ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ
ਰੋਹਿਤ ਗੁਪਤਾ
ਗੁਰਦਾਸਪੁਰ, 5 ਦਸੰਬਰ
ਕਮਾਂਡਰ ਬਲਜਿੰਦਰ ਵਿਰਕ (ਸੇਵਾਮੁਕਤ), ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਦੂਸਰੇ ਵਿਸ਼ਵ ਯੁੱਧ ਤੋਂ ਲੈ ਕੇ ਕਾਰਗਿਲ ਯੁੱਧ ਅਤੇ ਹੁਣ ਤੱਕ ਦੇਸ਼ ਦੇ ਸੈਨਿਕਾਂ ਨੇ ਕਾਫੀ ਸਹਾਦਤਾਂ ਪ੍ਰਾਪਤ ਕੀਤੀਆਂ ਹਨ। ਅਜਿਹੇ ਸ਼ਹੀਦ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਹਿੱਤ ਹਥਿਆਰਬੰਦ ਝੰਡਾ ਦਿਵਸ਼ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਕੰਪਲੈਕਸ ਵਿੱਚ ਮਨਾਇਆ ਗਿਆ।
ਇਸ ਸ਼ੁੱਭ ਕੰਮ ਦੀ ਸ਼ੁਰੂਆਤ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਝੰਡਾ ਫਲੈਗ ਲੈਪਲ ਪਿੰਨਿੰਗ ਕਰਕੇ ਕੀਤੀ ਗਈ।
ਕਮਾਂਡਰ ਬਲਜਿੰਦਰ ਵਿਰਕ (ਸੇਵਾਮੁਕਤ), ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਇਹ ਦਿਨ ਹਰ ਨਾਗਰਿਕ ਨੂੰ ਬਹਾਦਰ ਸੈਨਿਕਾਂ ਅਤੇ ਉਨ੍ਹਾ ਦੇ ਪਰਿਵਾਰਾਂ ਪ੍ਰਤੀ ਸਤਿਕਾਰ ਪ੍ਰਗਟ ਕਰਨ ਲਈ ਇੱਕ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ। ਇਸ ਮੰਤਵ ਹਿੱਤ ਦਫਤਰ ਵੱਲੋਂ ਆਮ ਪਬਲਿਕ ਤੋਂ ਫੰਡ ਇੱਕਠਾ ਕੀਤਾ ਜਾਂਦਾ ਹੈ। ਜੋ ਸੈਨਿਕ ਵੱਖ—ਵੱਖ ਲੜਾਈਆਂ ਵਿੱਚ ਸ਼ਹੀਦ ਹੋ ਗਏ ਹਨ ਅਤੇ ਆਪਣੇ ਪਿੱਛੇ ਅਨਾਥ ਪ੍ਰੀਵਾਰ ਛੱਡ ਗਏ ਜਾਂ ਅਪੰਗ ਹੋ ਗਏ ਅਤੇ ਰੋਜ਼ੀ ਰੋਟੀ ਕਮਾਉਣ ਤੋਂ ਅਸੱਮਰਥ ਹਨ, ਨੂੰ ਸਹਾਇਤਾ ਵਜੋਂ ਨਿਯਮਾ ਅਨੁਸਾਰ ਇਸ ਫੰਡ ਵਿਚੋਂ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾ ਸੈਨਿਕਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ, ਕਿਉਂਕਿ ਉਨ੍ਹਾ ਦੀਆਂ ਕੁਰਬਾਨੀਆਂ ਸਦਕੇੇ ਹੀ ਅਸੀਂ ਅੱਜ ਆਜ਼ਾਦੀ ਦਾ ਨਿਘਾ ਅਨੰਦ ਮਾਣ ਰਹੇ ਹਾਂ।
ਉਨ੍ਹਾਂ ਨੇ ਜ਼ਿਲੇ ਦੇ ਦਾਨੀ ਸੱਜਣਾਂ ਅਤੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਝੰਡਾ ਦਿਵਸ ਫੰਡ ਵਿੱਚ ਦਿਲ ਖੋਲ ਕੇ ਆਪਣਾ ਯੋਗਦਾਨ ਪਾਉਣ। ਇਸ ਮੰਤਵ ਹਿੱਤ ਦਾਨੀ ਸੱਜਣ ਦਾਨ ਰਾਸ਼ੀ ਦਫਤਰ ਦੇ ਝੰਡਾ ਦਿਵਸ਼ ਫੰਡ ਖਾਤੇ ਵਿੱਚ ਭੇਜ ਸਕਦੇ ਹਨ ਜਾਂ ਕਿਸੇ ਵੀ ਕੰਮ ਵਾਲੇ ਦਿਨ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਦੇ ਦਫਤਰ ਦੇ ਫੋਨ ਨੰ. 01874—247205 ਤੇ ਸੰਪਰਕ ਕਰ ਸਕਦੇ ਹਨ। ਆਪ ਜੀ ਪਾਸੋਂ ਦਫਤਰ ਦਾ ਕਰਮਚਾਰੀ ਖੁਦ ਰਾਸ਼ੀ ਕੁਲੈਕਟ ਕਰਨ ਲਈ ਆਵੇਗਾ ਅਤੇ ਉਸ ਦੀ ਰਸ਼ੀਦ ਆਪ ਨੂੰ ਦਿੱਤੀ ਜਾਵੇਗੀ। ਇਹ ਦਾਨ ਕੀਤੀ ਗਈ ਰਾਸ਼ੀ ਟੈਕਸ਼ ਮੁਕਤ ਹੈ।