- By : ਬਾਬੂਸ਼ਾਹੀ ਬਿਊਰੋ
- First Published : Friday, Oct 10, 2025 05:16 PM
-
- LinkedIn
- Whatsapp
- Send Email
- Print
← ਪਿਛੇ ਪਰਤੋ
-
-
Babushahi Special ਲੋਟਣ ਕਬੂਤਰ ਵਾਂਗ ਉਡਾਰੀ ਰਾਹੀਂ ਕੈਦੀ ਤਿਲਕ ਰਾਜ ਨੇ ਲਾਈ ਬਠਿੰਡਾ ਜੇਲ੍ਹ ਦੀ ਸੁਰੱਖਿਆ ਨੂੰ ਸੰਨ੍ਹ
ਅਸ਼ੋਕ ਵਰਮਾ
ਬਠਿੰਡਾ,10ਅਕਤੂਬਰ 2025 :ਬਠਿੰਡਾ ਦੀ ਹਾਈ ਸਕਿਉਰਟੀ ਕੇਂਦਰੀ ਜੇਲ੍ਹ ਚੋਂ ਫਰਾਰ ਹੋਣ ਦੀ ਗੁੱਥੀ ਜੇਲ੍ਹ ਪ੍ਰਸ਼ਾਸ਼ਨ ਤੋਂ ਤਾਂ ਨਹੀ ਸੁਲਝ ਸਕੀ ਪਰ ਬਠਿੰਡਾ ਅਤੇ ਸ੍ਰੀ ਗੰਗਾਨਗਰ ਪੁਲਿਸ ਨੇ ਇਸ ਫਰਾਰੀ ਪਿਛਲੇ ਹਰ ਸਵਾਲ ਦਾ ਜਵਾਬ ਤਲਾਸ਼ ਲਿਆ ਹੈ। ਪੁਲਿਸ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਹਵਾਲਾਤੀ ਇੱਕ ਕੰਧ ’ਚ ਪਾੜ ਲਾਕੇ ਦੂਸਰੀ ਛੱਤ ਤੇ ਪੁੱਜਿਆ ਜਿੱਥੋਂ ਉਹ ਪਾਈਪ ਦੇ ਸਹਾਰੇ ਜੇਲ੍ਹ ਤੋਂ ਬਾਹਰ ਆਇਆ ਸੀ। ਹਾਲਾਂਕਿ ਇਸ ਮਾਮਲੇ ਸਬੰਧੀ ਜੇਲ੍ਹ ਪ੍ਰਸ਼ਾਸ਼ਨ ਕਿਸੇ ਕਿਸਮ ਦੀ ਪ੍ਰਤੀਕਿਰਿਆ ਤੋਂ ਇਨਕਾਰੀ ਜਾਪਦਾ ਹੈ ਪਰ ਇਸ ਤਰਾਂ ਕਿਸੇ ਉੱਚ ਸੁਰੱਖਿਆ ਵਾਲੀ ਜੇਲ੍ਹ ਚੋਂ ਕਿਸੇ ਹਵਾਲਾਤੀ ਦਾ ਫਰਾਰ ਹੋ ਜਾਣਾ ਤਿੰਨ ਪੜਾਵੀ ਸੁਰੱਖਿਆ ਪ੍ਰਬੰਧਾਂ ਨੂੰ ਕਟਹਿਰੇ ’ਚ ਜਰੂਰ ਖੜ੍ਹਾ ਕਰਦਾ ਹੈ। ਇਸ ਮਾਮਲੇ ’ਚ ਜੋ ਹੈਰਾਨੀਜਨਕ ਤੱਥ ਬੇਪਰਦ ਹੋਇਆ ਹੈ ਉਹ ਇਹ ਹੈ ਕਿ ਤਿਲਕ ਰਾਜ ਕਾਫੀ ਦੇਰ ਤੱਕ ਜੇਲ੍ਹ ਦੇ ਨਜ਼ਦੀਕ ਝਾੜੀਆਂ ਵਿੱਚ ਹੀ ਲੁਕਿਆ ਰਿਹਾ ਸੀ।
ਜਦੋਂ ਉਸ ਨੂੰ ਆਪਣੀ ਫਰਾਰੀ ਦੇ ਸਬੰਧ ਵਿੱਚ ਫੌਰੀ ਤੌਰ ਤੇ ਕੋਈ ਕਾਰਵਾਈ ਹੁੰਦੀ ਨਜ਼ਰ ਨਾ ਆਈ ਅਤੇ ਤਸੱਲੀ ਹੋ ਗਈ ਤਾਂ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਇੱਕ ਦੋ ਦਿਨ ਤਿਲਕ ਰਾਜ ਨੇ ਬਠਿੰਡਾ ’ਚ ਹੀ ਲੁਕ ਛਿਪਕੇ ਲੰਘਾਏ ਅਤੇ ਇਸ ਤੋਂ ਬਾਅਦ ਉਹ ਰੇਲ ਗੱਡੀ ਰਾਹੀਂ ਮਲੋਟ ਰਾਹੀਂ ਸ੍ਰੀ ਗੰਗਾਨਗਰ ਚਲਾ ਗਿਆ। ਇਸ ਦੌਰਾਨ 2 ਅਕਤੂਬਰ ਨੂੰ ਸਵੇਰ ਵਕਤ ਜਵਾਹਰ ਨਗਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਬਠਿੰਡਾ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਇੱਥੇ ਲਿਆਈ ਜਿੱਥੋਂ ਹੁਣ ਜੇਲ੍ਹ ਭਿਜਵਾ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਇਸ ਮਾਮਲੇ ’ਚ ਕੇਂਦਰੀ ਜੇਲ੍ਹ ਬਠਿੰਡਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੰਗਾਨਗਰ ਵਿੱਚ ਜਵਾਹਰ ਨਗਰ ਪੁਲਿਸ ਦੇ ਹੈਡ ਕਾਂਸਟੇਬਲ ਹਰਦੇਵ ਸਿੰਘ ਨੇ ਮੁਲਜਮ ਕੈਦੀ ਤਿਲਕ ਰਾਜ ਨੂੰ ਫੜਿਆ ਹੈ।
ਤਿਲਕ ਰਾਜ ਨੇ ਪੁਲਿਸ ਨੂੰ ਪੁੱਛਗਿਛ ਦੌਰਾਨ ਦੱਸਿਆ ਕਿ ਜੇਲ੍ਹ ਦੇ ਐਡਮਿਨ ਬਲਾਕ ਦੇ ਲਾਗਿਓਂ ਪੌੜੀਆਂ ਰਾਹੀਂ ਪਹਿਲਾਂ ਉਹ ਛੱਤ ਤੇ ਚੜ੍ਹਿਆ ਸੀ ਜਿੱਥੋਂ ਉਹ ਕੰਧ ’ਚ ਸੰਨ੍ਹ ਲਾਉਣ ਤੋਂ ਬਾਅਦ ਦੂਸਰੀ ਛੱਤ ਤੇ ਪਹੁੰਚਿਆ ਅਤੇ ਕੰਧ ਦੇ ਨਾਲ ਲੱਗੀ ਪਾਈਪ ਰਾਹੀਂ ਹੇਠਾ ਉੱਤਰਿਆ ਤੇ ਝਾੜੀਆਂ ’ਚ ਲੁਕਿਆ ਸੀ। ਦੇਰ ਸ਼ਾਮ ਤੱਕ ਉੱਥੇ ਲੁਕੇ ਰਹਿਣ ਉਪਰੰਤ ਮੌਕਾ ਮਿਲਦਿਆਂ ਉੱਥੋਂ ਭੱਜ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਹਵਾਲਾਤੀ ਤਿਲਕ ਰਾਜ 26 ਸਤੰਬਰ ਨੂੰ ਦੁਪਹਿਰ ਨੂੰ ਹੀ ਜੇਲ੍ਹ ਦੇ ਅੰਦਰ ਬਣੀ ਆਪਣੀ ਹਵਾਲਾਤ ਚੋਂ ਨਿਕਲਿਆ ਸੀ ਪਰ ਜੇਲ੍ਹ ਪ੍ਰਸ਼ਾਸ਼ਨ ਨੂੰ ਉਸਦੇ ਗਾਇਬ ਹੋਣ ਸਬੰਧੀ ਪਤਾ ਤਕਰੀਬਨ 6 –7 ਘੰਟੇ ਤੋਂ ਬਾਅਦ ਹੀ ਲੱਗ ਸਕਿਆ ਸੀ । ਪਹਿਲਾਂ ਤਾਂ ਤਿਲਕ ਰਾਜ ਦੀ ਤਲਾਸ਼ ਕੀਤੀ ਗਈ ਪਰ ਜਦੋਂ ਉਹ ਨਾਂ ਮਿਲਿਆ ਤਾਂ 28 ਸਤੰਬਰ ਨੂੰ ਉਸ ਦੇ ਫਰਾਰ ਹੋਣ ਬਾਰੇ ਸੂਚਨਾ ਪੁਲਿਸ ਨੂੰ ਦਿੱਤੀ ਸੀ।
ਕਰੜੀ ਸੁਰੱਖਿਆ ਫਿਰ ਵੀ ਸੰਨ੍ਹ ਲੱਗੀ
ਹਵਾਲਾਤੀ ਤਿਲਕ ਰਾਜ ਨੂੰ ਬੇਸ਼ੱਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਉਸਦੀ ਫਰਾਰੀ ਨੇ ਜੇਲ੍ਹ ਪ੍ਰਸ਼ਾਸ਼ਨ ਤੇ ਸਵਾਲ ਚੁੱਕ ਦਿੱਤੇ ਹਨ। ਬਠਿੰਡਾ ਜੇਲ੍ਹ ’ਚ 50 ਤੋਂ ਜਿਆਦਾ ਏ ਸ਼ਰੇਣੀ ਦੇ ਖਤਰਨਾਕ ਗੈਂਗਸਟਰ ਬੰਦ ਹਨ ਜੋ ਚਿੰਤਾ ਵਾਲੀ ਗੱਲ ਹੈ। ਇਸ ਕਰਕੇ ਸਰਕਾਰ ਵੱਲੋਂ ਬਣਾਈ ਇਸ ਬਠਿੰਡਾ ਜੇਲ੍ਹ ’ਚ ਤਿੰਨ ਪਰਤੀ ਸਰੱਖਿਆ ਹੈ ਜਿਸ ਦੀਆਂ ਕੰਧਾਂ ਤੇ ਕੰਡਿਆਲੀ ਤਾਰ ਲੱਗੀ ਹੋਈ ਹੈ ਅਤੇ ਨਿਗਰਾਨੀ ਲਈ ਕਈ ਥਾਵਾਂ ਤੇ ਟਾਵਰ ਬਣੇ ਹੋਏ ਹਨ। ਸਰਕਾਰ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਆਈਜੀ ਦੀ ਅਗਵਾਈ ਹੇਠ ਐਸਆਈਟੀ ਬਣਾਈ ਹੈ। ਇਸ ਸਬੰਧ ਵਿੱਚ ਜੇਲ੍ਹ ਵਿਭਾਗ ਦਾ ਪੱਖ ਜਾਨਣ ਲਈ ਸੰਪਰਕ ਕਰਨ ਤੇ ਏਡੀਜੀਪੀ (ਜੇਲ੍ਹਾਂ) ਅਰੁਣ ਪਾਲ ਸਿੰਘ ਨੇ ਫੋਨ ਨਹੀਂ ਚੁੱਕਿਆ।
ਨਸ਼ੇ ਨੇ ਜੁਰਮਾਂ ’ਚ ਧੱਕਿਆ
ਪਤਾ ਲੱਗਿਆ ਹੈ ਕਿ ਮੁਲਜਮ ਤਿਲਕ ਰਾਜ ਨੇ ਪੁੱਛਗਿਛ ਦੌਰਾਨ ਪੁਲਿਸ ਨੂੰ ਦੱਸਿਆ ਹੈ ਕਿ ਉਹ ਨਸ਼ਾ ਕਰਨ ਦਾ ਆਦੀ ਹੈ ਜਿਸ ਕਾਰਨ ਹੀ ਉਹ ਚੋਰੀਆਂ ਚਕਾਰੀਆਂ ਅਤੇ ਲੁੱਟਾਂ ਖੋਹਾਂ ਕਰਨ ਲੱਗਾ ਸੀ। ਉਸ ਨੇ ਮੰਨਿਆ ਕਿ ਉਹ ਰੋਜਾਨਾ 5 ਹਜ਼ਾਰ ਰੁਪਏ ਦਾ ਚਿੱਟਾ ਲੈਂਦਾ ਹੈ। ਜਦੋਂ ਉਹ ਸ੍ਰੀ ਗੰਗਾਨਗਰ ਵਿੱਚ ਚੋਰੀ ਕਰਦਾ ਤਾਂ ਮਲੋਟ ਜਾਂ ਬਠਿੰਡੇ ਲੁਕ ਜਾਂਦਾ ਸੀ ਅਤੇ ਬਠਿੰਡਾ ’ਚ ਵਾਰਦਾਤ ਕਰਨ ਮਗਰੋਂ ਉਹ ਸ੍ਰੀ ਗੰਗਾਨਗਰ ਜਾਂ ਮਲੋਟ ’ਚ ਲੁਕਦਾ ਰਿਹਾ ਹੈ। ਤਿਲਕ ਰਾਜ ਪਹਿਲਾਂ ਸ਼ੀ ਗੰਗਾਨਗਰ ਵਿੱਚ ਰਹਿੰਦਾ ਸੀ ਅਤੇ ਦੋ ਤਿੰਨ ਸਾਲਾਂ ਤੋਂ ਉਹ ਬਠਿੰਡਾ ਵਿਖੇ ਰਹਿ ਰਿਹਾ ਸੀ।
ਸ਼ੀਸ਼ੇ ਕੱਟਕੇ ਲੁੱਟਦਾ ਸੀ ਟਰੱਕ
ਪੁਲਿਸ ਅਨੁਸਾਰ ਤਿਲਕ ਰਾਜ ਐਨਾ ਜਿਆਦਾ ਸ਼ਾਤਰ ਹੈ ਕਿ ਉਸ ਨੇ ਹਾਈਵੇਅ ਤੇ 30 ਤੋਂ ਜਿਆਦਾ ਟਰੱਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਸੀ। ਆਪਣੇ ਨਾਲ ਉਹ ਸਪਰੇਅ ਅਤੇ ਕੱਟਰ ਰੱਖਦਾ ਸੀ ਜਿਸ ਨਾਲ ਸੜਕ ਤੇ ਖਲੋਤੇ ਟਰੱਕਾਂ ਦੇ ਸ਼ੀਸ਼ੇ ਕੱਟ ਲੈਂਦਾ ਸੀ। ਡਰਾਈਵਰ ਦੀਆਂ ਅੱਖਾਂ ਤੇ ਸਪਰੇਅ ਕਰਨ ਮਗਰੋਂ ਸਮਾਨ ਲੁੱਟਕੇ ਭੱਜ ਜਾਂਦਾ ਸੀ। ਤਿਲਕ ਰਾਜ ਨੂੰ ਕੁੱਝ ਸਮਾਂ ਪਹਿਲਾਂ ਸ੍ਰੀ ਗੰਗਾਨਗਰ ਪੁਲਿਸ ਨੇ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਸੀ। ਜਮਾਨਤ ਤੇ ਆਉਣ ਪਿੱਛੋਂ ਉਸ ਨੇ ਬਠਿੰਡਾ ’ਚ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਅਤੇ ਪਿੱਛੇ ਜਿਹੇ ਚੋਰੀ ਦੇ ਇੱਕ ਮਾਮਲੇ ’ਚ ਹੀ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ।
-
- LinkedIn
- Whatsapp
- Send Email
- Print
← ਪਿਛੇ ਪਰਤੋ
No of visitors Babushahi.com
© Copyright All Rights Reserved to Babushahi.com