ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਹੜ੍ਹ ਪੀੜਤਾਂ ਲਈ ਰਵਾਨਾ ਕੀਤੀ ਰਾਹਤ ਸਮੱਗਰੀ
ਅਸ਼ੋਕ ਵਰਮਾ
ਬਠਿੰਡਾ,3 ਅਕਤੂਬਰ 2025: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਬਣਾਏ ਚਾਰ ਜੋਨਾਂ ਤਹਿਤ ਅੱਜ ਚੌਥੇ ਜੋਨ ਜ਼ਿਲ੍ਹਾ ਫਾਜ਼ਿਲਕਾ ਦੇ ਹੜ੍ਹ ਪੀੜਤਾਂ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਵੱਲੋਂ 100 ਗੱਟਾ ਪਸ਼ੂ ਖੁਰਾਕ, 125 ਗੱਟਾ ਕਣਕ ਅਤੇ ਲਗਭਗ 125 ਤੂੜੀ ਦੀਆਂ ਟਰਾਲੀਆਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਸਾਰੇ ਪ੍ਰੋਗਰਾਮ ਰੱਦ ਕਰਕੇ ਹੜ ਪੀੜਤਾਂ ਲਈ ਸਹਾਇਤਾ ਲਈ ਲਗਾਤਾਰ ਯਤਨ ਜਾਰੀ ਹਨ ਕਿਉਂਕਿ ਸਰਕਾਰ ਦੀਆਂ ਨਕਾਮੀਆਂ ਕਾਰਨ ਆਏ ਹੜਾਂ ਨੇ ਉਥੋਂ ਦੇ ਲੋਕਾਂ ਦਾ ਘਰਾਂ ਵਿੱਚ ਪਿਆ ਸਮਾਨ ਰਾਸ਼ਨ, ਕੱਪੜੇ,ਤੂੜੀ ਆਦਿ ਸਭ ਕੁਝ ਤਬਾਹ ਕਰ ਦਿੱਤਾ ਹੈ ।
ਉਨ੍ਹਾਂ ਦੱਸਿਆ ਕਿ 54 ਦੇ ਲਗਭਗ ਮਨੁੱਖੀ ਜਾਨਾਂ ਚਲੀਆਂ ਗਈਆਂ, ਹਜ਼ਾਰਾਂ ਦੀ ਗਿਣਤੀ ਵਿੱਚ ਦਧਾਰੂ ਅਤੇ ਹੋਰ ਪਾਲਤੂ ਪਸ਼ੂ ਹੜਾਂ ਵਿੱਚ ਰੁੜ੍ਹ ਗਏ। ਅਜਿਹੀਆਂ ਹਾਲਤਾਂ ਵਿੱਚ ਜਥੇਬੰਦੀ ਵੱਲੋਂ ਪਹਿਲਾਂ ਅਤੀ ਗਰੀਬ ਲੋਕਾਂ ਨੂੰ ਖਾਣ ਲਈ ਕਣਕ ਘਰ ਘਰ ਪਹੁੰਚਾਈ ਗਈ । ਅੱਜ ਪਸ਼ੂਆਂ ਲਈ ਫੀਡ ਅਤੇ ਤੂੜੀ ਭੇਜੀ ਗਈ ਹੈ ।ਉਹਨਾਂ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਲੋਕਾਂ ਲਈ ਹਾੜੂ ਸਿਆਲੂ ਬਿਸਤਰੇ ਅਤੇ ਪਹਿਨਣ ਵਾਲੇ ਨਵੇਂ ਸੂਟ, ਖੇਸ, ਕੰਬਲ ਭੇਜੇ ਜਾਣਗੇ। ਉਸ ਤੋਂ ਬਾਅਦ ਜਮੀਨ ਪੱਧਰ ਕਰਨ ਲਈ ਟਰੈਕਟਰ ਭੇਜੇ ਜਾਣਗੇ ਅਤੇ ਜਿੱਥੋਂ ਤੱਕ ਸੰਭਵ ਹੋਇਆ ਕਣਕ ਦਾ ਬੀਜ ਅਤੇ ਬਿਜਾਈ ਲਈ ਟਰੈਕਟਰ ਵੀ ਭੇਜੇ ਜਾਣਗੇ। ਕਿਸਾਨ ਆਗੂਆਂ ਨੇ ਸਮੂਹ ਲੋਕਾਂ ਅਤੇ ਵਿਦੇਸ਼ਾਂ ਚ ਗਏ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਟਰੈਕਟਰਾਂ ਵਿੱਚ ਡੀਜ਼ਲ ਪਾਉਣ ਲਈ ਮਦਦ ਕਰਨ।
ਉਹਨਾਂ ਕਿਹਾ ਕਿ ਕੇਂਦਰ ਤੇ ਸਰਕਾਰ ਪੰਜਾਬ ਸਰਕਾਰ ਤੋਂ ਮੰਗਾਂ ਲਈ ਸੰਘਰਸ਼ ਕਰਕੇ ਮੰਗ ਕੀਤੀ ਜਾਵੇਗੀ ਕਿ ਹੜਾਂ ਦੀ ਇਸ ਮਹਾਂਮਾਰੀ ਨੂੰ ਕੌਮੀ ਆਫਤ ਮੰਨ ਕੇ ਪੀੜਤ ਲੋਕਾਂ ਦੇ ਹੋਏ ਨੁਕਸਾਨ ਅਤੇ ਮਜ਼ਦੂਰਾਂ ਦੇ ਰੁਜਗਾਰ ਉਜਾੜੇ ਦੀ ਪੂਰੀ ਭਰਪਾਈ ਕੀਤੀ ਜਾਵੇ।ਉਹਨਾਂ ਮਜਬੂਰੀ ਬਸ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਜੇਲਾਂ ਚ ਡੱਕਣ ਦੇ ਹਾਈ ਕੋਰਟ ਦੇ ਫੈਸਲੇ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਪਾਸੜ ਲਾਗੂ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਅਦਾਲਤ ਵੱਲੋਂ ਛੋਟੇ ਕਿਸਾਨਾਂ ਨੂੰ ਮੁਫਤ ਜਾਂ ਥੋੜੇ ਰੁਪਇਆ ਵਿੱਚ ਪਰਾਲੀ ਦੀ ਸੰਭਾਲ ਲਈ ਮਸ਼ੀਨਰੀ ਦਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਦੀ ਵੀ ਪਾਲਣਾ ਕੀਤੀ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਤੋਂ ਹੜ੍ਹਾਂ ਦੇ ਹੋਏ ਨੁਕਸਾਨ ਦੀ ਪੂਰੀ ਭਰਪਾਈ ਕਰਾਉਣ ਅਤੇ ਪਰਾਲੀ ਦੇ ਮਸਲਾ ਹੱਲ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 8 ਅਕਤੂਬਰ ਨੂੰ ਜ਼ਿਲ੍ਹਾ ਹੈਡ ਕੁਆਟਰਾਂ ਤੇ ਧਰਨਾ ਦੇ ਕੇ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਹੋਇਆ ਹੈ ।ਉਹਨਾਂ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਅੱਠ ਅਕਤੂਬਰ ਦੇ ਧਰਨਿਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ।
- Download Babushahi App
-
-