SSF ਨੇ “ਹੌਲੀ ਚੱਲੋ" ਮੁਹਿੰਮ ਨਾਲ ਪੇਂਡੂ ਸੜਕ ਸੁਰੱਖਿਆ ਵਿੱਚ ਲਿਆਂਦੀ ਤੇਜ਼ੀ
ਵਿਸ਼ੇਸ਼ ਡੀਜੀਪੀ ਟ੍ਰੈਫਿਕ ਅਤੇ ਸੜਕ ਸੁਰੱਖਿਆ ਏ.ਐਸ. ਰਾਏ ਨੇ ਭਾਗੋ ਮਾਜਰਾ ਟੋਲ ਪਲਾਜ਼ਾ ਤੋਂ ਟਰੈਕਟਰ-ਟਰਾਲੀਆਂ `ਤੇ ਰਿਫਲੈਕਟਰ-ਸਟਿੱਕਰ ਚਿਪਕਾ ਕੇ ਕੀਤੀ ਮੁਹਿੰਮ ਦੀ ਸ਼ੁਰੂਆਤ
ਚੰਡੀਗੜ੍ਹ/ਐਸ.ਏ.ਐਸ. ਨਗਰ, 17 ਅਕਤੂਬਰ:
ਸੜਕ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ ਇੱਕ ਅਹਿਮ ਪਹਿਲਕਦਮੀ ਤਹਿਤ ਪੰਜਾਬ ਪੁਲਿਸ ਦੇ ਟ੍ਰੈਫਿਕ ਅਤੇ ਸੜਕ ਸੁਰੱਖਿਆ ਵਿੰਗ ਦੀ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ.) ਨੇ ਸ਼ੁੱਕਰਵਾਰ ਨੂੰ ਐਨ.ਐਚ.-5 (ਮੁਹਾਲੀ-ਚੰਡੀਗੜ੍ਹ) ਹਾਈਵੇਅ `ਤੇ ਸਥਿਤ ਭਾਗੋ ਮਾਜਰਾ ਟੋਲ ਪਲਾਜ਼ਾ ਤੋਂ “ਹੌਲੀ ਚੱਲੋ" ਸਟਿੱਕਰ ਮੁਹਿੰਮ ਦੀ ਸ਼ੁਰੂਆਤ ਕੀਤੀ। ਜਿ਼ਕਰਯੋਗ ਹੈ ਕਿ ਇਹ ਮੁਹਿੰਮ ਯਾਰਾ ਇੰਡੀਆ ਦੁਆਰਾ ਸਮਰਥਿਤ ਹੈ ਅਤੇ ਐਸ.ਐਸ.ਐਫ. ਵੱਲੋਂ ਲਾਗੂ ਕੀਤੀ ਜਾ ਰਹੀ ਹੈ।
ਇਸ ਮੁਹਿੰਮ ਦੀ ਸ਼ੁਰੂਆਤ ਕਰਨ ਉਪਰੰਤ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਟ੍ਰੈਫਿਕ ਅਤੇ ਸੜਕ ਸੁਰੱਖਿਆ, ਪੰਜਾਬ, ਏ.ਐਸ. ਰਾਏ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਐਸ.ਐਸ.ਐਫ. ਦੇ 144 ਰੂਟਾਂ ਲਈ ਟਰੈਕਟਰ-ਟਰਾਲੀਆਂ `ਤੇ ਲਗਭਗ 30,000 ਰਿਫਲੈਕਟਰ ਸਟਿੱਕਰ ਚਿਪਕਾਏ ਜਾਣਗੇ, ਜੋ ਕਿ ਪੰਜਾਬ ਦੇ ਲਗਭਗ 4,100 ਕਿਲੋਮੀਟਰ ਮੁੱਖ ਸੜਕੀ ਹਿੱਸਿਆਂ ਨੂੰ ਕਵਰ ਕਰਨਗੇ।
ਉਨ੍ਹਾਂ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਸਾਲ 2017 ਤੋਂ 2022 ਤੱਕ ਪੰਜਾਬ ਵਿੱਚ ਟਰੈਕਟਰ-ਟਰਾਲੀਆਂ ਨਾਲ ਸਬੰਧਤ 2,048 ਸੜਕ ਹਾਦਸੇ ਹੋਏ, ਜਿਸ ਕਾਰਨ 1,569 ਮੌਤਾਂ ਹੋਈਆਂ, ਮਰਨ ਵਾਲਿਆਂ ਵਿੱਚ ਬਹੁ-ਗਿਣਤੀ ਕਿਸਾਨਾਂ ਦੀ ਸੀ। ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ ਰਾਜ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਸਾਰੀਆਂ ਮੌਤਾਂ ਚੋਂ 5-6 ਫੀਸਦ ਮੌਤਾਂ ਉਕਤ ਅੰਤਰਾਲ (2017 ਤੋਂ 2022 ਤੱਕ ) ਦੌਰਾਨ ਹੋਈਆਂ, ਜੋ ਕਿ ਸੁਰੱਖਿਆ ਪਹਿਲਕਦਮੀਆਂ ਦੀ ਲੋੜ ਵੱਲ ਇਸ਼ਾਰਾ ਕਰਦੀਆਂ ਹਨ। ਏ.ਐਸ. ਰਾਏ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ, ਜੋ ਕਿ ਸਾਡੇ ਖੇਤੀ ਅਰਥਚਾਰੇ ਦੀ ਰੀੜ੍ਹ ਹਨ, ਦੀ ਸੜਕਾਂ ਤੇ ਸੁਰੱਖਿਆ ਬਹੁਤ ਜ਼ਰੂਰੀ ਹੈ। ‘ਹੌਲੀ ਚੱਲੋ ਮੁਹਿੰਮ ਸਦਕਾ ਨਾ ਸਿਰਫ਼ ਵਾਹਨਾਂ ਨੂੰ ਦੂਰ ਤੋਂ ਹੀ ਦੇਖਣ ਆਸਾਨੀ ਮਿਲੇਗੀ ਆਉਣਗੇ ਸਗੋਂ ਇਹ ਸੜਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਕੇ ਟਰੈਕਟਰ-ਟਰਾਲੀਆਂ ਦੇ ਹਾਦਸਿਆਂ ਨੂੰ ਵੀ ਘਟਾਏਗੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਾਲ 2024 ਦੌਰਾਨ ਸੜਕ ਹਾਦਸਿਆਂ ਕਾਰਨ ਹੋਈਆਂ ਮੌਤਾਂ ਵਿੱਚ ਕਮੀ ਦੇਖੀ ਗਈ ਹੈ, ਜਿਸ ਵਿੱਚ ਹਾਦਸਿਆਂ ਦੇ 24 ਘੰਟਿਆਂ ਦੇ ਅੰਦਰ ਹੋਣ ਵਾਲੀਆਂ ਮੌਤਾਂ ਵਿੱਚ ਕਾਫ਼ੀ ਕਮੀ ਆਈ ਹੈ। ਇਹ ਸਕਾਰਾਤਮਕ ਤਬਦੀਲੀ ਪੰਜਾਬ ਪੁਲਿਸ ਦੇ ਟ੍ਰੈਫਿਕ ਅਤੇ ਸੜਕ ਸੁਰੱਖਿਆ ਵਿੰਗ ਦੁਆਰਾ ਇਨਫੋਰਸਮੈਂਟ, ਸੜਕ ਇੰਜੀਨੀਅਰਿੰਗ ਅਤੇ ਜਾਗਰੂਕਤਾ ਸਬੰਧੀ ਪਹਿਲਕਦਮੀਆਂ ਦੇ ਸਾਂਝੇ ਯਤਨਾਂ ਕਾਰਨ ਸੰਭਵ ਹੋਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਭਰ ਵਿੱਚ ਸਾਰੀਆਂ ਐਸਐਸਐਫ ਯੂਨਿਟਾਂ ਇੱਕੋ ਸਮੇਂ ਮੁਹਿੰਮ ਸ਼ੁਰੂ ਕਰਨਗੀਆਂ। ਮੌਜੂਦਾ ਸਮੇਂ ਵਿੱਚ ਚੱਲ ਰਹੇ ਵਾਢੀ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਪੁਲਿਸ ਕਿਸਾਨਾਂ ਦੇ ਜੀਵਨ ਦੀ ਰਾਖੀ ਅਤੇ ਸਵੇਰੇ ਅਤੇ ਦੇਰ ਸ਼ਾਮ ਸਮੇਂ ਖੇਤੀਬਾੜੀ ਵਾਹਨਾਂ ਦੀ ਸੁਰੱਖਿਅਤ ਆਵਾਜਾਈ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ।