ਸਾਹਿਤਕ ਮੰਚ ਭਗਤਾ ਭਾਈ ਵੱਲੋਂ ਇੱਕੋ ਦਿਨ ਤਿੰਨ ਪੁਸਤਕਾਂ ਲੋਕ ਅਰਪਣ ਕਰਨ ਦਾ ਫੈਸਲਾ
ਅਸ਼ੋਕ ਵਰਮਾ
ਭਗਤਾ ਭਾਈ,22 ਜੁਲਾਈ 2025 :ਸਾਹਿਤਕ ਮੰਚ ਭਗਤਾ ਨੇ 6 ਜੁਲਾਈ ਨੂੰ ਇੱਕੋ ਦਿਨ ਤਿੰਨ ਪੁਸਤਕਾਂ ਲੋਕ ਅਰਪਣ ਕਰਨ ਦਾ ਫੈਸਲਾ ਕੀਤਾ ਹੈ। ਅੱਜ ਇਸ ਸਬੰਧ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਮੰਚ ਦੇ ਸਮੂਹ ਅਹੁਦੇਦਾਰ ਸ਼ਾਮਿਲ ਸਨ। ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਨੇ ਆਏ ਹੋਏ ਮੈਂਬਰ ਸਾਹਿਬਾਨ ਨੂੰ ਜੀ ਆਇਆਂ ਕਿਹਾ। ਮੰਚ ਦੇ ਵਿੱਤ ਸਕੱਤਰ ਰੰਗਕਰਮੀ ਸੁਖਵਿੰਦਰ ਚੀਦਾ ਨੇ ਆਪਣੇ ਕੈਨੇਡਾ ਸਫ਼ਰ ਦੀ ਰੌਚਕ ਜਾਣਕਾਰੀ ਸਾਂਝੀ ਕੀਤੀ।
ਮੁੱਖ ਸਲਾਹਕਾਰ ਨਛੱਤਰ ਸਿੰਘ ਸਿੱਧੂ ਨੇ ਮੰਚ ਦੀ ਵਿਸ਼ਾਲਤਾ ਤੇ ਜ਼ੋਰ ਦਿੱਤਾ। ਮੰਚ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਨੇ 06 ਜੁਲਾਈ ਦੇ ਹੋਣ ਵਾਲੇ ਸਮਾਗਮ ਦੀ ਰੂਪਰੇਖਾ ਰੱਖੀ। ਜਿਸ ਦੀ ਪਰੋੜਤਾ ਮੀਤ ਪ੍ਰਧਾਨ ਪ੍ਰਿੰਸੀਪਲ ਹੰਸ ਸਿੰਘ ਸੋਹੀ ਨੇ ਕੀਤੀ। ਸਮੂਹ ਅਹੁਦੇਦਾਰਾਂ ਨੇ ਸਮਾਗਮ ਵਿੱਚ ਕਵੀ ਦਰਬਾਰ ਕਰਵਾਉਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ। ਇਸ ਸਮੇਂ ਮਾਸਟਰ ਸੁਰਜੀਤ ਸਿੰਘ, ਸਿਕੰਦਰਦੀਪ ਸਿੰਘ ਰੂਬਲ, ਜਮਹੂਰੀ ਹੱਕਾਂ ਤੋਂ ਸੰਦੀਪ ਸਿੰਘ ਭਗਤਾ, ਬਲਦੇਵ ਸਿੰਘ ਫੌਜੀ ਪਹੁੰਚੇ ਹੋਏ ਸਨ।