ਅਕਾਲ ਅਕੈਡਮੀ ਥੇਹ ਕਲੰਧਰ ਵਿਖੇ ਉਤਸ਼ਾਹ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ
ਹਰਜਿੰਦਰ ਸਿੰਘ ਭੱਟੀ
ਥੇਹ ਕਲੰਧਰ, 7 ਜੂਨ, 2025: ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਵਿਸ਼ਵ ਵਾਤਾਵਰਣ ਦਿਵਸ ਨੂੰ ਵਧੇਰੇ ਜੋਸ਼ ਅਤੇ ਸਮਰਪਣ ਨਾਲ ਮਨਾਇਆ ਗਿਆ। ਇਹ ਕਾਰਜਕ੍ਰਮ ਸੋਸ਼ਲ ਸਾਇੰਸ ਵਿਭਾਗ ਦੀ ਇੰਚਾਰਜ ਮਨਪ੍ਰੀਤ ਕੌਰ ਵੱਲੋਂ ਆਯੋਜਿਤ ਕੀਤਾ ਗਿਆ। ਜੋ ਕਿ ਅਕਾਲ ਅਕੈਡਮੀ ਥੇਹ ਕਲੰਦਰ ਦੇ ਪ੍ਰਿੰਸੀਪਲ ਗੁਰਜੀਤ ਕੌਰ ਸਿੱਧੂ ਦੀ ਰਹਿਨੁਮਾਈ ਹੇਠ ਸਫਲਤਾਪੂਰਵਕ ਸਮਾਪਤ ਹੋਇਆ।
ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਸਮਾਜ ਵਿੱਚ ਵਾਤਾਵਰਣ ਦੀ ਸੰਭਾਲ ਅਤੇ ਪੰਛੀਆਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣਾ ਸੀ। ਵਿਦਿਆਰਥੀਆਂ ਨੇ ਵੱਖ-ਵੱਖ ਰਚਨਾਤਮਕ ਅਤੇ ਮੌਲਿਕ ਗਤਿਵਿਧੀਆਂ ਵਿੱਚ ਭਰਪੂਰ ਉਤਸ਼ਾਹ ਨਾਲ ਭਾਗ ਲਿਆ। ਕਿਸੇ ਨੇ ਵੱਖ-ਵੱਖ ਕਿਸਮ ਦੇ ਪੌਦੇ ਲਗਾ ਕੇ ਹਰੇ-ਭਰੇ ਭਵਿੱਖ ਵੱਲ ਕਦਮ ਚੁੱਕਿਆ, ਤਾਂ ਕਿਸੇ ਨੇ ਕੱਪੜੇ ਦੀਆਂ ਥੈਲੀਆਂ ਤਿਆਰ ਕਰ ਲੋਕਾਂ ਨੂੰ ਪਲਾਸਟਿਕ ਦੇ ਨੁਕਸਾਨਾਂ ਤੋਂ ਸਚੇਤ ਕੀਤਾ। ਕੁਝ ਵਿਦਿਆਰਥੀਆਂ ਨੇ ਪੰਛੀਆਂ ਲਈ ਘਰ ਤਿਆਰ ਕਰ ਕੇ ਉਨ੍ਹਾਂ ਦੀ ਸੁਰੱਖਿਆ ਵੱਲ ਧਿਆਨ ਦਿਵਾਇਆ।
ਇਨ੍ਹਾਂ ਗਤਿਵਿਧੀਆਂ ਦੇ ਨਾਲ-ਨਾਲ ਵਿਦਿਆਰਥੀਆਂ ਨੇ ਪ੍ਰੇਰਣਾਦਾਇਕ ਭਾਸਣਾਂ ਰਾਹੀਂ ਵੀ ਆਪਣਾ ਸੰਦੇਸ਼ ਦਿੱਤਾ। ਅਕਾਲ ਅਕੈਡਮੀ ਦੇ ਪ੍ਰਿੰਸੀਪਲ ਗੁਰਜੀਤ ਕੌਰ ਸਿੱਧੂ ਨੇ ਵਿਦਿਆਰਥੀਆਂ ਦੇ ਇਸ ਉਪਰਾਲਿਆਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ “ਅਸੀਂ ਸਭ ਨੂੰ ਮਿਲ ਕੇ ਪ੍ਰਕਿਰਤੀ ਦੀ ਰੱਖਿਆ ਕਰਨ ਲਈ ਸਾਨੂੰ ਸਾਰਿਆਂ ਨੂੰ ਅੱਗੇ ਹੋ ਕੇ ਉਪਰਾਲੇ ਕਰਨ ਦੀ ਜਰੂਰਤ ਹੈ, ਤਾਂ ਜੋ ਭਵਿੱਖ ਦੀ ਪੀੜ੍ਹੀ ਨੂੰ ਸਾਫ-ਸੁਥਰਾ ਵਾਤਾਵਰਣ ਮਿਲ ਸਕੇ।” ਇਸ ਪ੍ਰਕਾਰ ਇਹ ਪ੍ਰੋਗ੍ਰਾਮ ਸਿੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਮਿਲਾਪ ਦੀ ਇੱਕ ਉੱਤਮ ਮਿਸਾਲ ਸਾਬਿਤ ਹੋਇਆ।