ਸ਼੍ਰੋਮਣੀ ਅਕਾਲੀ ਦਲ ਨੇ ਐਸ ਐਸ ਪੀ ਤਰਨ ਤਾਰਨ ਡਾ. ਰਵਜੋਤ ਕੌਰ ਗਰੇਵਾਲ ਖਿਲਾਫ ਕੀਤੀ ਸ਼ਿਕਾਇਤ, ਮੰਗਿਆ ਤਬਾਦਲਾ
ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਵਾਸਤੇ ਪੁਲਿਸ ਫੋਰਸ ਦੀ ਦੁਰਵਰਤੋਂ ਰੋਕਣਾ ਜ਼ਰੂਰੀ: ਅਰਸ਼ਦੀਪ ਕਲੇਰ
ਚੰਡੀਗੜ੍ਹ, 24 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਚੋਣ ਅਫਸਰ (ਸੀ ਈ ਓ) ਕੋਲ ਤਰਨ ਤਾਰਨ ਦੇ ਐਸ ਐਸ ਪੀ ਡਾ. ਰਵਜੋਤ ਕੌਰ ਗਰੇਵਾਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਅਤੇ ਦੋਸ਼ ਲਾਇਆ ਕਿ ਤਰਨ ਤਾਰਨ ਜ਼ਿਮਨੀ ਚੋਣ ਵਿਚ ਪੁਲਿਸ ਫੋਰਸ ਦੀ ਦੁਰਵਰਤੋਂ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਕੇਡਰ ਦੇ ਖਿਲਾਫ ਝੂਠੀਆਂ ਅਤੇ ਆਧਾਰਹੀਣ ਐਫ ਆਈ ਆਰ ਦਰਜ ਕਰਵਾਉਣ ਵਾਸਤੇ ਕੀਤੀ ਜਾ ਰਹੀ ਹੈ।
ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਲੀਗਲ ਸੈਲ ਦੇ ਮੁਖੀ ਅਰਸ਼ਦੀਪ ਸਿੰਘ ਕਲੇਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਤੇ ਕੇਡਰ ਦੇ ਖਿਲਾਫ ਧਾਰਾ 126/169 ਬੀ ਐਨ ਐਸ ਤਹਿਤ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ ਵਿਚ ਸੱਤਾਧਾਰੀ ਆਪ ਸਥਾਨਕ ਪੁਲਿਸ ਪ੍ਰਸ਼ਾਸਨ ਦੀ ਦੁਰਵਰਤੋਂ ਕਰ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਦੋ ਡੀ ਐਸ ਪੀਜ਼ ਜਗਜੀਤ ਸਿੰਘ ਤੇ ਸੁਖਬੀਰ ਸਿੰਘ ਦੀ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਤਰਨ ਤਾਰਨ ਵਿਚ ਕੀਤੇ ਜਾਣ ਖਿਲਾਫ ਸ਼ਿਕਾਇਤ ਦਿੱਤੀ ਸੀ ਪਰ ਉਹਨਾਂ ਖਿਲਾਫ ਕੋਈ ਕਾਰਵਾਈ ਨਾ ਹੋਣ ਕਾਰਨ ਪੁਲਿਸ ਫੋਰਸ ਦਾ ਮਨੋਬਲ ਵੱਧ ਗਿਆ ਤੇ ਉਹ ਅਕਾਲੀ ਦਲ ਵਰਕਰਾਂ ਖਿਲਾਫ ਝੂਠੀਆਂ ਸ਼ਿਕਾਇਤਾਂ ਦਰਜ ਕਰਨ ਲੱਗ ਪਏ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਖਿਲਾਫ ਝੂਠੀਆਂ ਤੇ ਸਿਆਸੀ ਤੌਰ ’ਤੇ ਪ੍ਰੇਰਿਤ ਐਫ ਆਈ ਆਰ ਦਰਜ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਬਹੁਤੀਆਂ ਐਫ ਆਈ ਆਰਜ਼ ਵਿਚ ਅਕਾਲੀ ਦਲ ਦੇ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਚੋਣ ਪ੍ਰਚਾਰ ਤੋਂ ਦੂਰ ਰਹਿਣ।
ਉਹਨਾਂ ਹੋਰ ਦੱਸਿਆ ਕਿ ਕਿਵੇਂ ਹੁਣ ਪਿੰਡ ਢੋਡੇ ਦੇ ਸਰਪੰਚ ਵਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਉਮੀਦਵਾਰ ਸਰਦਾਰਨੀ ਸੁਖਵਿੰਦਰ ਕੌਰ ਰੰਧਾਵਾ ਦੇ ਪੀ ਏ ਮਨਪ੍ਰੀਤ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪ੍ਰਭਜੀਤ ਸਿੰਘ ਨਾਂ ਦਾ ਅਕਾਲੀ ਵਰਕਰ ਉਸਦੀ ਫਾਰਚੂਨਰ ਕਾਰ ਸਮੇਤ ਲਾਪਤਾ ਹੈ ਜਿਸਨੂੰ ਸੀ ਆਈ ਏ ਸਟਾਫ ਨੇ ਅਗਵਾ ਕਰ ਲਿਆ ਤੇ ਹੁਣ ਤੱਕ ਉਹਨਾਂ ਦਾ ਕੋਈ ਥਹੁ ਪਤਾ ਨਹੀਂ ਹੈ।
ਉਹਨਾਂ ਕਿਹਾ ਕਿ ਜੇਕਰ ਪੁਲਿਸ ਫੋਰਸ ਦੀ ਵਰਤੋਂ ਇਕ ਸਿਆਸੀ ਪਾਰਟੀ ਦੇ ਖਿਲਾਫ ਹਥਿਆਰ ਵਜੋਂ ਕੀਤੀ ਜਾਣੀ ਹੈ ਤਾਂ ਫਿਰ ਆਜ਼ਾਦ ਤੇ ਨਿਰਪੱਖ ਚੋਣਾਂ ਸੰਭਵ ਨਹੀਂ ਹੈ। ਉਹਨਾਂ ਮੰਗ ਕੀਤੀ ਕਿ ਐਸ ਐਸ ਪੀ ਡਾ. ਰਵਜੋਤ ਕੌਰ ਗਰੇਵਾਲ ਅਤੇ ਤਰਨ ਤਾਰਨ ਦੇ ਦੋ ਡੀ ਐਸ ਪੀਜ਼ ਦਾ ਤੁਰੰਤ ਤਬਾਦਲਾ ਕੀਤਾ ਜਾਵੇ ਜਾਂ ਫਿਰ ਚੋਣਾਂ ਨਾਲ ਸਬੰਧਤ ਕੰਮਾਂ ਵਿਚ ਉਹਨਾਂ ਦਾ ਦਖਲ ਰੋਕਿਆ ਜਾਵੇ ਤਾਂ ਜੋ ਚੋਣ ਪ੍ਰਕਿਰਿਆ ਪ੍ਰਭਾਵਤ ਨਾ ਹੋਵੇ।
ਉਹਨਾਂ ਇਹ ਵੀ ਮੰਗ ਕੀਤੀ ਕਿ ਸਾਰੀਆਂ ਪੁਲਿਸ ਤਾਇਨਾਤੀਆਂ ਤੇ ਪਹਿਲਾਂ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਦਰਜ ਐਫ ਆਈ ਆਰਜ਼ ਦੀ ਪੜਤਾਲ ਵਾਸਤੇ ਨਿਰਪੱਖ ਨੋਡਲ ਅਫਸਰ ਨਿਯੁਕਤ ਕੀਤਾ ਜਾਵੇ।