ਨਸ਼ੀਲਾ ਪਾਊਡਰ, ਹੈਰੋਈਨ, ਨਸ਼ੀਲੀਆਂ ਗੋਲੀਆ, 01 ਪਿਸਟਲ ਸਮੇਤ 5 ਵਿਅਕਤੀ ਕੀਤੇ ਗ੍ਰਿਫਤਾਰ
ਨਸ਼ਾ ਤਸਕਰੀ/ਸਮੱਗਲਿੰਗ ਕਰਨ ਵਾਲੇ ਦੀ ਜਾਣਕਾਰੀ ਸੂਚਨਾ ਸੇਫ ਪੰਜਾਬ ਐਂਟੀ ਡਰੱਗ ਹੈਲਪਲਾਇਨ ਨੰਬਰ 97791-00200 ਤੇ ਦਿੱਤੀ ਜਾਵੇ - ਐੱਸ ਐੱਸ ਪੀ
ਰੂਪਨਗਰ, 04 ਜੂਨ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ ਮੁਹਿੰਮ" ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਜ਼ਿਲ੍ਹਾ ਰੂਪਨਗਰ ਪੁਲਿਸ ਵੱਲੋਂ ਨਸ਼ੇ ਨੂੰ ਵੇਚਣ ਵਾਲਿਆਂ ਵਿਰੁੱਧ ਕਾਰਵਾਈਆਂ ਨਿਰੰਤਰ ਜਾਰੀ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਰੂਪਨਗਰ ਰੇਂਜ ਰੂਪਨਗਰ ਸ. ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਰੂਪਨਗਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ "ਯੁੱਧ ਨਸ਼ਿਆ ਵਿਰੁੱਧ" ਮੁਹਿੰਮ ਤਹਿਤ ਐਨ.ਡੀ.ਪੀ.ਐਸ. ਐਕਟ ਦੇ ਵੱਖ-ਵੱਖ ਮੁਕੱਦਮਿਆਂ ਵਿੱਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋਂ 24 ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ, 19 ਗ੍ਰਾਮ ਤੋਂ ਵੱਧ ਹੈਰੋਈਨ, 780 ਨਸ਼ੀਲੀਆਂ ਗੋਲੀਆ ਬ੍ਰਾਮਦ ਕੀਤੀਆਂ ਗਈਆਂ ਅਤੇ 1 ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 01 ਪਿਸਟਲ 30 ਬੋਰ ਤੇ 02 ਜਿੰਦਾ ਰੌਂਦ ਬਰਾਮਦ ਕੀਤੇ ਗਏ ਅਤੇ ਉਸ ਖਿਲਾਫ ਅਸਲਾ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ "ਯੁੱਧ ਨਸ਼ਿਆ ਵਿਰੁੱਧ" ਮੁਹਿੰਮ ਦੀ ਲਗਾਤਾਰਤਾ ਵਿੱਚ ਵੱਖ-ਵੱਖ ਸਥਾਨਾ ਤੇ ਨਾਕਾਬੰਦੀਆਂ ਅਤੇ ਗਸ਼ਤਾ ਰਾਹੀ ਨਸ਼ਾ ਤਸਕਰਾਂ ਅਤੇ ਭੈੜੇ ਅਨਸਰਾਂ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਥਾਣਾ ਸਿਟੀ ਰੂਪਨਗਰ ਵੱਲੋਂ ਰਿਹਾਨ ਵਾਸੀ ਬੜੀ ਹਵੇਲੀ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋਂ 12 ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ ਬ੍ਰਾਮਦ ਕੀਤਾ ਗਿਆ, ਥਾਣਾ ਕੀਰਤਪੁਰ ਸਾਹਿਬ ਵੱਲੋਂ ਅਰੁਨਪ੍ਰੀਤ ਸਿੰਘ ਵਾਸੀ ਪਿੰਡ ਗੱਜਪੁਰ ਥਾਣਾ ਸ੍ਰੀ ਅਨੰਦਪੁਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋ 12.50 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਕੀਤਾ ਗਿਆ ਅਤੇ ਥਾਣਾ ਸਿਟੀ ਮੋਰਿੰਡਾ ਵਲੋ ਭੁਪਿੰਦਰ ਸਿੰਘ ਉਰਫ ਪੱਪੂ ਅਤੇ ਸੁਖਵਿੰਦਰ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਪਿੰਡ ਦਤਾਰਪੁਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 19 ਗ੍ਰਾਮ ਤੋਂ ਵੱਧ ਹੈਰੋਈਨ ਅਤੇ 780 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆ ਅਤੇ ਉਨ੍ਹਾਂ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮੇ ਦਰਜ਼ ਕੀਤੇ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਲੋਂ ਬਲਵੰਤ ਸਿੰਘ ਉਰਫ ਬੰਤ ਵਾਸੀ ਪਿੰਡ ਚੱਕ ਹੋਲਗੜ ਥਾਣਾ ਸ੍ਰੀ ਅਨੰਦਪੁਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 01 ਪਿਸਟਲ 30 ਬੋਰ ਅਤੇ 02 ਜਿੰਦਾ ਰੋਂਦ ਬ੍ਰਾਮਦ ਕੀਤੇ ਗਏ ਅਤੇ ਉਸ ਖਿਲਾਫ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ।
ਸ. ਗੁਲਨੀਤ ਸਿੰਘ ਖੁਰਾਣਾ ਨੇ ਅੱਗੇ ਦੱਸਿਆਂ ਕਿ ਰੂਪਨਗਰ ਪੁਲਿਸ ਵਲੋਂ ਪ੍ਰੋਜੇਕਟ 'ਸੰਪਰਕ' ਤਹਿਤ ਆਮ ਪਬਲਿਕ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾ ਸਬੰਧੀ ਜਾਗਰਕ ਕਰਨ ਅਤੇ ਪੁਲਿਸ ਨਾਲ ਪਬਲਿਕ ਦਾ ਤਾਲਮੇਲ ਹੋਰ ਵਧਾਉਣ ਲਈ ਗਜਟਿਡ ਅਫਸਰਾਂ ਅਤੇ ਮੁੱਖ ਅਫਸਰ ਥਾਣਾ ਵਲੋ ਪਿੰਡਾ ਵਿੱਚ ਜਾ ਕੇ ਮੀਟਿੰਗਾ ਕੀਤੀਆਂ ਗਈਆ। ਜਿਨ੍ਹਾਂ ਵੱਲੋ ਮੀਟਿੰਗਾਂ ਦੌਰਾਨ ਹਾਜ਼ਰੀਨ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾ ਅਤੇ ਪੰਜਾਬ ਐਂਟੀ ਡਰੱਗ ਹੈਲਪਲਾਇਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਹਾਜ਼ਰੀਨ ਦੇ ਸੁਝਾਅ ਵੀ ਲਏ ਗਏ।
ਐਸ.ਐਸ.ਪੀ. ਰੂਪਨਗਰ ਵਲੋ ਪਬਲਿਕ ਨੂੰ ਅਪੀਲ ਕੀਤੀ ਕਿ ਨਸ਼ੇ ਵਰਗੀ ਅਲਾਹਮਤ ਨੂੰ ਖਤਮ ਕਰਨ ਲਈ ਪੁਲਿਸ ਦਾ ਪੂਰਨ ਤੋਰ ਤੇ ਸਹਿਯੋਗ ਕੀਤਾ ਜਾਵੇ ਅਤੇ ਜੇਕਰ ਉਨ੍ਹਾਂ ਦੇ ਇਲਾਕਾ ਵਿਚ ਕੋਈ ਵਿਅਕਤੀ ਨਸ਼ਾ ਤਸਕਰੀ/ਸਮੱਗਲਿੰਗ ਕਰਦਾ ਹੈ ਤਾਂ ਉਸਦੀ ਸੂਚਨਾ ਸੇਫ ਪੰਜਾਬ ਐਂਟੀ ਡਰੱਗ ਹੈਲਪਲਾਇਨ ਨੰਬਰ 97791-00200 (ਵਟਸਐਪ ਚੈਟਬੋਟ) ਜਾ ਜਿਲ੍ਹਾ ਪੁਲਿਸ ਦੇ ਨੰਬਰਾ ਪਰ ਸਾਂਝੀ ਕੀਤੀ ਜਾਵੇ। ਜਿਲ੍ਹਾ ਪੁਲਿਸ ਵੱਲੋਂ ਜਾਣਕਾਰੀ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।