ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਦਾਖਲ ਨਵੇਂ ਵਿਦਿਆਰਥੀਆਂ ਲਈ ਜਾਣ ਪਛਾਣ ਸਮਾਗਮ ਦਾ ਆਯੋਜਨ
ਬੰਗਾ, 24 ਅਕਤੂਬਰ 2025 : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਬੀ ਐਸ ਸੀ ਨਰਸਿੰਗ ਅਤੇ ਜੀ ਐਨ ਐਮ ਨਰਸਿੰਗ ਕੋਰਸ ਵਿੱਚ ਦਾਖਲ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਉਹਨਾਂ ਲਈ ਜਾਣ ਪਛਾਣ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਆਰੰਭ ਗੁਰਬਾਣੀ ਸ਼ਬਦ ਨਾਲ ਹੋਇਆ। ਉਪਰੰਤ ਸਮਾਗਮ ਦੇ ਮੁੱਖ ਮਹਿਮਾਨ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ਼ਮਾ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਡਾ. ਢਾਹਾਂ ਨੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕਰਦੇ ਹੋਏ ਸੰਸਥਾ ਦੇ ਸ਼ਾਨਾਮੱਤੀ ਇਤਹਾਸ ਤੋਂ ਜਾਣੂੰ ਕਰਵਾਇਆ। ਉਹਨਾਂ ਦੱਸਿਆ ਕਿ ਸਾਲ 1993 ’ਚ ਢਾਹਾਂ ਕਲੇਰਾਂ ਵਿਖੇ ਨਰਸਿੰਗ ਸਕੂਲ ਤੇ 1998 ਵਿੱਚ ਨਰਸਿੰਗ ਕਾਲਜ ਆਰੰਭ ਕੇ ਪੰਜਾਬ ਵਿੱਚ ਨਰਸਿੰਗ ਸਿੱਖਿਆ ਬਾਰੇ ਆਮ ਲੋਕਾਈ ਨੂੰ ਜਾਣੂ ਕਰਵਾਇਆ । ਇਸ ਨਰਸਿੰਗ ਕਾਲਜ ਤੋਂ 2500 ਤੋਂ ਵੱਧ ਵਿਦਿਆਰਥੀ ਡਿਗਰੀਆਂ ਪ੍ਰਾਪਤ ਕਰਕੇ ਸੰਸਾਰ ਭਰ ਵਿਚ ਨਰਸਿੰਗ ਸਿਹਤ ਸੇਵਾਵਾਂ ਅਤੇ ਉੱਚ ਲੀਡਰਸ਼ਿੱਪ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ। ਡਾ. ਢਾਹਾਂ ਨੇ ਇਕੱਤਰ ਵਿਦਿਆਰਥੀਆਂ ਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਪੜ੍ਹਾਈ ਕਰਕੇ ਆਪਣਾ, ਆਪਣੇ ਮਾਪਿਆਂ ਦਾ ਅਤੇ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ । ਮੈਡਮ ਰਮਨਦੀਪ ਕੌਰ ਕੰਗ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਦੱਸਿਆ ਕਿ ਕਾਲਜ ਵਿਚ ਆਧੁਨਿਕ ਤਰੀਕਿਆਂ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ । ਇਸ ਮੌਕੇ ਸੰਸਥਾ ਬਾਰੇ ਜਾਣਕਾਰੀ ਦਿੰਦੀ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ । ਨਰਸਿੰਗ ਵਿਦਆਰਥੀਆਂ ਮਨਪ੍ਰੀਤ ਕੌਰ ਢਿੱਲੋਂ ਅਤੇ ਹਿਨਾ ਵੱਲੋਂ ਸਲਾਈਡ ਸ਼ੋਅ ਰਾਹੀ ਕਾਲਜ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ । ਜੀ ਐਨ ਐਮ ਤੀਜਾ ਸਾਲ ਦੇ ਵਿਦਿਆਰਥੀਆਂ ਦਮਨਪ੍ਰੀਤ ਕੌਰ ਅਤੇ ਜਸਪ੍ਰੀਤ ਨੇ ਨਿੱਜੀ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਢਾਹਾਂ ਕਲੇਰਾਂ ਨਰਸਿੰਗ ਕਾਲਜ ਵਿਚ ਪੜ੍ਹਾਈ ਕਰਕੇ ਉਹਨਾਂ ਨੂੰ ਜੀਵਨ ਵਿਚ ਕਾਮਯਾਬ ਹੋਣ ਲਈ ਨਵੀਂ ਦਿਸ਼ਾ ਮਿਲੀ ਹੈ । ਇਸ ਮੌਕੇ ਸਮੂਹ ਕਾਲਜ ਸਟਾਫ ਅਤੇ ਨਵੇਂ ਨਵੇਂ ਬੀ ਐਸ ਸੀ ਨਰਸਿੰਗ ਅਤੇ ਜੀ ਐਨ ਐਮ ਨਰਸਿੰਗ ਵਿਦਿਆਰਥੀਆਂ ਵੱਲੋਂ ਆਪਣੀ ਜਾਣਪਛਾਣ ਦਿੰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ। ਜੀ ਐਨ ਐਮ (ਪਹਿਲਾ ਸਾਲ) ਦੀ ਵਿਦਿਆਰਥੀ ਨਵਜੋਤ ਕੌਰ ਨੇ ਸਮੂਹ ਵਿਦਿਆਰਥੀਆਂ ਲਈ ਰੱਖੇ ਸਮਾਗਮ ਲਈ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮੈਡਮ ਗੁਰਦੀਪ ਕੌਰ ਵੱਲੋਂ ਬਾਖੂਬੀ ਨਿਭਾਈ ਗਈ । ਇਸ ਮੌਕੇ ਮੈਡਮ ਸੁਖਮਿੰਦਰ ਕੌਰ ਉੱਭੀ, ਮੈਡਮ ਮਨਿੰਦਰ ਕੌਰ, ਮੈਡਮ ਵੰਦਨਾ ਬਸਰਾ, ਮੈਡਮ ਰਾਬੀਆ ਹਾਟਾ, ਮੈਡਮ ਸਰਬਜੀਤ ਕੌਰ, ਮੈਡਮ ਨੇਹਾ ਰਾਣੀ, ਮੈਡਮ ਸ਼ਿਵਾਨੀ ਭਰਦਵਾਜ, ਸ੍ਰੀ ਗੁਰਮੀਤ ਸਿੰਘ, ਮੈਡਮ ਰਣਜੀਤ ਕੌਰ ਲਾਇਬੇਰੀਅਨ ਵੀ ਵਿਸ਼ੇਸ਼ ਤੌਰ ਹਾਜ਼ਰ ਸਨ ।