ਗਿਆਨ ਆਧਾਰਿਤ ਵਿਕਾਸਮੁਖੀ ਪੰਜਾਬੀ ਸਮਾਜ ਦੀ ਉਸਾਰੀ ਲਈ ਸਭ ਵਰਗਾਂ ਨੂੰ ਸਿਰ ਜੋੜਨ ਦੀ ਲੋੜ - ਪ੍ਰਿੰਃ ਬੁੱਧ ਰਾਮ
ਲੁਧਿਆਣਾਃ 2 ਜੁਲਾਈ 2025 - ਗਿਆਨ ਆਧਾਰਿਤ ਵਿਕਾਸਮੁਖੀ ਪੰਜਾਬੀ ਸਮਾਜ ਦੀ ਉਸਾਰੀ ਲਈ ਸਭ ਵਰਗਾਂ ਨੂੰ ਸਿਰ ਜੋੜਨ ਦੀ ਲੋੜ ਹੈ ਕਿਉਂਕਿ ਗਿਆਨ ਪਰੰਪਰਾ ਦੀ ਨਿਰੰਤਰਤਾ ਬਗੈਰ ਕੋਈ ਵੀ ਸਮਾਜ ਵਿਕਾਸ ਨਹੀਂ ਕਰ ਸਕਦਾ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਇਹ ਵਿਚਾਰ ਪ੍ਰਗਟ ਕਰਦਿਆਂ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਬੁਢਲਾਡਾ(ਮਾਨਸਾ) ਤੋਂ ਦੀਜੀ ਵਾਰ ਵਿਧਾਇਕ ਬਣੇ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਨੂੰ ਨਸ਼ਾਖ਼ੋਰੀ, ਕੰਮ-ਚੋਰੀ ਤੇ ਆਪਣੇ ਸੂਬੇ ਪ੍ਰਤੀ ਵੱਧ ਰਿਹਾ ਬੇਗਾਨਗੀ ਦਾ ਅਹਿਸਾਸ ਰੋਕਣ ਲਈ ਖੇਡਾਂ, ਸਾਹਿੱਤ ਤੇ ਸੱਭਿਆਚਾਰਕ ਦਾ ਪ੍ਰਸਾਰ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਸੂਬੇ ਦੀਆਂ ਸਾਹਿੱਤਕ , ਸੱਭਿਆਚਾਰਕ, ਧਾਰਮਿਕ ਤੇ ਖੇਡ ਸੰਸਥਾਵਾਂ ਨੂੰ ਸਿਰਤੋੜ ਯਤਨ ਕਰਨ ਦੀ ਲੋੜ ਹੈ। ਪ੍ਰਿੰਸੀਪਲ ਬੁੱਧ ਰਾਮ ਪੰਜਾਬੀ ਲੇਖਕ ਤੇ ਆਪਣੇ ਸਨੇਹੀ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਗੋਡਿਆਂ ਦੀ ਸਰਜਰੀ ਉਪਰੰਤ ਖ਼ਬਰਸਾਰ ਲਈ ਆਏ ਸਨ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪ੍ਰਿੰਸੀਪਲ ਬੁੱਧ ਰਾਮ ਦੇ ਵਿਸ਼ੇਸ਼ ਤੌਰ ਤੇ ਆਉਣ ਲਈ ਸ਼ੁਕਰੀਆ ਅਦਾ ਕੀਤਾ ਤੇ ਆਪਣੀਆਂ ਪੁਸਤਕਾਂ ਮਨ ਦੇ ਬੂਹੇ ਬਾਰੀਆਂ, ਗੁਲਨਾਰ, ਜਲਕਣ ਤੇ ਕੁਝ ਹੋਰ ਪੁਸਤਕਾਂ ਦਾ ਸੈੱਟ ਭੇਂਟ ਕੀਤਾ।