ਸ਼ਹੀਦ ਕਿਰਨਜੀਤ ਕੌਰ ਯਾਦਗਾਰੀ ਸਮਾਗਮ:ਔਰਤਾਂ ਖ਼ਿਲਾਫ ਜਬਰ, ਜਾਬਰ ਢਾਂਚੇ ਦੀ ਪੈਦਾਵਾਰ- ਕਵਿਤਾ ਕ੍ਰਿਸ਼ਨਨ
- ਅਪ੍ਰੇਸ਼ਨ 'ਕਗਾਰ' ਰਾਹੀਂ ਮਾਓਵਾਦੀਆਂ -ਆਦਿਵਾਸੀਆਂ ਦੇ ਕਤਲੇਆਮ ਵਿਰੁੱਧ ਉੱਠ ਖੜੇ ਹੋਵੋ-ਅਮਨਦੀਪ ਕੌਰ
ਅਸ਼ੋਕ ਵਰਮਾ
ਮਹਿਲਕਲਾਂ ,12 ਅਗਸਤ 2025: ਗ਼ਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦ ਕਿਰਨਜੀਤ ਕੌਰ ਦੀ ਯਾਦ 'ਚ 28ਵਾਂ ਯਾਦਗਾਰੀ ਸਮਾਗਮ ਦਾਣਾ ਮੰਡੀ ਮਹਿਲਕਲਾਂ ਵਿੱਚ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਹਜ਼ਾਰਾਂ ਦੀ ਤਾਦਾਦ ਵਿੱਚ ਜੁਝਾਰੂ ਮਰਦ-ਔਰਤਾਂ, ਨੌਜਵਾਨਾਂ ਦੇ ਕਾਫ਼ਲੇ ਪੂਰੇ ਜੋਸ਼-ਓ-ਖਰੋਸ਼ ਨਾਲ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਲਖਵਿੰਦਰ ਠੀਕਰੀਵਾਲ ਦੇ ਸ਼ਰਧਾਂਜਲੀ ਗੀਤ 'ਚੜ੍ਹਨ ਵਾਲਿਓ ਹੱਕਾਂ ਦੀ ਭੇਂਟ ਉੱਤੇ...' ਨਾਲ ਹੋਈ। ਮੁੱਖ ਬੁਲਾਰੇ ਵਜੋਂ ਯਾਦਗਾਰੀ ਸਮਾਗਮ ਵਿੱਚ ਸ਼ਾਮਿਲ ਹੋਈ ਔਰਤ ਹੱਕਾਂ ਸਮੇਤ ਸਮਾਜਿਕ ਸਰੋਕਾਰਾਂ ਉੱਪਰ ਖੋਜ ਭਰਪੂਰ ਕੰਮ ਕਰਨ ਵਾਲੀ ਲੇਖਿਕਾ, ਚਿੰਤਕ ਕਵਿਤਾ ਕ੍ਰਿਸ਼ਨਨ ਨੇ ਕਿਹਾ ਕਿ ਮੋਦੀ ਹਕੂਮਤ ਨੇ ਜਾਬਰ ਫ਼ਿਰਕੂ ਫਾਸ਼ੀ ਹੱਲੇ ਤਹਿਤ ਔਰਤਾਂ ਸਮੇਤ ਹਰ ਤਬਕੇ ਨੂੰ ਆਪਣੀ ਮਾਰ ਹੇਠ ਲਿਆਂਦਾ ਹੋਇਆ ਹੈ। ਸਮਾਜਿਕ ਕਾਰਕੁਨ, ਬੁੱਧੀਜੀਵੀ, ਪੱਤਰਕਾਰ, ਵਕੀਲ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਦੀ ਮਾਰ ਹੇਠ ਆਏ ਸਾਲਾਂ ਬੱਧੇ ਸਮੇਂ ਜੇਲ੍ਹਾਂ ਪਿੱਛੇ ਕੈਦ ਹਨ।
ਅਨੇਕਾਂ ਮੋੜਾਂ ਘੋੜਾਂ ਅਤੇ ਹਕੂਮਤੀ ਜਬਰ ਦੇ ਬਾਵਜੂਦ ਵੀ ਇੱਕ ਨਾਬਾਲਗ ਬੱਚੀ ਦੇ ਸਮੂਹਿਕ ਜਬਰ ਜਿਨਾਹ ਅਤੇ ਕਤਲ ਤੋਂ ਸ਼ੁਰੂ ਹੋਈ ਲੋਕ ਹੱਕਾਂ ਦੇ ਸਾਂਝੇ ਸੰਘਰਸ਼ ਦੇ ਮੈਦਾਨ ਵਿੱਚ 28 ਸਾਲ ਤੋਂ ਕੁੱਦੀਆਂ ਔਰਤਾਂ ਸੰਗਰਾਮੀ ਮੁਬਾਰਕ ਦੀਆਂ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸਰਗਰਮ ਸ਼ਮੂਲੀਅਤ ਤੋਂ ਬਿਨ੍ਹਾਂ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣ, ਦੋਸ਼ੀ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਇਨ੍ਹਾਂ ਦੀ ਪਿੱਠ ਤੇ ਖੜੇ ਸਿਆਸਤਦਾਨਾਂ ਨੂੰ ਲੋਕ ਸੱਥਾਂ ਵਿੱਚ ਬੇਪਰਦ ਕਰਨ, ਮਹਿਲਕਲਾਂ ਐਕਸ਼ਨ ਕਮੇਟੀ ਦੇ ਇੱਕ ਅਹਿਮ ਆਗੂ ਦੀ ਸਜ਼ਾ ਰੱਦ ਕਰਾਉਣਾ ਸੰਭਵ ਹੀ ਨਹੀਂ ਸੀ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਯਾਦਗਾਰ ਕਮੇਟੀ ਮਹਿਲਕਲਾਂ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਨੇ 28 ਸਾਲ ਤੋਂ ਮਹਿਲਕਲਾਂ-ਬਰਨਾਲਾ ਸਮੇਤ ਸਮੁੱਚੇ ਪੰਜਾਬ ਦੀ ਧਰਤੀ ਦੇ ਜੁਝਾਰੂ ਵਾਰਸਾਂ ਵੱਲੋਂ ਐਕਸ਼ਨ ਕਮੇਟੀ ਹੁਣ ਯਾਦਗਾਰ ਕਮੇਟੀ ਦੀ ਢਾਲ ਤੇ ਤਲਵਾਰ ਬਣਨ ਲਈ ਜੈ-ਜੈ ਕਾਰ ਆਖਦਿਆਂ ਇਨਕਲਾਬੀ ਸਲਾਮ ਭੇਂਟ ਕੀਤੀ।
ਉਨ੍ਹਾਂ ਕਿਹਾ ਕਿ ਇਸ ' ਮਹਿਲਕਲਾਂ ਲੋਕ ਘੋਲ -ਜਬਰ ਜ਼ੁਲਮ ਖ਼ਿਲਾਫ਼ ਲੋਕ ਟਾਕਰੇ ਦਾ ਐਲਾਨਨਾਮਾ'' ਦੇ ਵਿਗਿਆਨ ਨੇ ਇਤਿਹਾਸਕ ਜਿੱਤਾਂ ਜਿੱਤਣ ਰਾਹੀਂ ਨਵੀਂ ਮਿਸਾਲ ਕਾਇਮ ਕੀਤੀ ਹੈ। ਪੰਜਾਬ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥੀ ਆਗੂ, ਜਮਹੂਰੀ ਹੱਕਾਂ ਦੀ ਕਾਰਕੁਨ ਐਡਵੋਕੇਟ ਅਮਨਦੀਪ ਕੌਰ ਨੇ ਕਿਹਾ ਕਿ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਦੀ ਮਾਰ ਹੇਠ ਸਭ ਤੋਂ ਦਲਿਤ ਮਜ਼ਦੂਰ ਅਤੇ ਘੱਟ ਗਿਣਤੀ ਔਰਤਾਂ ਨੂੰ ਸਹਿਣੀ ਪੈ ਰਹੀ ਹੈ। ਔਰਤਾਂ ਉੱਤੇ ਜ਼ਬਰ ਦਾ ਜਿੰਮੇਵਾਰ ਲੁਟੇਰਾ ਅਤੇ ਜ਼ਾਬਰ ਰਾਜ ਪ੍ਰਬੰਧ ਹੈ। ਇਸ ਪ੍ਰਬੰਧ ਅਧੀਨ ਔਰਤਾਂ ਦੀ ਮੁਕਤੀ ਸੰਭਵ ਵੀ ਨਹੀਂ ਹੈ। ਇਸ ਲਈ ਔਰਤਾਂ ਨੂੰ ਚੇਤੰਨ ਅਗਵਾਈ ਅਧੀਨ ਨਵਾਂ ਸਮਾਜ ਸਿਰਜਣ ਲਈ ਅੱਗੇ ਆਉਣਾ ਹੋਵੇਗਾ।
ਇਨਕਲਾਬੀ ਕੇਂਦਰ,ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਗੁੰਡਾ-ਪੁਲਿਸ-ਸਿਆਸੀ-ਅਦਾਲਤੀ ਗੱਠਜੋੜ ਖਿਲਾਫ਼ ਵੱਡੀ ਲੜਾਈ ਜਿੱਤ ਲਈ ਹੈ। ਪਰ ਇਹ ਅੰਤਿਮ ਜਿੱਤ ਨਹੀਂ ਹੈ। ਕਿਉੰਕਿ ਜਿੱਥੇ ਅੱਜ ਸੰਸਾਰ ਪੱਧਰ ਤੇ ਗੈਰ ਬਰਾਰਤਾ ਸ਼ਿਖਰਾਂ ਛੋਹ ਰਹੀ ਹੈ,1% ਅਮੀਰ ਲੋਕ 95% ਗਰੀਬ ਲੋਕਾਂ ਤੋਂ ਵੱਧ ਧੰਨ ਦੌਲਤ ਤੇ ਕਾਬਜ਼ ਹਨ। ਤੇ ਮੁਨਾਫ਼ੇ ਦੀ ਅੰਨ੍ਹੀ ਦੌੜ ਵਿੱਚੋਂ ਜੰਗਾਂ ਲਾ ਰਹੇ ਨੇ, ਹਾਲਤ ਪਰਮਾਣੂ ਜ਼ੰਗ ਦੇ ਖਤਰੇ ਵੱਲ ਵੱਧ ਰਹੀ ਹੈ ਉੱਥੇ ਹੀ ਵਾਤਾਵਰਣ ਦਾ ਸੰਕਟ ਲਗਾਤਾਰ ਤਿੱਖਾ ਹੋ ਰਿਹਾ ਹੈ। ਤੇ ਸਮਾਜ ਦੇ ਪ੍ਰਬੰਧਕ ਬਣੇ ਬੈਠੇ ਲੁਟੇਰੇ ਹਾਕਮ ਮਨੁੱਖਤਾ ਨੂੰ ਮੌਤ ਤੇ ਮੂੰਹ ਵੱਲ ਧੱਕ ਰਹੇ ਨੇ। ਤੇ ਔਰਤਾਂ 'ਤੇ ਜ਼ਬਰ ਵੀ ਲਗਾਤਾਰ ਵਧ ਰਿਹਾ ਹੈ। ਭਾਰਤ ਦੇ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਦੇ 40% ਨੁਮਾਇੰਦਿਆਂ ਦਾ ਅਪਰਾਧਿਕ (ਅਗਵਾ, ਬਲਾਤਕਾਰ,ਕਤਲ ਆਦਿ) ਪਿਛੋਕੜ ਹੈ। ਕਾਨੂੰਨਦਾਨ ਵੀ ਕਟਿਹਰੇ ਵਿੱਚ ਹਨ। ਇਸੇ ਕਰਕੇ ਔਰਤਾਂ ਨਾਲ ਘਰੇਲੂ ਹਿੰਸਾ, ਕੰਮ ਦਿਹਾੜੀ ਵਿਚ ਵਿਤਕਰਾ, ਕੰਮ ਦੀਆਂ ਥਾਵਾਂ ਤੇ ਸ਼ੋਸ਼ਣ, ਬੱਚੀਆਂ ਦਾ ਸ਼ੋਸ਼ਣ, ਜਨਤਕ ਥਾਵਾਂ ਤੇ ਛੇੜ ਛਾੜ, ਗੀਤਾਂ, ਮਸ਼ਹੂਰੀਆਂ ਤੇ ਫਿਲਮਾਂ ਵਿੱਚ ਔਰਤਾਂ ਨੂੰ ਇਕ ਵਸਤੂ ਦੇ ਤੌਰ ਤੇ ਪੇਸ਼ ਕਰਨਾ, ਦਾਬਾ ਪਾਉਣਾ ਆਦਿ ਜ਼ਬਰ ਜੁਲਮ ਲਗਾਤਾਰ ਵਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ਵਿੱਚ ਸਾਨੂੰ ਆਸ ਨਹੀਂ ਕਰਨੀ ਚਾਹੀਦੀ ਕਿ ਇਹ ਲੋਕ ਔਰਤਾਂ ਉੱਤੇ ਜ਼ਬਰ ਨੂੰ ਰੋਕਣਗੇ। ਇਸ ਲਈ 'ਮਹਿਲਕਲਾਂ ਲੋਕ ਘੋਲ ਦਾ ਪੈਗਾਮ-ਜਾਰੀ ਰੱਖਣਾ ਹੈ ਸੰਗਰਾਮ' ਦੇ ਬੁਨਿਆਦੀ ਨਾਹਰੇ ਤਹਿਤ ਮਹਿਲਕਲਾਂ ਦੀ ਧਰਤੀ ਉੱਪਰ ਚੱਲ ਰਹੇ ਸੰਘਰਸ਼ ਵਿੱਚ ਔਰਤਾਂ ਨੂੰ ਹਰ ਥਾਂ ਆਗੂ ਭੂਮਿਕਾ ਨਿਭਾਉਣ ਲਈ ਅੱਗੇ ਆਉਣਾ ਹੋਵੇਗਾ। ਯਾਦਗਾਰ ਕਮੇਟੀ ਦੇ ਆਗੂ ਨਰਾਇਣ ਦੱਤ ਨੇ ਕਿਹਾ ਕਿ ਮਹਿਲਕਲਾਂ ਦੀ ਧਰਤੀ ਦੇ ਵਾਰਸਾਂ ਵੱਲੋਂ ਸਾਂਝੇ ਸੰਘਰਸ਼ਾਂ ਦੇ ਦਰੁੱਸਤ ਬੁਨਿਆਦ ਦੀ ਗੂੰਜ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਸਮੇਤ ਹਰ ਸੰਘਰਸ਼ ਵਿੱਚ ਵੀ ਗੂੰਜ ਰਹੀ ਹੈ। ਮੋਦੀ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਲੋਕ ਵਿਰੋਧੀ ਨੀਤੀ ਦੀ ਚੀਰਫਾੜ ਕਰਦਿਆਂ ਕਿਹਾ ਕਿ ਰਾਜ ਗੱਦੀ ਉੱਪਰ ਕਾਬਜ਼ ਹਾਕਮ ਮੁਲਕ ਦੇ ਜਲ, ਜੰਗਲ਼, ਜ਼ਮੀਨ ਸਮੇਤ ਮੁਲਕ ਦੇ ਕੁਦਰਤੀ ਸ੍ਰੋਤ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੇ ਹਨ। ਮੋਦੀ ਹਕੂਮਤ ਦੀ ਇਸ ਲੋਕ ਵਿਰੋਧੀ ਨੀਤੀ ਨੂੰ ਪੁੱਠਾ ਗੇੜਾ ਦੇਣ ਲਈ ਮਹਿਲਕਲਾਂ ਵਰਗੇ ਸਾਂਝੇ ਲੋਕ ਸੰਘਰਸ਼ਾਂ ਦੀ ਵਿਰਾਸਤ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ।
ਭਾਰਤੀ ਕਿਸਾਨ ਯੁਨੀਅਨ ਏਕਤਾ-ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਰਾਮਪੁਰਾ ਨੇ ਕਿਹਾ ਕਿ ਮੋਦੀ ਹਕੂਮਤ ਅਤੇ ਭਗਵੰਤ ਮਾਨ ਸਰਕਾਰ ਪੇਂਡੂ ਸੱਭਿਆਚਾਰ ਨੂੰ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਵੱਡੇ ਵਾਅਦਿਆਂ ਦੀ ਝੜੀ ਲਗਾਕੇ ਸੱਤਾ ਉੱਪਰ ਕਾਬਜ਼ ਹੋਈ ਸੀ। ਜਿਸ ਨੇ ਸੱਤਾ ਉੱਤੇ ਕਾਬਜ਼ ਹੁੰਦਿਆਂ ਹੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀ 'ਤੇ ਚੱਲਦਿਆਂ ਲੋਕਾਂ ਦੇ ਮਸਲੇ ਹੱਲ ਕਰਨ ਦੀ ਥਾਂ ਪੁਲਸੀਆ ਜਾਬਰ ਹੱਲਾ ਤੇਜ਼ ਕੀਤਾ ਹੋਇਆ ਹੈ। ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲਾਗੂ ਕੀਤੀ ਜਾ ਰਹੀ ਕਿਸਾਨ-ਲੋਕ ਵਿਰੋਧੀ ਨੀਤੀ ਖਿਲਾਫ਼ ਮਹਿਲਕਲਾਂ ਦੀ ਲੋਕ ਸ਼ਕਤੀ ਤੋਂ ਪ੍ਰੇਰਨਾ ਹਾਸਲ ਕਰਕੇ ਸਾਂਝੇ ਇੱਕਜੁੱਟ ਸੰਘਰਸ਼ ਦੀ ਲੋੜ 'ਤੇ ਜੋਰ ਦਿੱਤਾ। ਇਨਕਲਾਬੀ ਕੇਂਦਰ, ਪੰਜਾਬ ਦੇ ਨੌਜਵਾਨ ਆਗੂ ਹਰਪ੍ਰੀਤ, ਸਹਿਜਪ੍ਰੀਤ ਕੌਰ ਅਤੇ ਤਾਨੀਆ ਸ਼ਰਮਾ ਨੇ ਕਿਹਾ ਕਿ ਅੱਜ ਵੀ ਪੂਰੇ ਮੁਲਕ ਅੰਦਰ ਵਾਪਰ ਰਹੀਆਂ ਸ਼ਰਮਨਾਕ ਘਟਨਾਵਾਂ ਨੇ ਵੱਡੇ ਸਵਾਲ ਖੜੇ ਕੀਤੇ ਹਨ। ਮੁਲਕ ਦੇ ਵੱਖ-ਵੱਖ ਹਿੱਸਿਆਂ ਅੰਦਰ ਔਰਤਾਂ ਨੂੰ ਜ਼ਬਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸੰਸਾਰ ਪੱਧਰ 'ਤੇ ਵੀ ਅਜਿਹਾ ਹੀ ਦ੍ਰਿਸ਼ ਫ਼ਲਸਤੀਨ ਸਮੇਤ ਹਰ ਥਾਂ ਵੇਖਿਆ ਜਾ ਸਕਦਾ ਹੈ। ਔਰਤਾਂ ਨੂੰ ਗ਼ਦਰੀ ਗੁਲਾਬ ਕੌਰ, ਮਾਈ ਭਾਗੋ, ਦੁਰਗਾ ਭਾਬੀ, ਸਵਿਤਰੀ ਬਾਈ ਫੂਲੇ, ਫਾਤਿਮਾ ਸ਼ੇਖ ਜਿਹੀਆਂ ਮਹਾਨ ਔਰਤਾਂ ਦੇ ਆਪਣੇ ਸੰਗਰਾਮੀ ਵਿਰਸੇ ਉੱਪਰ ਮਾਣ ਮਹਿਸੂਸ ਕਰਕੇ ਲੋਕ ਘੋਲਾਂ ਦੇ ਵਿਗਿਆਨ ਨੂੰ ਸਮਝਣਾ ਹੋਵੇਗਾ। ਔਰਤ ਦੀ ਮੁਕਤੀ ਹਰ ਕਿਸਮ ਦੀ ਗੈਰਬਰਾਬਰਤਾ ਖ਼ਤਮ ਕਰਕੇ ਨਵਾਂ ਸਮਾਜ ਸਿਰਜਣ ਨਾਲ ਹੀ ਸੰਭਵ ਹੋਵੇਗੀ। ਸਾਥੀ ਭਗਵੰਤ ਸਿੰਘ ਮਹਿਲਕਲਾਂ ਦੀ ਜੀਵਨ ਸਾਥਣ ਪ੍ਰੇਮਪਾਲ ਕੌਰ ਨੇ ਸ਼ਹੀਦ ਕਿਰਨਜੀਤ ਕੌਰ ਦੀ ਜੂਝ ਮਰਨ ਦੀ ਭਾਵਨਾ ਨੂੰ ਅਮਰ ਕਰਾਰ ਦਿੱਤਾ। ਹਾਸ਼ੀਏ 'ਤੇ ਧੱਕੀਆਂ ਔਰਤਾਂ ਨੂੰ ਮਹਿਲਕਲਾਂ ਦੀ ਧਰਤੀ ਨੇ ਜਥੇਬੰਦ ਹੋਣ, ਸੰਘਰਸ਼ ਕਰਨ ਤੋਂ ਅੱਗੇ ਔਰਤ ਦੀ ਮੁਕੰਮਲ ਮੁਕਤੀ ਵਾਲਾ ਨਵਾਂ ਸਮਾਜ ਸਿਰਜਣ ਲਈ ਅੱਗੇ ਆਉਣ ਦੀ ਲੋੜ 'ਤੇ ਜ਼ੋਰ ਦਿੱਤਾ।
ਡੀਟੀਐੱਫ ਦੇ ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਚੁਹਾਣਕੇ, ਪਾਵਰਕੌਮ ਪੈਨਸ਼ਨਰਜ਼ ਦੇ ਸੂਬਾ ਆਗੂ ਸ਼ਿੰਦਰ ਧੌਲਾ ਨੇ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀ ਨੀਤੀ ਤਹਿਤ ਸਿੱਖਿਆ, ਸਿਹਤ, ਰੇਲਵੇ, ਬਿਜਲੀ ਬੋਰਡ, ਕੋਇਲਾ ਖਾਣਾਂ, ਬੀਮਾ, ਬੈਂਕਾਂ ਆਦਿ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ, ਚਾਰ ਨਵੇਂ ਕਿਰਤ ਕਾਨੂੰਨਾਂ ਰਾਹੀਂ ਕਿਰਤੀਆਂ ਦੀ ਤਿੱਖੀ ਰੱਤ ਨਿਚੋੜਨ ਦੀ ਨੀਤੀ ਖ਼ਿਲਾਫ਼ ਚੱਲ ਰਹੇ ਸੰਘਰਸ਼ਾਂ ਵਿੱਚ ਵਧ ਚੜ੍ਹਕੇ ਹਿੱਸਾ ਲੈਣ ਦੀ ਅਪੀਲ ਕੀਤੀ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਆਗੂ ਧੰਨਾ ਮੱਲ ਗੋਇਲ ਨੇ ਵਿਚਾਰ ਪੇਸ਼ ਕਰਦਿਆਂ ਜਾਬਰਾ ਖ਼ਿਲਾਫ਼ ਨਾਬਰੀ ਦਾ ਇਤਿਹਾਸ ਰਚਣ ਵਾਲੇ ਜੁਝਾਰੂ ਕਾਫ਼ਲਿਆਂ ਨੂੰ ਇਸ ਲੋਕ ਸੰਗਰਾਮ ਦੀ ਗਾਥਾ ਜਾਰੀ ਰੱਖਣ ਦੀ ਲੋੜ'ਤੇ ਜੋਰ ਦਿੱਤਾ। ਬਰਨਾਲਾ-ਇਲਾਕੇ ਦੀ ਵਿਉਂਤਬੱਧ ਪ੍ਰਚਾਰ ਮੁਹਿੰਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਹਰ ਪਿੰਡ, ਹਰ ਗਲੀ, ਹਰ ਮੁਹੱਲੇ, ਹਰ ਅਦਾਰੇ ਪਾਵਰਕੌਮ,ਸਕੂਲਾਂ/ਕਾਲਜਾਂ ਵਿੱਚੋਂ ਮਹਿਲਕਲਾਂ ਲੋਕ ਘੋਲ ਦੇ 28ਵੇਂ ਯਾਦਗਾਰੀ ਸਮਾਗਮ ਨੂੰ ਭਰਪੂਰ ਸਮਰਥਨ ਦੇਣ ਲਈ ਧੰਨਵਾਦ ਕੀਤਾ।
ਯਾਦਗਾਰ ਕਮੇਟੀ ਵੱਲੋਂ ਕਵਿਤਾ ਕ੍ਰਿਸ਼ਨਨ, ਅਮਨਦੀਪ ਕੌਰ, ਜਸਪਾਲ ਮਾਨਖੇੜਾ ਦਾ ਸ਼ਾਲ ਅਤੇ ਸਨਮਾਨ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ। ਐਕਸ਼ਨ ਕਮੇਟੀ ਮਹਿਲਕਲਾਂ ਵਿੱਚ ਦਲੇਰਾਨਾ ਭੂਮਿਕਾ ਨਿਭਾਉਂਦੇ ਬੇਵਕਤੀ ਵਿਛੋੜਾ ਦੇ ਗਏ ਭਗਵੰਤ ਸਿੰਘ,ਡਾ ਕੁਲਵੰਤ ਰਾਏ, ਪ੍ਰੀਤਮ ਦਰਦੀ ਅਤੇ ਮਾ ਗੁਰਦੇਵ ਸਿੰਘ ਸਹਿਜੜਾ ਦੇ ਪ੍ਰੀਵਾਰਾਂ ਨੂੰ ਸਨਮਾਨ ਪੱਤਰ ਅਤੇ ਸ਼ਾਲ/ਲੋਈ ਪਹਿਨਾਕੇ ਸਨਮਾਨਿਤ ਕੀਤਾ ਗਿਆ। ਕਲਮ, ਕਲਾ, ਸੰਗਰਾਮਾਂ ਦੀ ਜੋਟੀ ਨੂੰ ਹੋਰ ਵੱਧ ਮਜ਼ਬੂਤ ਦੇ ਮਕਸਦ ਤਹਿਤ ਪ੍ਰੈੱਸ ਕਲੱਬ ਰਜਿ, ਆਜ਼ਾਦ ਪ੍ਰੈੱਸ ਕਲੱਬ ਅਤੇ ਗੁਣਤਾਜ ਪ੍ਰੈੱਸ ਕਲੱਬ ਨੂੰ ਮੋਮੈਂਟੋ ਦੇਕੇ ਸਨਮਾਨਿਤ ਕੀਤਾ ਗਿਆ। ਜੁਝਾਰੂ ਕਾਫਲਿਆਂ ਲਈ ਲੰਗਰ ਦਾ ਪ੍ਰਬੰਧ ਭਾਕਿਯੂ ਏਕਤਾ ਡਕੌਂਦਾ ਦੇ ਆਗੂਆਂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਅਮਨਦੀਪ ਸਿੰਘ ਰਾਏਸਰ ਅਤੇ ਬਾਬੂ ਸਿੰਘ ਖੁੱਡੀਕਲਾਂ ਵੱਲੋਂ ਚਲਾਇਆ ਗਿਆ। ਵਲੰਟੀਅਰਾਂ ਦੀ ਜਿੰਮੇਵਾਰੀ ਡਾ ਅਮਰਜੀਤ ਕਾਲਸਾਂ ਦੀ ਦੇਖਰੇਖ ਹੇਠ ਕੁਲਵੀਰ ਔਲਖ, ਰਜਿੰਦਰ ਖਿਆਲੀ, ਡਾ ਨਿਰਭੈ ਸਿੰਘ, ਰੁਲਦੂ ਸਿੰਘ ਗੁੰਮਟੀ ਦੀ ਅਗਵਾਈ ਵਿੱਚ ਸਾਥੀਆਂ ਨੇ ਬਾਖ਼ੂਬੀ ਨਿਭਾਈ। ਜਗਰਾਜ ਹਰਦਾਸਪੁਰਾ ਨੇ 27 ਸਾਲ ਦੀ ਸਾਂਝੇ ਸੰਘਰਸ਼ਾਂ ਦੀ ਲਟ-ਲਟ ਕਰਕੇ ਬਲ ਰਹੀ ਮਸ਼ਾਲ ਨੂੰ ਹੋਰ ਵੱਧ ਚੇਤੰਨ ਸਰਗਰਮੀ ਰਾਹੀਂ ਲਗਾਤਾਰ ਜਾਰੀ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਵਾਰ ਦੀ ਤਿਆਰੀ ਮੁਹਿੰਮ ਵਿੱਚ ਨੌਜਵਾਨਾਂ ਖਾਸ ਕਰ ਨੌਜਵਾਨ ਧੀਆਂ ਵੱਲੋਂ ਨਿਭਾਈ ਭੂਮਿਕਾ ਦੀ ਜ਼ੋਰਦਾਰ ਸ਼ਲਾਘਾ ਕੀਤੀ। ਭਾਅ ਜੀ ਗੁਰਸ਼ਰਨ ਸਿੰਘ ਦਾ ਲਿਖਿਆ ਪ੍ਰਸਿੱਧ ਨਾਨਕ 'ਧਰਤ ਦੀ ਵੰਗਾਰੇ ਤਖ਼ਤ ਨੂੰ' ਲੋਕ ਕਲਾ ਮੰਚ ਮੰਡੀ ਮੁਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਲੋਕ ਪੱਖੀ ਸਾਹਿਤ ਦੀਆਂ ਸਟਾਲਾਂ ਖਾਸ ਕਰ ਨਾਵਲਕਾਰ ਜਸਪਾਲ ਮਾਨਖੇੜਾ ਦਾ 'ਅੱਜ ਸਟੇਜ ਤੋਂ ਲੋਕ ਅਰਪਣ ਕੀਤਾ ਗਿਆ ਨਾਵਲ 'ਹਵੇਲੀਆਲਾ' ਵੱਡੀ ਗਿਣਤੀ ਵਿੱਚ ਲੋਕਾਂ ਖ੍ਰੀਦਿਆ। ਸਟੇਜ ਦੇ ਫਰਜ਼ ਯਾਦਗਾਰ ਕਮੇਟੀ ਦੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ ਅਤੇ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਨੇ ਬਾਖ਼ੂਬੀ ਨਿਭਾਏ। ਗੀਤਕਾਰਾਂ ਨੇ ਲੋਕ ਪੱਖੀ ਗੀਤਾਂ ਰਾਹੀਂ ਹਾਜ਼ਰੀਨ ਵਿੱਚ ਇਨਕਲਾਬੀ ਜੋਸ਼ ਭਰਿਆ। ਲੁਧਿਆਣਾ ਦੀਆਂ ਪ੍ਰਵਾਸੀ ਮਜ਼ਦੂਰ ਨੌਜਵਾਨ ਧੀਆਂ ਨੇ ਇਨਕਲਾਬੀ ਮਜ਼ਦੂਰ ਕੇਂਦਰ ਦੀ ਅਗਵਾਈ ਹੇਠ ਔਰਤਾਂ ਨਾਲ ਢੁੱਕਵੇਂ ਵਿਸ਼ੇ 'ਰਾਜ ਬਦਲੋ-ਸਮਾਜ ਬਦਲੋ' ਪੇਸ਼ ਕਰਕੇ ਨਵਾਂ ਜੋਸ਼ ਭਰ ਦਿੱਤਾ ਅਤੇ ਸਾਰਥਿਕ ਸੁਨੇਹਾ ਦਿੱਤਾ। ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਨੂੰ ਲੋਕ ਸੰਘਰਸ਼ ਦੀ ਜਿੱਤ ਕਰਾਰ ਦਿੰਦਿਆਂ, ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ। ਆਗੂਆਂ ਮਾਣ ਨਾਲ ਇਹ ਗੱਲ ਸਾਂਝੀ ਕੀਤੀ ਕਿ ਇਸ ਵਾਰ ਕਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਵੀ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦਾ ਯਾਦਗਾਰੀ ਸਮਾਗਮ ਗੁਰਮੀਤ ਸੁਖਪੁਰਾ, ਮਨਦੀਪ ਸੱਦੋਵਾਲ ਅਤੇ ਬਲਵਿੰਦਰ ਬਰਨਾਲਾ ਦੀ ਅਗਵਾਈ ਵਿੱਚ ਹੋਇਆ ਹੈ। ਇਸ ਸਮੇਂ ਹਰਨੇਕ ਸਿੰਘ ਮਹਿਮਾ, ਅਮਨਦੀਪ ਸਿੰਘ ਲਲਤੋਂ, ਕੁਲਵੰਤ ਸਿੰਘ ਭਦੌੜ, ਅਮਰਜੀਤ ਕੌਰ, ਕੁਲਵੰਤ ਭਦੌੜ, ਪਿਸ਼ੌਰਾ ਸਿੰਘ, ਪਰਮਜੀਤ ਕੌਰ ਜੋਧਪੁਰ, ਰਜਿੰਦਰਪਾਲ, ਸੁਖਵਿੰਦਰ ਸਿੰਘ, ਜਗਮੀਤ ਬੱਲਮਗੜ੍ਹ, ਕੇਵਲਜੀਤ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਬਲਜੀਤ ਕੌਰ ਤੋਂ ਇਲਾਵਾ ਬਹੁਤ ਸਾਰੇ ਆਗੂ ਵੀ ਹਾਜ਼ਰ ਸਨ।
ਇਕੱਠ ਵੱਲੋਂ ਦੇਸ਼ ਅੰਦਰ ਔਰਤਾਂ, ਦਲਿਤਾਂ ਧਾਰਮਿਕ ਘੱਟ ਗਿਣਤੀਆਂ ਅਤੇ ਵੱਖ ਵੱਖ ਕੌਮੀਅਤਾਂ ਉੱਪਰ ਵਧ ਰਹੇ ਜ਼ੁਲਮ ਦਾ ਵਿਰੋਧ, ਟਰੰਪ ਦੀ ਟਰੇਡ ਵਾਰ, ਗਾਜ਼ਾ ਪੱਟੀ ਦਾ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਵੱਲੋਂ ਨਸਲ ਘਾਤ, ਆਦਿਵਾਸੀਆਂ ਅਤੇ ਮਾਓਵਾਦੀਆਂ ਦਾ ਅਪਰੇਸ਼ਨ 'ਕਗਾਰ' ਤਹਿਤ ਕਤਲੇਆਮ, ਭਾਰਤੀ ਹਾਕਮਾਂ ਵੱਲੋਂ ਜ਼ੰਗੀ ਜਨੂੰਨ ਭੜਕਾਉਣ ਦੀਆਂ ਤਾਜ਼ਾ ਕਾਰਵਾਈਆਂ ਫ਼ੌਜੀ ਅਫਸਰਾਂ ਤੇ ਸਰਕਾਰ ਦੇ ਬਿਆਨ ਦਾ ਵਿਰੋਧ, ਕਸ਼ਮੀਰ ਅੰਦਰ 25 ਲੇਖਕਾਂ ਦੀਆਂ ਕਿਤਾਬਾਂ ਉੱਪਰ ਲਾਈ ਪਾਬੰਦੀ ਦਾ ਵਿਰੋਧ, ਕਾਲੇ ਕਾਨੂੰਨਾਂ ਅਧੀਨ ਨਜ਼ਰਬੰਦ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ, ਭਗਵੰਤ ਮਾਨ ਸਰਕਾਰ ਵੱਲੋਂ ਸੰਘਰਸ਼ ਕਰ ਰਹੇ ਤਬਕਿਆਂ ਪ੍ਰਤੀ ਜ਼ਬਰ ਦੀ ਨੀਤੀ ਬੰਦ ਕਰਨ, ਅਖ਼ਾੜਾ ਸਮੇਤ ਹੋਰਨਾਂ ਥਾਵਾਂ 'ਤੇ ਬੀਬੀਸੀ (ਕੈਂਸਰ ਫੈਕਟਰੀਆਂ) ਬੰਦ ਕਰਨ, ਸਰਕਾਰੀ ਅਦਾਰਿਆਂ ਵਿੱਚ 15-15 ਸਾਲ ਤੋਂ ਆਊਟਸੋਰਸ ਕਾਮਿਆਂ ਨੂੰ ਰੈਗੂਲਰ ਕਰਨ ਆਦਿ ਮਤੇ ਨਾਹਰਿਆਂ ਦੀ ਗੂੰਜ ਵਿੱਚ ਪਾਸ ਕੀਤੇ। ਮਹਿਲਕਲਾਂ ਬਲਾਕ ਅਤੇ ਪਿੰਡ ਦੇ ਆਗੂਆਂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਸਤਨਾਮ ਸਿੰਘ ਮੂੰਮ, ਅਮਨਦੀਪ ਸਿੰਘ ਰਾਏਸਰ, ਹਰਪ੍ਰੀਤ ਸਿੰਘ ਮਹਿਲਕਲਾਂ, ਜੱਗਾ ਸਿੰਘ ਮਹਿਲਕਲਾਂ, ਸ਼ੇਰ ਸਿੰਘ ਮਹਿਲਕਲਾਂ, ਪ੍ਰੀਤਮ ਸਿੰਘ ਮਹਿਲਕਲਾਂ ਆਦਿ ਆਗੂਆਂ ਨੇ ਅਹਿਮ ਭੂਮਿਕਾ ਨਿਭਾਈ।