ਡੇਂਗੂ ਵਿਰੋਧੀ ਮੁਹਿੰਮ: ਨਰਸਰੀਆਂ, ਉਸਾਰੀ ਵਾਲੀਆਂ ਥਾਵਾਂ ਅਤੇ ਖਾਲੀ ਪਲਾਟਾਂ ਵਿੱਚ ਡੇਂਗੂ ਸਰਵੇਖਣ ਤੇ ਜਾਗਰੂਕਤਾ
ਅਸ਼ੋਕ ਵਰਮਾ
ਨਥਾਣਾ, 20 ਜੂਨ 2025:ਸਿਹਤ ਵਿਭਾਗ ਵਲੋਂ ‘ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਡੇਂਗੂ ਵਿਰੋਧੀ ਮੁਹਿੰਮ ਤਹਿਤ ਅੱਜ ਡਰਾਈ ਡੇ ਮੌਕੇ ਪੌਦਿਆਂ ਦੀਆਂ ਨਰਸਰੀਆਂ, ਉਸਾਰੀ ਅਧੀਨ ਇਮਾਰਤਾਂ ਅਤੇ ਖਾਲੀ ਪਲਾਟਾਂ ਵਿੱਚ ਡੇਂਗੂ ਸਰਵੇਖਣ ਕੀਤਾ ਗਿਆ। ਸਿਵਲ ਸਰਜਨ ਬਠਿੰਡਾ ਡਾ. ਰਮਨਦੀਪ ਸਿੰਗਲਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਨਥਾਣਾ ਡਾਕਟਰ ਨਵਦੀਪ ਕੌਰ ਸਰਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰਸਿਹਤ ਵਿਭਾਗ ਦੀ ਮਲੇਰੀਆ ਟੀਮ ਐਸ.ਆਈ ਅਜੈ ਕੁਮਾਰ, ਸਿਹਤ ਕਰਮੀ ਮਨਜਿੰਦਰ ਸਿੰਘ ਸੇਮਾ, ਮਨਪ੍ਰੀਤ ਸਿੰਘ, ਸੁਰਜੀਤ ਸਿੰਘ ਅਤੇ ਗੁਰਦਾਸ ਸਿੰਘ ਨੇ ਇਨ੍ਹਾਂ ਥਾਵਾਂ ’ਤੇ ਜਾ ਕੇ ਲਾਰਵੇ ਦੀ ਜਾਂਚ ਕੀਤੀ ਅਤੇ ਲੋਕਾਂ ਨੂੰ ਡੇਂਗੂ ਮਲੇਰੀਆ ਤੋਂ ਬਚਾਅ ਲਈ ਨੁਕਤੇ ਸਾਂਝੇ ਕੀਤੇ।
ਮੈਡੀਕਲ ਅਫਸਰ ਡਾ. ਸਤਵਿੰਦਰ ਸਿੰਘ ਨੇ ਕਿਹਾ ਕਿ ਡੇਂਗੂ ਦੀਆਂ ਜ਼ਿਆਦਾਤਰ ਬਿਮਾਰੀਆਂ ਬਾਰਿਸ਼ ਦੇ ਸ਼ੁਰੂਆਤੀ ਪੜਾਅ 'ਤੇ ਦਿਖਾਈ ਦਿੰਦੀਆਂ ਹਨ ਅਤੇ ਇਸ ਦੌਰਾਨ ਸਭ ਤੋਂ ਵੱਧ ਸਾਵਧਾਨੀਆਂ ਦੀ ਲੋੜ ਹੁੰਦੀ ਹੈ। ਇਸ ਬਿਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਡੇਂਗੂ ਪ੍ਰਤੀ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਡੇਂਗੂ ਦਾ ਲਾਰਵਾ ਮੁੱਖ ਤੌਰ 'ਤੇ ਸਾਫ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਜੁਲਾਈ ਤੋਂ ਅਕਤੂਬਰ ਇਸ ਦੇ ਵਾਧੇ ਲਈ ਸਭ ਤੋਂ ਅਨੁਕੂਲ ਸਮਾਂ ਹੁੰਦਾ ਹੈ। ਡੇਂਗੂ ਬੁਖਾਰ ਮਾਦਾ ਐਂਡੀਜ ਅਜੈਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਸ ਲਈ ਇਸ ਨੂੰ ਟਾਇਗਰ ਮੱਛਰ ਵੀ ਕਹਿੰਦੇ ਹਨ। ਇੱਕ ਹਫਤੇ ਦੇ ਅੰਦਰ-ਅੰਦਰ ਅੰਡੇ ਤੋਂ ਪੂਰਾ ਅਡੱਲਟ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ। ਇਹ ਮੱਛਰ ਇਕ ਚੱਮਚ ਪਾਣੀ ਵਿਚ ਵੀ ਪੈਦਾ ਹੋ ਜਾਂਦਾ ਹੈ।
ਬਲਾਕ ਐਕਸਟੈਨਸ਼ਨ ਐਜੂਕੇਟਰ ਪਵਨਜੀਤ ਕੌਰ ਅਤੇ ਐਸ.ਆਈ ਅਜੈ ਕੁਮਾਰ ਨੇ ਸਾਂਝੇ ਰੂਪ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਦਾ ਮੱਛਰ ਕੂਲਰਾਂ, ਕੰਨਟੇਨਰਾਂ, ਫਰਿਜ਼ ਦੇ ਪਿਛੇ ਲੱਗੀਆਂ ਟ੍ਰੇਆਂ, ਗਮਲਿਆਂ, ਘਰਾਂ ਦੀਆਂ ਛੱਤਾਂ ਉਪਰ ਪਏ ਕਬਾੜ, ਟਾਇਰ ਆਦਿ ਵਿਚ ਖੜ੍ਹੇ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ। ਇਹ ਮੱਛਰ ਜਿਆਦਾਤਰ ਸਵੇਰ ਵੇਲੇ ਸੂਰਜ ਚੜਣ ਤੋਂ ਬਾਅਦ ਅਤੇ ਸ਼ਾਮ ਨੂੰ ਸੂਰਜ ਡੁਬਣ ਵੇਲੇ ਅਤੇ ਸਰੀਰ ਦੇ ਹੇਠਲੇ ਹਿੱਸਿਆਂ ਉਤੇ ਕੱਟਦਾ ਹੈ। ਜੇ ਕਿਸੇ ਨੂੰ ਤੇਜ਼਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜਿਆਂ ਤੇ ਨੱਕ ਵਿਚ ਖੂਨ ਵਗਣਾ ਜਿਹੇ ਲਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।ਬੁਖਾਰ ਹੋਣ ਤੇ ਐਸਪ੍ਰੀਨ ਅਤੇ ਬਰੂਫਨ ਨਹੀਂ ਲੈਣੀ ਚਾਹੀਦੀ ਸਿਰਫ ਪੈਰਾਸੀਟਾਮੋਲ ਡਾਕਟਰ ਦੀ ਸਲਾਹ ਨਾਲ ਹੀ ਲਵੋ। ਡੇਂਗੂ ਵਿੱਚ ਪਲੇਟਲੈਟਸ ਲਗਾਤਾਰ ਘਟਦੇ ਹਨ ਅਤੇ ਇਹ ਬਿਮਾਰੀ ਖਤਰਨਾਕ ਹੋ ਜਾਂਦੀ ਹੈ। ਡੇਂਗੂ ਦੇ ਲੱਛਣ 2 ਤੋਂ 7 ਦਿਨਾਂ ਤੱਕ ਰਹਿੰਦੇ ਹਨ। ਇਸ ਦੌਰਾਨ ਪਾਣੀ ਜਾਂ ਤਰਲ ਪਦਾਰਥ ਜਿਆਦਾ ਪੀਣੇ ਚਾਹੀਦੇ ਹਨ ਅਤੇ ਆਰਾਮ ਕਰਨਾ ਚਾਹੀਦਾ ਹੈ। ਇਸ ਮੌਕੇ ਲੋਕਾਂ ਨੂੰ ਇਸ ਮੁਹਿੰਮ ਨਾਲ ਵਿਚ ਵੱਧ ਤੋਂ ਵੱਧ ਸਾਥ ਦੇਣ ਦਾ ਸੱਦਾ ਦਿੱਤਾ ਗਿਆ।