DC ਤਰਨਤਾਰਨ ਨੇ ਡਰੋਨ ਰਾਹੀਂ ਦਰਿਆ ਬਿਆਸ ਵਿੱਚ ਪਾਣੀ ਦੇ ਵਹਾਅ ਅਤੇ ਖੇਤਾਂ 'ਚ ਫਸਲਾਂ ਦੇ ਨੁਕਸਾਨ ਦਾ ਲਿਆ ਜਾਇਜ਼ਾ
- ਦਰਿਆ ਨਾਲ ਲੱਗਦੇ ਪਿੰਡਾਂ ਘੜਕਾ ਤੇ ਗੁਜਰਪੁਰ ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਿਲਾਂ
ਚੋਹਲਾ ਸਾਹਿਬ/ਤਰਨਤਾਰਨ,12 ਅਗਸਤ 2025 - ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਰਾਹੁਲ ਆਈਏਐੱਸ ਨੇ ਅੱਜ ਦਰਿਆ ਬਿਆਸ ਵਿੱਚ ਵਧ ਰਹੇ ਪਾਣੀ ਦੇ ਵਹਾਅ ਦਾ ਜਾਇਜ਼ਾ ਲੈਣ ਲਈ ਦਰਿਆ ਨਾਲ ਲੱਗਦੇ ਪਿੰਡਾਂ ਘੜਕਾ ਤੇ ਗੁਜਰਪੁਰ ਆਦਿ ਦਾ ਦੌਰਾ ਕੀਤਾ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਐੱਸਡੀਐੱਮ ਤਰਨਤਾਰਨ ਸ੍ਰੀ ਅਰਵਿੰਦਰਪਾਲ ਸਿੰਘ ਅਤੇ ਐਕਸੀਅਨ ਡਰੇਨੇਜ਼ ਸ੍ਰੀ ਸਾਹਿਲ ਕੁਮਾਰ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਵੀ ਉਹਨਾਂ ਦੇ ਨਾਲ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਡਰੋਨ ਰਾਹੀਂ ਦਰਿਆ ਬਿਆਸ ਵਿੱਚ ਪਾਣੀ ਦੇ ਵਹਾਅ ਅਤੇ ਖੇਤਾਂ ਵਿੱਚ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ।ਉਹਨਾਂ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਦਰਿਆ ਨਾਲ ਲੱਗਦੇ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਭਰਨ ਨਾਲ ਫਸਲਾਂ ਦੇ ਹੋਏ ਨੁਕਸਾਨ ਦੀ ਮੁਕੰਮਲ ਰਿਪੋਰਟ ਤਿਆਰ ਕੀਤੀ ਜਾਵੇ।
ਰਾਹੁਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰਿਆ ਬਿਆਸ ਵਿੱਚ ਪਾਣੀ ਦੇ ਪੱਧਰ ਉੱਪਰ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਐੱਸਡੀਐੱਮਜ਼ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਲੋਕਾਂ ਨਾਲ ਲਗਾਤਾਰ ਰਾਬਤਾ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।ਉਹਨਾਂ ਕਿਹਾ ਕਿ ਕਿਸੇ ਵੀ ਅਣਸੁਖਾਵੇਂ ਹਾਲਾਤਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਜ਼ਿਲ੍ਹਾ ਪੱਧਰ ਅਤੇ ਸਬ-ਡਵੀਜ਼ਨ ਪੱਧਰ ‘ਤੇ ਫਲੱਡ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨ ਲਈ ਲੋਕ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਨਾਲ ਫੋਨ ਨੰਬਰ 01852-224107 ‘ਤੇ ਸੰਪਰਕ ਕਰ ਸਕਦੇ ਹਨ।