱਖੀ ਪ੍ਰਤੀ ਦ੍ਰਿੜਤਾ ਪ੍ਰੌਢ ਉਮਰ ਤੋਂ ਘੱਟ ਨਹੀਂ ਸੀ।
ਸਾਹਿਬਜ਼ਾਦਿਆਂ ਨੇ ਜਿਸ ਦਲੇਰੀ, ਸਿਦਕਦਿਲੀ ਅਤੇ ਜਿੰਦਾ ਦਿਲੀ ਨਾਲ ਸੂਬੇ ਦੀ ਕਚਹਿਰੀ ਵਿੱਚ ਸਵਾਲਾਂ ਦੇ ਜਵਾਬ ਦਿੱਤੇ, ਉਸ ਵੱਲੋਂ ਧਰਮ ਛੱਡਣ ਖਾਤਰ ਦਿੱਤੇ ਜਾ ਰਹੇ ਲਾਲਚਾਂ ਨੂੰ ਠੁਕਰਾਇਆ ਅਤੇ ਸ਼ਹਾਦਤ ਨੂੰ ਕਬੂਲ ਕੀਤਾ, ਉਸ ਦਾ ਵਿਸ਼ਵ ਦੇ ਧਰਮ ਇਤਿਹਾਸ ਵਿੱਚ ਕੋਈ ਮੁਕਾਬਲਾ ਨਹੀਂ ਮਿਲਦਾ। ਇਹ ਚੜ੍ਹਦੀ ਕਲਾ ਦੀ ਜੀਵੰਤ ਮਿਸਾਲ ਹੈ ਜੋ ਮਾਤਾ ਗੁਜਰੀ ਜੀ ਦੁਆਰਾ ਸਾਹਿਬਜ਼ਾਦਿਆਂ ਨੂੰ ਧਰਮ ਵਿੱਚ ਦ੍ਰਿੜਤਾ ਅਤੇ ਨਿਡਰਤਾ ਦਾ ਪਾਠ ਪੜ੍ਹਾ ਕੇ ਕਾਇਮ ਕੀਤੀ।
ਕਹਿਰ ਦੀ ਠੰਢੀ ਰਾਤ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸੇ ਸਮੇਤ ਸ੍ਰੀ ਅਨੰਦਪੁਰ ਛੱਡਣਾ, ਸਰਸਾ ਨੇ ਰਸਤਾ ਰੋਕਣਾ, ਪਰਿਵਾਰ ਦਾ ਖੇਰੂੰ-ਖੇਰੂੰ ਹੋਣਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਆਦਿ ਸਭ ਘਟਨਾਵਾਂ ਸਿੱਖ ਇਤਿਹਾਸ ਦੇ ਵੱਡੇ ਪਹਲੂ ਹਨ।
ਸਰਸਾ ਨੂੰ ਪਾਰ ਕਰਨ ਤੋਂ ਬਾਅਦ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਆਪ ਦੀ ਮਾਤਾ ਜੀ, ਸਾਹਿਬਜ਼ਾਦੇ ਅਤੇ ਆਪ ਜੀ ਦੇ ਮਹਲ ਸਭ ਵਿਛੜ ਗਏ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਗੁਰੂ-ਘਰ ਦੇ ਰਸੋਈਏ ਗੰਗੂ ਨਾਲ ਉਸ ਦੇ ਪਿੰਡ ਖੇੜੀ (ਸ਼ਹੇਰੀ) ਆ ਗਏ।
ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਵੇਖ ਅਤੇ ਸਰਕਾਰੀ ਇਨਾਮ ਦੇ ਲਾਲਚ ਵਿੱਚ ਗੰਗੂ ਫੌਲ ਗਿਆ। ਗੰਗੂ ਵੱਲੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨਾਲ ਕੀਤੇ ਵਿਸ਼ਵਾਸਘਾਤ ਬਾਰੇ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ:
ਬਦਜ਼ਾਤ ਬਦ-ਸਿਫ਼ਤ ਵਹੁ ਗੰਗੂ ਨਮਕ-ਹਰਾਮ
ਟੁਕੜੋਂ ਪੇ ਸਤਿਗੁਰੂ ਕੇ ਜੋ ਪਲਤਾ ਰਹਾ ਮੁਦਾਮ
ਦੁਨੀਆ ਮੇਂ ਆਪਣੇ ਨਾਮ ਕੋ ਬਦਨਾਮ ਕਰ ਗਿਆ
ਦੁਸ਼ਮਨ ਭੀ ਜੋ ਨ ਕਰਤਾ ਵਹੁ ਯਹ ਕਾਮ ਕਰ ਗਿਆ
ਗੰਗੂ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਖ਼ਬਰ ਮੋਰਿੰਡੇ ਥਾਣੇ ਜਾ ਦਿੱਤੀ, ਜਿੱਥੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਸਮੇਤ ਗ੍ਰਿਫ਼ਤਾਰ ਕਰਕੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹਵਾਲੇ ਕਰ ਦਿੱਤਾ ਗਿਆ। ਸੂਬੇਦਾਰ ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਢੇ ਬੁਰਜ ਵਿੱਚ ਕੈਦ ਕਰ ਦਿੱਤਾ।
ਕਹਿਰ ਦੀ ਸਿੱਖ ਵਿੱਚ ਭੁੱਖੇ ਭਾਣੇ ਸਾਹਿਬਜ਼ਾਦੇ ਸਾਰੀ ਰਾਤ ਦਾਦੀ ਮਾਂ ਦੀ ਗੋਦ ਵਿੱਚ ਬੈਠੇ ਗੁਰੂ ਪਿਤਾ ਦੀ ਸੂਰਮਗਤੀ, ਦਾਦਿਆਂ-ਪਰਦਾਦਿਆਂ ਦੀ ਕੁਰਬਾਨੀ ਦੀਆਂ ਗੱਲਾਂ ਸੁਣਦੇ ਸਿੱਖੀ ਅਸੂਲਾਂ ’ਤੇ ਦ੍ਰਿੜ੍ਹ ਰਹਿਣ ਦੀ ਸਿੱਖਿਆ ਲੈਂਦੇ ਰਹੇ।
ਦਿਨ ਚੜ੍ਹਦਿਆਂ ਸਾਹਿਬਜ਼ਾਦਿਆਂ ਨੂੰ ਕਚਹਿਰੀ ’ਚ ਪੇਸ਼ ਕਰਨ ਦਾ ਹੁਕਮ ਹੋਇਆ। ਸਾਹਿਬਜ਼ਾਦੇ ਬੁਲੰਦ ਹੌਸਲੇ ਵਿੱਚ ਸਨ। ਮਾਤਾ ਗੁਜਰੀ ਜੀ ਨੇ ਬੱਚਿਆਂ ਨੂੰ ਤਿਆਰ ਕੀਤਾ।
ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਵਜ਼ੀਰ ਖ਼ਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਨੂੰ ਪਹਿਲਾਂ ਧਨ, ਦੌਲਤ, ਜਾਗੀਰਾਂ, ਸ਼ਾਹੀ ਫੌਜਾਂ ਦੇ ਲਾਲਚ ਦੇ ਕੇ ਇਸਲਾਮ ਧਰਮ ਧਾਰਨ ਕਰਨ ਲਈ ਕਿਹਾ ਗਿਆ, ਫਿਰ ਸਰੀਰਕ ਕਸ਼ਟ ਅਤੇ ਮੌਤ ਦੇ ਡਰਾਵੇ ਦਿੱਤੇ ਗਏ।
ਪਰੰਤੂ ਕੋਮਲ ਜਿੰਦਾਂ ਦੇ ਚਿਹਰਿਆਂ ’ਤੇ ਸਿੱਖੀ ਪਿਆਰ, ਬੀਰਤਾ ਅਤੇ ਜੁਰਅਤ ਪ੍ਰਤੱਖ ਦਿਸ ਰਹੀ ਸੀ। ਸਾਹਿਬਜ਼ਾਦਿਆਂ ਦੇ ਅਡੋਲ ਚਿੱਤ ਰਹਿੰਦੇ ਹੋਏ ਰੌਅਬ ਭਰੇ ਜਵਾਬਾਂ ਨੇ ਸਭ ਨੂੰ ਕੰਬਣੀ ਛੇੜ ਦਿੱਤੀ।
ਲਗਾਤਾਰ ਲਾਲਚਾਂ, ਫ਼ਰਾਵਿਆਂ ਅਤੇ ਧਮਕੀਆਂ ਦੇ ਬਾਵਜੂਦ ਜਦੋਂ ਗੱਲ ਨਾ ਬਣੀ ਤਾਂ ਮੁੱਲਾਂ ਅਤੇ ਕਾਜ਼ੀਆਂ ਨੂੰ ਸਾਹਿਬਜ਼ਾਦਿਆਂ ਦੀ ਸਜ਼ਾ ਨਿਸ਼ਚਿਤ ਕਰਨ ਲਈ ਕਿਹਾ ਗਿਆ, ਜਿਸ ’ਤੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਸੁਣਾਇਆ ਗਿਆ।
ਇਸ ਤਰ੍ਹਾਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਨੇ ਲਾਸਾਨੀ ਸ਼ਹਾਦਤ ਪ੍ਰਾਪਤ ਕਰਕੇ ਦੁਨੀਆ ਦੇ ਇਤਿਹਾਸ ਵਿੱਚ ਨਿਵੇਕਲਾ ਪੰਨਾ ਸਿਰਜਿਆ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਠੰਢੇ ਬੁਰਜ ਵਿੱਚ ਗੁਰਪੁਰੀ ਪਿਆਨਾ ਕਰ ਗਏ।
ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਦੇ ਕੇ ਜ਼ਮੀਨ ਖਰੀਦੀ, ਜਿਸ ਸਥਾਨ ’ਤੇ ਗੁਰਦੁਆਰਾ ਜੋਤੀ ਸਰੂਪ ਸਥਿਤ ਹੈ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਿੱਖ ਸੰਘਰਸ਼ ਵਿੱਚ ਨਵੀਂ ਰੂਹ ਫੂਕ ਦਿੱਤੀ। ਦਸਮੇਸ਼ ਪਿਤਾ ਜੀ ਦਾ ਥਾਪੜਾ ਲੈ ਬਾਬਾ ਬੰਦਾ ਸਿੰਘ ਬਹਾਦਰ ਨੇ ਐਸੀ ਉਥਲ-ਪੁਥਲ ਲਿਆਂਦੀ ਕਿ ਮੁਗਲ ਸਾਮਰਾਜ ਦੀਆਂ ਜੜ੍ਹਾਂ ਹਿੱਲ ਗਈਆਂ।
ਸਿੱਖ ਯੋਧਿਆਂ ਨੇ ਸਮੇਂ ਦੇ ਹੰਕਾਰਬਾਜ਼ ਵਜ਼ੀਰ ਖ਼ਾਨ ਅਤੇ ਉਸ ਦੇ ਦਰਬਾਰੀਆਂ ਦੀ ਜੋ ਦਸ਼ਾ ਕੀਤੀ, ਉਹ ਇਤਿਹਾਸ ਬਣ ਗਈ। ਇਸ ਸਾਕੇ ਤੋਂ ਬਾਅਦ ਖ਼ਾਲਸੇ ਨੇ ਸਿੱਖ ਰਾਜ ਦੀ ਮੰਜ਼ਿਲ ਵੀ ਸਰ ਕੀਤੀ।
ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਸਿੱਖ ਕੌਮ ਲਈ ਮਾਰਗ ਦਰਸ਼ਕ ਹੈ। ਇਹ ਸ਼ਹਾਦਤਾਂ ਸਾਨੂੰ ਸਿੱਖ ਧਰਮ ਦੀਆਂ ਉੱਚੀਆਂ-ਸੁੱਚੀਆਂ ਕਦਰਾਂ ਕੀਮਤਾਂ ’ਤੇ ਪਹਿਰਾ ਦੇਣ ਲਈ ਸਦਾ ਤਤਪਰ ਰਹਿਣ ਦੀ ਪ੍ਰੇਰਣਾ ਦਿੰਦੀਆਂ ਆ ਰਹੀਆਂ ਹਨ।
ਲੋੜ ਹੈ ਇਨ੍ਹਾਂ ਮਹਾਨ ਸ਼ਹਾਦਤਾਂ ਨੂੰ ਸਤਿਕਾਰ ਭੇਟ ਕਰਦਿਆਂ ਕੌਮ ਦੀ ਨੌਜਵਾਨੀ ਅਤੇ ਬੱਚਿਆਂ ਨੂੰ ਆਪਣੇ ਇਤਿਹਾਸ, ਪਰੰਪਰਾਵਾਂ, ਸਿਧਾਂਤਾਂ ਅਤੇ ਗੁਰਬਾਣੀ ਦੀ ਅੰਮ੍ਰਿਤਮਈ ਵਿਚਾਰਧਾਰਾ ਨਾਲ ਜੋੜੀਏ, ਤਾਂ ਜੋ ਆਪਣੇ ਵਿਰਸੇ ਤੋਂ ਸੇਧ ਪ੍ਰਾਪਤ ਕਰਕੇ ਸਿੱਖ ਧਰਮ ਦੀ ਚੜ੍ਹਦੀ ਕਲਾ ਅਤੇ ਏਕਤਾ ਲਈ ਵਚਨਬੱਧ ਹੋ ਕੇ ਸ਼ਹੀਦਾਂ ਵੱਲੋਂ ਪਾਏ ਪੂਰਨਿਆਂ ’ਤੇ ਚੱਲ ਸਕੀਏ।

ਲੇਖਕ: ਐਡਵੋਕੇਟ ਹਰਜਿੰਦਰ ਸਿੰਘ ਧਾਮੀ,
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ

-
ਐਡਵੋਕੇਟ ਹਰਜਿੰਦਰ ਸਿੰਘ ਧਾਮੀ,, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
sgpcmedia2@gmail.com
1111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.