ਖਾਦ ਵਿਕ੍ਰੇਤਾ, ਕਿਸਾਨਾਂ ਨੂੰ ਖਾਦਾਂ ਦੀ ਵਿਕਰੀ ਸਮੇਂ ਗੈਰ ਜ਼ਰੂਰੀ ਵਸਤਾਂ ਦੀ ਵਿਕਰੀ ਕਰਨ ਤੋਂ ਗੁਰੇਜ ਕਰਨ : ਮੁੱਖ ਖੇਤੀਬਾੜੀ ਅਫਸਰ
- ਕਿਸਾਨਾਂ ਨੂੰ ਮਿਆਰੀ ਖਾਦਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਮੁਹਿੰਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਖਾਦ ਵਿਕ੍ਰੇਤਾਵਾਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਰੋਹਿਤ ਗੁਪਤਾ
ਗੁਰਦਾਸਪੁਰ: 20 ਜੂਨ 2025 :ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਦੇ ਹੁਕਮਾਂ ਤੇ ਕਿਸਾਨਾਂ ਨੂੰ ਫਸਲਾਂ ਦੀ ਕਾਸ਼ਤ ਲਈ ਲੋੜੀਂਦੀਆਂ ਖਾਦਾਂ ਮੁਹੱਈਆ ਕਰਵਾਉਣ ਦੇ ਮੰਤਵ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਲ੍ਹਾ ਗੁਰਦਾਸਪੁਰ ਵਿੱਚ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਖਾਦ ਵਿਕ੍ਰੇਤਾਵਾਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਸਥਾਨਕ ਮੁੱਖ ਖੇਤੀਬਾੜੀ ਦਫਤਰ ਵਿਚ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਵੱਲੋਂ ਕੀਤੀ ਗਈ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਹਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ( ਪੀ. ਪੀ) ਡਾ ਅੰਮ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ( ਇੰਨਫੋਰਸਮੇਂਟ) ਅਤੇ ਵੱਖ-2 ਖਾਦ ਕੰਪਨੀਆ ਕਰਿਭਕੋ, ਇਫਕੋ, ਚੰਬਲ ਆਦਿ ਦੇ ਨੁਮਾਂਇੰਦੇ ਹਾਜ਼ਰ ਸਨ।
ਖਾਦ ਵਿਕਰੇਤਾਵਾਂ ਨੂੰ ਸੰਬੋਧਨ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਵਿੱਚ ਸਾਉਣੀ ਦੌਰਾਨ ਝੋਨੇ ਦੀ ਬਿਜਾਈ ਦਾ ਕੰਮ ਚੱਲ ਰਿਹਾ ਹੈ ਜੋਂ ਅਗਲੇ ਕੁਝ ਦਿਨਾਂ ਦੌਰਾਨ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਝੋਨੇ ਦੀ ਫ਼ਸਲ ਵਿਚ ਸਿਫਾਰਸ਼ਾਂ ਅਨੁਸਾਰ ਯੂਰੀਆ ਖਾਦ ਦੀ ਯੋਗ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ । ਉਨ੍ਹਾਂ ਦੱਸਿਆ ਕਿ ਜੂਨ ਅਖੀਰ ਤੱਕ ਸਾਉਣੀ ਦੀਆਂ ਫ਼ਸਲਾਂ ਲਈ ਕੁੱਲ 62 ਹਜ਼ਾਰ ਮੀਟ੍ਰਿਕ ਟਨ ਯੂਰੀਆ ਖਾਦ ਦੀ ਜ਼ਰੂਰਤ ਹੈ ਜਦ ਕਿ ਹੁਣ ਤੱਕ ਤਕਰੀਬਨ 55 ਹਜਾਰ ਮੀਟ੍ਰਿਕ ਟਨ ਸਹਿਕਾਰੀ ਸਭਾਵਾਂ ਅਤੇ ਨਿੱਜੀ ਖਾਦ ਵਿਕ੍ਰੇਤਾਵਾਂ ਕੋਲ ਪਹੁੰਚ ਚੁੱਕੀ ਹੈ।
ਉਨ੍ਹਾਂ ਵੱਖ ਵੱਖ ਖਾਦ ਵਿਕ੍ਰੇਤਾਵਾਂ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਭਵਿਖ ਵਿਚ ਖਾਦ ਦਾ ਰੈਂਕ ਲੱਗਣ ਤੋਂ ਪਹਿਲਾ ਖਾਦ ਦੀ ਵੰਡ ਸਬੰਧੀ ਪੂਰਾ ਵੇਰਵਾ ਭੇਜਿਆ ਜਾਵੇ। ਵੱਖ-2 ਕੰਪਨੀਆਂ ਦੇ ਨੁਮਾਇੰਦਿਆਂ ਵਲੋਂ ਜਿਲ੍ਹਾ ਗੁਰਦਾਸਪੁਰ ਵਿਖ਼ੇ ਸਪਲਾਈ ਕੀਤੀ ਜਾ ਰਹੀ ਯੂਰੀਆ ਖਾਦ ਦੀ ਸਥਿਤੀ ਬਾਰੇ ਦਸਿਆ। ਮੁੱਖ ਖੇਤੀਬਾੜੀ ਅਫ਼ਸਰ ਨੇ ਕੰਪਨੀਆਂ ਨੂੰ ਤਾੜਨਾ ਕਰਦੇ ਹੋਏ ਆਖਿਆ ਕਿ ਖਾਦ ਨਾਲ ਕਿਸੇ ਵੀ ਕਿਸਮ ਦੀ ਬੇਲੋੜੀ ਖੇਤੀ ਸਮਗਰੀ ਦੀ ਟੈਗਿੰਗ ਨਾ ਕੀਤੀ ਜਾਵੇ, ਕਿਉਂ ਕਿ ਇਸਦਾ ਵਿੱਤੀ ਬੋਝ ਕਿਸਾਨਾਂ ਤੇ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਟੈਗਿੰਗ ਦੀ ਸ਼ਿਕਾਇਤ ਮਿਲਣ ਤੇ ਖਾਦ ਕੰਟਰੋਲ ਆਰਡਰ, 1985 ਤਹਿਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਖਾਦ ਕੰਪਨੀਆਂ ਨੂੰ ਕਿਸੇ ਵੀ ਖਾਦ ਵਿਕਰੇਤਾ ਨੂੰ ਲੋੜ ਅਨੁਸਾਰ ਹੀ ਯੂਰੀਆ ਖਾਦ ਦੇਣ ਲਈ ਵੀ ਕਿਹਾ ਗਿਆ, ਤਾਂ ਜੋ ਇਸਦਾ ਗ਼ਲਤ ਇਸਤੇਮਾਲ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਖਾਦ ਵਿਕਰੇਤਾ ਨੂੰ ਯੂਰੀਆ ਖਾਦ ਦੇਣ ਤੋਂ ਪਹਿਲਾਂ ਇਹ ਯਕੀਨੀ ਬਣਾ ਲਿਆ ਜਾਵੇ ਕਿ ਪੌਸ ਮਸ਼ੀਨ ਵਿਚ ਅਤੇ ਦੁਕਾਨ ਤੇ ਮੌਜੂਦ ਯੂਰੀਆ ਦਾ ਸਟਾਕ ਇਕਸਾਰ ਹੋਵੇ ਜੇਕਰ ਖਾਦ ਦੇ ਸਟਾਕ ਦਾ ਮਿਲਾਨ ਨਹੀਂ ਹੋ ਰਿਹਾ ਤਾਂ ਪਾਉਸ ਮਸ਼ੀਨ ਵਿਚੋਂ ਸਟਾਕ ਕੱਢਣ ਲਈ ਕਿਹਾ ਜਾਵੇ। ਕੰਪਨੀਆਂ ਦੇ ਨੁਮਾਇੰਦਿਆਂ ਵੱਲੋ ਦੱਸਿਆ ਗਿਆ ਕਿ ਯੂਰੀਆ ਖਾਦ ਦੇ ਹੋਰ ਰੈਕ ਵੀ ਜਲਦ ਗੁਰਦਾਸਪੁਰ ਵਿਖ਼ੇ ਲਗਾਏ ਜਾਣਗੇ ਜਿਸ ਨਾਲ 30 ਜੂਨ ਤੱਕ ਬਾਕੀ ਲੋੜੀਂਦੀ ਯੂਰੀਆ ਖਾਦ ਪਹੁੰਚ ਜਾਵੇਗੀ ਅਤੇ ਕਿਸਾਨਾਂ ਨੂੰ ਲੋੜ ਅਨੁਸਾਰ ਯੂਰੀਆ ਖਾਦ ਮੁਹੱਇਆ ਕਰਵਾਈ ਜਾ ਸਕੇਗੀ।