ਗੁਰਦਾਸਪੁਰ: ਲੜਕੀ ਦੀ ਰਿੰਗ ਸੈਰਾਮਨੀ ਤੋਂ ਬਾਅਦ ਪਰਤ ਰਹੇ ਪਰਿਵਾਰ 'ਤੇ ਹਥਿਆਰਬੰਦ ਨੌਜਵਾਨਾਂ ਵੱਲੋਂ ਹਮਲਾ
ਤਿੰਨ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ,ਇਕ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ, 3 ਜੂਨ ਆਪਣੀ ਭੈਣ ਦੀ ਰਿੰਗ ਸੈਰਾਮਣੀ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਘਰ ਛੱਡ ਕੇ ਕਾਰ ਤੇ ਵਾਪਸ ਪਰਤ ਰਹੇ ਦੋ ਨੌਜਵਾਨਾਂ ਤੇ ਕੁਝ ਹਥਿਆਰਬੰਦ ਨੌਜਵਾਨਾਂ ਵੱਲੋਂ ਹਮਲਾ ਕਰਕੇ ਜਖਮੀ ਕਰ ਦਿੱਤਾ ਗਿਆ । ਘਟਨਾ ਅੱਧੀ ਰਾਤ ਨੂੰ ਕਮੇਟੀ ਦਾ ਨੇੜੇ ਵਾਪਰੀ ਹੈ ਜਦਕਿ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ।
ਥਾਣਾ ਸਿਟੀ ਗੁਰਦਾਸਪੁਰ ਵਿਖੇ ਕੀਤੀ ਗਈ ਸ਼ਿਕਾਇਤ ਵਿੱਚ ਅਨਿਲ ਕੁਮਾਰ ਮਹਾਜਨ ਕੁਮਾਰ ਪੁੱਤਰ ਬਿਸ਼ਨ ਦਾਸ ਵਾਸੀ ਮੁਹੱਲਾ ਕ੍ਰਿਸ਼ਨਾ ਨਗਰ ਵਲੋਂ ਦੱਸਿਆ ਗਿਆ ਹੈ ਕਿ ਕਿ ਬੀਤੀ ਰਾਤ ਉਹ ਆਪਣੀ ਧੀ ਦੀ ਰਿੰਗ ਸੈਰਮਨੀ ਇੰਟਰਨੈਸ਼ਨਲ ਹੋਟਲ, ਗੁਰਦਾਸਪੁਰ ਅੰਦਰ ਸਮਾਪਤ ਕਰ ਕੇ ਕਰੀਬ 12:30 ਵਜੇ ਰਾਤ ਆਪਣੇ ਭਤੀਜੇ ਹਿਮਾਂਸ਼ੂ ਮਹਾਜਨ ਅਤੇ ਲੜਕੇ ਵਿਧੁਲ ਮਹਾਜਨ ਸਮੇਤ ਕਾਰ ‘ਚ ਰਿਸ਼ਤੇਦਾਰਾਂ ਨੂੰ ਛੱਡ ਕੇ ਵਾਪਸ ਘਰ ਆ ਰਹੇ ਸਨ।
ਜਦੋਂ ਉਹ ਕਮੇਟੀ ਘਰ ਨੇੜੇ ਪੁੱਜੇ ਤਾਂ ਹੀਰਾ ਲਾਲ ਕੋਸ਼ਲ ਪੁੱਤਰ ਰਾਜ ਕੁਮਾਰ ਵਾਸੀ ਨੇੜੇ ਕਮੇਟੀ ਘਰ, ਰਾਹੁਲ ਅਤੇ ਰਾਜੂ ਵਾਸੀ ਗੀਤਾ ਭਵਨ ਨੇ ਆਪਣੀ ਕਾਰ ਨਾਲ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਕੇ ਰੋਕਿਆ ਅਤੇ ਫੇਰ ਉਨ੍ਹਾਂ ਦੇ ਲੜਕੇ ਅਤੇ ਭਤੀਜੇ ਉੱਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੂੰ ਦਸਤੀ ਹਥਿਆਰਾਂ ਨਾਲ ਸੱਟਾ ਮਾਰ ਕੇ ਜਖਮੀ ਕਰ ਦਿੱਤਾ।
ਹਮਲਾਵਰਾਂ ਵੱਲੋਂ ਉਨ੍ਹਾਂ ਦੀ ਕਾਰ ਨੂੰ ਨੁਰਸਾਨ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਹਿਮਾਂਸ਼ੂ ਮਹਾਜਨ ਦਾ ਇਲਾਜ ਸਿਵਲ ਹਸਪਤਾਲ, ਗੁਰਦਾਸਪੁਰ ਵਿੱਚ ਚੱਲ ਰਿਹਾ ਹੈ। ਝਗੜੇ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ।
ਉੱਥੇ ਹੀ ਤਫਤੀਸ਼ੀ ਅਫਸਰ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਹੀਰਾ ਲਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।