ਸਿਹਤ ਵਿਭਾਗ ਬਠਿੰਡਾ ਨੇ ਜਨਤਾ ਨਗਰ ਵਿਖੇ ਮਨਾਇਆ ਗਿਆ ਸੀ.ਓ.ਪੀ.ਡੀ ਦਿਵਸ
ਅਸ਼ੋਕ ਵਰਮਾ
ਬਠਿੰਡਾ, 17 ਨਵੰਬਰ 2025 :ਸਿਵਲ ਸਰਜਨ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾ ਤਹਿਤ ਏ.ਏ.ਸੀ ਜਨਤਾ ਨਗਰ ਵਿਖੇ ਵਿਸ਼ਵ ਸੀ.ਓ.ਪੀ.ਡੀ ਦਿਵਸ ਮਨਾਇਆ ਗਿਆ । ਸੀ.ਓ.ਪੀ.ਡੀ (Chronic Obstructive Pulmonary Disease) ਦਿਵਸ ਹਰ ਸਾਲ ਨਵੰਬਰ ਮਹੀਨੇ ਦੇ ਤੀਜੇ ਬੁੱਧਵਾਰ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਫੇਫੜਿਆਂ ਦੀ ਇਸ ਗੰਭੀਰ ਅਤੇ ਤੇਜ਼ੀ ਨਾਲ ਵੱਧ ਰਹੀ ਬਿਮਾਰੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਹੈ। ਸੀ.ਓ.ਪੀ.ਡੀ ਦੁਨੀਆ ਭਰ ਵਿੱਚ ਮੌਤ ਅਤੇ ਅਪਾਹਜਤਾ ਦੇ ਮੁੱਖ ਕਾਰਣਾਂ ਵਿੱਚੋਂ ਇੱਕ ਹੈ, ਪਰ ਸ਼ੁਰੂਆਤੀ ਲੱਛਣਾਂ ਦੀ ਪਹਿਚਾਣ, ਸਹੀ ਸਮੇਂ ਇਲਾਜ ਅਤੇ ਤੰਬਾਕੂ ਸੇਵਨ ਤੋਂ ਦੂਰ ਰਹਿਣ ਨਾਲ ਇਸ ਤੋਂ ਬਚਾਅ ਸੰਭਵ ਹੈ। ਇਸ ਦਿਵਸ ਦਾ ਮਨਾਉਣਾ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਫੇਫੜਿਆਂ ਦੀ ਸੁਰੱਖਿਆ ਲਈ ਸਾਵਧਾਨੀਆਂ ਵਰਤਣ ਵੱਲ ਪ੍ਰੇਰਿਤ ਕਰਦਾ ਹੈ।
ਬੀ.ਈ.ਈ ਪਵਨਜੀਤ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੀ.ਓ.ਪੀ.ਡੀ ਇੱਕ ਗੰਭੀਰ ਫੇਫੜਿਆਂ ਦੀ ਬਿਮਾਰੀ ਹੈ ਜਿਸ ਵਿੱਚ ਲੰਬੇ ਸਮਿਆਂ ਤੱਕ ਸੁਆਸ ਲੈਣ ਵਿੱਚ ਮੁਸ਼ਕਲ, ਖੰਘ, ਛਾਤੀ ਭਾਰ ਤੇ ਵਰਗੇ ਲੱਛਣ ਪੈਦਾ ਹੁੰਦੇ ਹਨ। ਇਸਦੀ ਸਭ ਤੋਂ ਵੱਡੀ ਕਾਰਨ ਤੰਬਾਕੂ ਸੇਵਨ ਅਤੇ ਘਰੇਲੂ ਧੂੰਏਂ ਜਾਂ ਉਦਯੋਗਿਕ ਪ੍ਰਦੂਸ਼ਣ ਨਾਲ ਲੰਬੇ ਸਮੇਂ ਤੋਂ ਸੰਪਰਕ ਵਿੱਚ ਆਉਣ ਨਾਲ ਹੁੰਦੀ ਹੈ । ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਕੇਂਦਰਾਂ ‘ਤੇ ਮੁਫਤ ਫੇਫੜੇ ਜਾਂਚ ਕੈਂਪ, ਅਤੇ ਟੈਸਟ ਕੀਤੇ ਜਾਂਦੇ ਹਨ । ਇਸ ਦੇ ਨਾਲ ਲੋਕਾਂ ਨੂੰ ਤੰਬਾਕੂ ਦਾ ਤਿਆਗ ਕਰਨ, ਘਰਾਂ ਵਿੱਚ ਸਾਫ਼ ਇੰਧਨ ਵਰਤਣ, ਅਤੇ ਨਿਯਮਿਤ ਚੈਕਅੱਪ ਕਰਵਾਉਣ ਲਈ ਜਾਗਰੂਕ ਕੀਤਾ ਗਿਆ। ਜਿਹੜੇ ਲੋਕ ਲੰਮੇ ਸਮੇਂ ਤੋਂ ਖੰਘ, ਸਾਹ ਫੁੱਲਣਾ ਜਾਂ ਬਾਰ-ਬਾਰ ਛਾਤੀ ਦੇ ਇਨਫੈਕਸ਼ਨ ਤੋਂ ਪੀੜਤ ਹਨ, ਉਹ ਤੁਰੰਤ ਨਜ਼ਦੀਕੀ ਸਿਹਤ ਕੇਂਦਰ ‘ਤੇ ਜਾਂਚ ਕਰਵਾਉਣ। ਸੀ.ਓ.ਪੀ.ਡੀ ਦਾ ਸ਼ੁਰੂਆਤੀ ਇਲਾਜ ਜੀਵਨ ਗੁਣਵੱਤਾ ਨੂੰ ਬਿਹਤਰ ਬਣਾਉਂਦਾ ਹੈ ਤੇ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ। ਵਿਭਾਗ ਨੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਨਿਯਮਿਤ ਕਸਰਤ ਕਰਨ ਅਤੇ ਪ੍ਰਦੂਸ਼ਣ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕੀਤਾ।