ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ, ਵੈਕਸੀਨ ਦੇ ਰੱਖ-ਰਖਾਵ ਦੇ ਕੰਮਕਾਜ ਦਾ ਨਿਰੀਖਣ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 13 ਅਕਤੂਬਰ 2025
ਡਾਇਰੈਕਟੋਰੇਟ ਸਿਹਤ ਵਿਭਾਗ, ਪੰਜਾਬ ਦੇ ਸਹਾਇਕ ਡਾਇਰੈਕਟਰ (ਟੀਕਾਕਰਨ) ਡਾ ਮੰਜੂ ਬਾਂਸਲ ਵੱਲੋਂ ਸੋਮਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ ਵਿੱਚ ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੀ ਸੁਪਰਵੀਜ਼ਨ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ, ਕਾਰਜਕਾਰੀ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਚਰਨਜੀਤ ਕੁਮਾਰ, ਮੈਡੀਕਲ ਅਫਸਰ (ਟੀਕਾਕਰਨ) ਡਾ. ਪ੍ਰਭਲੀਨ ਕੌਰ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
ਇਸ ਮੌਕੇ ਸਹਾਇਕ ਡਾਇਰੈਕਟਰ (ਟੀਕਾਕਰਨ) ਡਾ ਮੰਜੂ ਬਾਂਸਲ ਨੇ ਅਰਬਨ ਨਵਾਂਸ਼ਹਿਰ, ਬੰਗਾ ਰੋਡ ਸਲੱਮ ਏਰੀਆ ਸਮੇਤ ਵੱਖ-ਵੱਖ ਹਾਈਰਿਸਕ ਇਲਾਕਿਆਂ ਵਿੱਚ ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਤਹਿਤ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਸਬੰਧੀ ਉਂਗਲਾਂ 'ਤੇ ਸਿਆਹੀ ਦੇ ਨਿਸ਼ਾਨ ਚੈੱਕ ਕੀਤੇ।
ਡਾ. ਬਾਂਸਲ ਨੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ, ਵੈਕਸੀਨ ਦੇ ਰੱਖ-ਰਖਾਵ ਅਤੇ ਰਿਪੋਰਟਿੰਗ ਦੇ ਕੰਮਕਾਜ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਵੈਕਸੀਨ ਵਾਇਲ ਮੋਨੀਟਰ ਰਾਹੀਂ ਪੋਲੀਓ ਵੈਕਸੀਨ ਦੀ ਗੁਣਵੱਤਾ ਨੂੰ ਵੀ ਚੈੱਕ ਕੀਤਾ। ਉਨ੍ਹਾਂ ਪਲਸ ਪੋਲੀਓ ਮੁੁਹਿੰਮ ਵਿਚ ਤਾਇਨਾਤ ਸਿਹਤ ਵਿਭਾਗ ਦੀਆਂ ਪੋਲੀਓ ਵੈਕਸੀਨੇਸ਼ਨ ਟੀਮਾਂ ਦੇ ਕੰਮ 'ਤੇ ਤਸੱਲੀ ਪ੍ਰਗਟ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਸੰਪੂਰਨ ਟੀਕਾਕਰਨ ਨੂੰ ਯਕੀਨੀ ਬਣਾ ਕੇ ਤੇ ਪਲਸ ਪੋਲੀਓ ਮੁੁਹਿੰਮ ਵਰਗੇ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ ਕੇ ਹਰ ਬੱਚੇ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਯਤਨਸ਼ੀਲ ਹੈ।