ਪੰਜਾਬ ਨੇ ਭਾਰਤ ਨੈੱਟ ਸਕੀਮ ਲਾਗੂ ਕਰਨ ਦੇ ਮਾਮਲੇ ‘ਚ ਪਹਿਲਾ ਸੂਬਾ ਹੋਣ ਦਾ ਮਾਣ ਕੀਤਾ ਹਾਸਲ
ਇਸ ਪਹਿਲਕਦਮੀ ਨਾਲ ਪੇਂਡੂ ਖੇਤਰਾਂ ਵਿੱਚ ਬ੍ਰਾਡਬੈਂਡ ਕ੍ਰਾਂਤੀ ਆਵੇਗੀ: ਕੇ.ਏ.ਪੀ. ਸਿਨਹਾ
ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਬੀ.ਐਸ.ਐਨ.ਐਲ. ਦੇ ਸੀਜੀਐਮ ਤੋਂ ਹਾਸਲ ਕੀਤਾ ਪੁਰਸਕਾਰ
ਚੰਡੀਗੜ੍ਹ, 10 ਨਵੰਬਰ:
ਸੰਚਾਰ ਤਕਨਾਲੋਜੀ ਦੀ ਵਰਤੋਂ ਨੂੰ ਵਧੇਰੇ ਕੁਸ਼ਲ ਬਣਾਉਣ ਦੇ ਮਾਮਲੇ ਵਿੱਚ ਇੱਕ ਹੋਰ ਸਫ਼ਲਤਾ ਦਰਜ ਕਰਦਿਆਂ ਪੰਜਾਬ ਨੇ ਸੂਬੇ ਭਰ ਵਿੱਚ ਸੋਧੀ ਹੋਈ ਭਾਰਤ ਨੈੱਟ ਯੋਜਨਾ ਨੂੰ ਲਾਗੂ ਕਰਨ ਦੇ ਮਾਮਲੇ ਵਿੱਚ ਦੇਸ਼ ਦਾ ਪਹਿਲਾ ਸੂਬਾ ਬਣਨ ਦਾ ਮਾਣ ਹਾਸਲ ਕੀਤਾ ਹੈ। ਇਹ ਪੁਰਸਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਤਕਨਾਲੋਜੀ ਦੇ ਖੇਤਰ ਵਿੱਚ ਪੁੱਟੀਆਂ ਗਈਆਂ ਤਰੱਕੀ ਦੀਆਂ ਲੰਮੀਆਂ ਪੁਲਾਘਾਂ ਨੂੰ ਦਰਸਾਉਂਦਾ ਹੈ।
ਪੰਜਾਬ ਦੇ ਮੁੱਖ ਸਕੱਤਰ ਕੇਏਪੀ ਸਿਨਹਾ ਨੇ ਅੱਜ ਚੰਡੀਗੜ੍ਹ ਵਿਖੇ ਬੀਐਸਐਨਐਲ, ਪੰਜਾਬ ਸਰਕਲ ਦੇ ਸੀਜੀਐਮ ਅਜੈ ਕੁਮਾਰ ਕਰਾਰ੍ਹਾ ਤੋਂ ਇਹ ਪੁਰਸਕਾਰ ਹਾਸਲ ਕੀਤਾ।
ਇਸ ਪੁਰਸਕਾਰ ਨੂੰ ਤਕਨੀਕੀ ਖੇਤਰ ਵਿੱਚ ਪੰਜਾਬ ਦੇ ਲਗਾਤਾਰ ਵਧ ਰਹੇ ਅਧਾਰ ਦਾ ਪ੍ਰਮਾਣ ਦੱਸਦਿਆਂ ਮੁੱਖ ਸਕੱਤਰ ਕੇਏਪੀ ਸਿਨਹਾ ਨੇ ਕਿਹਾ ਕਿ ਸੂਬੇ ਦੇ 43 ਖੇਤਰਾਂ (ਸਿਰਫ਼ ਇੱਕ ਪਿੰਡ ਬਾਕੀ) ਵਿੱਚ ਇੰਟਰਨੈੱਟ ਅਤੇ ਬ੍ਰਾਡਬੈਂਡ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਨਵੰਬਰ ਮਹੀਨੇ ਦੇ ਅਖ਼ੀਰ ਤੱਕ ਹਰੇਕ ਪਿੰਡ ਨੂੰ ਇਸ ਯੋਜਨਾ ਦੇ ਦਾਇਰੇ ਵਿੱਚ ਸ਼ਾਮਲ ਕਰ ਲਿਆ ਜਾਵੇਗਾ।
ਇਹ ਆਖਦਿਆਂ ਕਿ ਇਸ ਨਵੀਂ ਪਹਿਲਕਦਮੀ ਨਾਲ ਪੇਂਡੂ ਖੇਤਰਾਂ ਵਿੱਚ ਬ੍ਰਾਡਬੈਂਡ ਕ੍ਰਾਂਤੀ ਆਵੇਗੀ ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਬਿਹਤਰ ਸਾਸ਼ਨ ਦੇ ਰੋਡਮੈਪ ਨੂੰ ਹੁਲਾਰਾ ਦੇਣ ਵੱਲ ਇਹ ਇੱਕ ਵੱਡਾ ਕਦਮ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਵੱਡੇ ਪੱਧਰ ‘ਤੇ ਪਿੰਡ, ਇਸ ਵਿਸ਼ਾਲ ਡਿਜੀਟਲ ਪਰਿਵਾਰ ਦਾ ਹਿੱਸਾ ਬਣ ਜਾਣਗੇ, ਜਿਸ ਨਾਲ ਵੱਖ-ਵੱਖ ਸਰਕਾਰੀ ਸੇਵਾਵਾਂ ਤੱਕ ਉਨ੍ਹਾਂ ਦੀ ਪਹੁੰਚ ਆਸਾਨ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਭਾਰਤ ਨੈੱਟ ਯੋਜਨਾ ਦਾ ਉਦੇਸ਼ ਘਰਾਂ ਅਤੇ ਸੰਸਥਾਵਾਂ ਤੋਂ ਇਲਾਵਾ ਦੇਸ਼ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ਨੂੰ ਬ੍ਰਾਡਬੈਂਡ ਕੁਨੈਕਟੀਵਿਟੀ ਪ੍ਰਦਾਨ ਕਰਨਾ ਹੈ। ਇਸ ਨੈੱਟਵਰਕ ਜ਼ਰੀਏ ਪੇਂਡੂ ਖੇਤਰਾਂ ਵਿੱਚ ਈ-ਸਿਹਤ ਅਤੇ ਈ-ਗਵਰਨੈਂਸ ਸੇਵਾਵਾਂ ਪ੍ਰਦਾਨ ਕਰਨ ਦਾ ਵਿਚਾਰ ਵੀ ਕੀਤਾ ਜਾ ਰਿਹਾ ਹੈ।
ਬੀ.ਐਸ.ਐਨ.ਐਲ. ਦੇ ਸੀਜੀਐਮ ਨੇ ਮੁੱਖ ਸਕੱਤਰ, ਪੰਜਾਬ ਨੂੰ ਦੱਸਿਆ ਕਿ ਸੋਧੇ ਹੋਏ ਭਾਰਤ ਨੈੱਟ ਪ੍ਰੋਜੈਕਟ, ਬੀਐਸਐਨਐਲ ਤਹਿਤ ਪੰਜਾਬ ਭਾਰਤ ਦਾ ਪਹਿਲਾ ਰਾਜ ਹੈ ਜਿੱਥੇ ਐਸ-ਐਨਓਸੀ ਕਾਰਜਸ਼ੀਲ ਹੈ, ਜਿਸਦੀ ਦੇਸ਼ ਦੇ ਕਿਸੇ ਵੀ ਸਥਾਨ ਤੋਂ ਲਾਈਵ ਨਿਗਰਾਨੀ ਕੀਤੀ ਜਾ ਸਕਦੀ ਹੈ। ਪੰਜਾਬ ਰਾਜ ਨੇ ਸੋਧੇ ਹੋਏ ਭਾਰਤ ਨੈੱਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਇਹ ਪ੍ਰੋਜੈਕਟ ਵੱਖ-ਵੱਖ ਰਾਜ ਸਰਕਾਰਾਂ ਦੇ ਸਰਗਰਮ ਸਹਿਯੋਗਅਤੇ ਤਾਲਮੇਲ ਨਾਲ ਅੰਮ੍ਰਿਤਸਰ ਦੇ ਹਰਸ਼ਾ ਛੀਨਾ ਬਲਾਕ ਤੋਂ ਸ਼ੁਰੂ ਕੀਤਾ ਗਿਆ ਸੀ।
ਏਜੰਸੀਆਂ ਅਤੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਦੇ ਸਹਿਯੋਗ ਨਾਲ ਮੌਜੂਦਾ ਸਮੇਂ ਪੰਜਾਬ ਦੇ 22 ਬਲਾਕਾਂ ਵਿੱਚ 1000 ਕਿਲੋਮੀਟਰ ਐਚਡੀਡੀ ਅਤੇ ਲਗਭਗ 400 ਕਿਲੋਮੀਟਰ ਓਐਫਸੀ ਪਾਈਆਂ ਗਈਆਂ ਹਨ। ਇਹ ਸਭ ਜੂਨ 2025 ਵਿੱਚ ਮੁੱਖ ਸਕੱਤਰ, ਪੰਜਾਬ ਅਤੇ ਸਕੱਤਰ ਦੂਰਸੰਚਾਰ, ਭਾਰਤ ਸਰਕਾਰ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ ਤਾਲਮੇਲ ਮੀਟਿੰਗ ਰਾਹੀਂ ਹੀ ਸੰਭਵ ਹੋ ਸਕਿਆ ਹੈ।
ਮੁੱਖ ਸਕੱਤਰ ਨੂੰ ਰਾਜ ਆਫ਼ਤ ਪ੍ਰਬੰਧਨ ਪ੍ਰੋਗਰਾਮ ਤਹਿਤ ਵੱਖ-ਵੱਖ ਰਾਜ ਸਰਕਾਰ ਦੇ ਪ੍ਰੋਜੈਕਟਾਂ ਲਈ ਨਾਮਜ਼ਦਗੀ ਦੇ ਆਧਾਰ 'ਤੇ ਬੀਐਸਐਨਐਲ ਬਾਰੇ ਵਿਚਾਰ ਕਰਨ ਦੀ ਬੇਨਤੀ ਵੀ ਕੀਤੀ ਗਈ ਸੀ।
ਬੀ.ਐਸ.ਐਨ.ਐਲ. ਦੇ ਸੀਜੀਐਮ ਨੇ ਮੁੱਖ ਸਕੱਤਰ ਨੂੰ ਇਹ ਵੀ ਦੱਸਿਆ ਕਿ ਬੀਐਸਐਨਐਲ ਵੱਲੋਂ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਸਥਿਤ ਸਭ ਤੋਂ ਦੂਰ-ਦੁਰਾਡੇ ਦੇ ਸਰਹੱਦੀ ਪਿੰਡਾਂ ਵਿੱਚੋਂ ਇੱਕ, ਪਿੰਡ ਰਾਮਕਲਵਾਂ ਨੂੰ ਬੀਐਸਐਨਐਲ ਦੀ ਵਿਦਿਆ ਮਿੱਤਰਮ ਸਕੀਮ ਅਧੀਨ ਵਾਈ-ਫਾਈ ਕੁਨੈਕਟੀਵਿਟੀ ਪ੍ਰਦਾਨ ਕੀਤੀ ਗਈ ਹੈ। ਪਿੰਡ ਦੇ ਸਰਪੰਚ ਨੇ ਪਿੰਡ ਨੂੰ ਵਾਈ-ਫਾਈ ਨਾਲ ਜੋੜਨ ਲਈ ਬੀਐਸਐਨਐਲ ਨਾਲ ਸੰਪਰਕ ਕੀਤਾ। ਸੀ.ਜੀ.ਐਮ.ਟੀ. ਨੇ ਮੁੱਖ ਸਕੱਤਰ, ਪੰਜਾਬ ਨੂੰ ਬੇਨਤੀ ਕੀਤੀ ਕਿ ਉਹ ਪੰਜਾਬ ਭਰ ਦੀਆਂ ਪੰਚਾਇਤਾਂ ਨੂੰ ਇਹ ਸਹੂਲਤ ਲੈਣ ਲਈ ਉਤਸ਼ਾਹਿਤ ਕਰਨ।