ਐਚਐਮਈਐਲ ਵੱਲੋਂ ਡਰਾਈਵਰਾਂ ਅਤੇ ਕੰਡਕਟਰਾਂ ਲਈ ਮੁਫਤ ਸਿਹਤ ਜਾਂਚ ਮੁਹਿੰਮ ਦੀ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ, 2ਜੂਨ 2025: ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ (ਐਚਐਮਈਐਲ) ਵੱਲੋਂ ਗੁਰੂ ਗੋਬਿੰਦ ਸਿੰਘ ਰਿਫਾਈਨਰੀ, ਬਠਿੰਡਾ ਵਿਖੇ ਆਪਣੀ ਟਰਾਂਸਪੋਰਟ ਅਤੇ ਲਾਜਿਸਟਿਕਸ ਨਾਲ ਜੁੜੇ ਕਾਮਿਆਂ ਲਈ ਮੁਘਤ ਸਿਹਤ ਜਾਂਚ ਕੈਂਪ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦਘਾਟਨ ਐਚਐਮਈਐਲ ਦੇ ਸੀਓਓ ਐਮ. ਬੀ. ਗੋਹਿਲ ਨੇ ਕੀਤਾ। ਸ੍ਰੀ ਗੋਹਿਲ ਨੇ ਕਿਹਾ ਕਿ, ‘ਸਿਹਤਮੰਦ ਤੇ ਸੁਰੱਖਿਅਤ ਕਾਰਜ ਸਥਾਨ ਦੀ ਸਥਾਪਨਾ’ ਸਿਰਫ਼ ਕੰਪਨੀ ਦੀ ਨੀਤੀ ਨਹੀਂ, ਸਗੋਂ ਇੱਕ ਸੰਕਲਪ ਹੈ ਜਿਸਨੂੰ ਅਸੀਂ ਜਮੀਨ ’ਤੇ ਲਿਆਂਦੇ ਹੋਏ ਹਰ ਵਰਕਰ ਤੱਕ ਪਹੁੰਚ ਕਰ ਰਹੇ ਹਾਂ। ਇਹ ਮੁਹਿੰਮ ਸਿਰਫ਼ ਸਰੀਰਕ ਜਾਂਚ ਨਹੀਂ, ਸਗੋਂ ਜਾਗਰੂਕਤਾ, ਰੋਕਥਾਮ ਅਤੇ ਸੁਚੱਜੀ ਜੀਵਨਸ਼ੈਲੀ ਵਲ ਇੱਕ ਕਦਮ ਹੈ। ਇਸ ਮੁਹਿੰਮ ਦਾ ਉਦੇਸ਼ ਟੈਂਕਰ/ਟਰੱਕ ਚਾਲਕਾਂ, ਟਰਾਂਸਪੋਰਟ ਸਟਾਫ ਅਤੇ ਹੋਰ ਸਹਿਕਰਮੀਆਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ।
ਇਹ ਉਹ ਲੋਕ ਹਨ ਜੋ ਅਕਸਰ ਆਪਣੀ ਕੰਮ ਧੰਦਿਆਂ ਕਾਰਨ ਸਿਹਤ ਦੀ ਪਹੁੰਚ ਤੋਂ ਦੂਰ ਰਹਿ ਜਾਂਦੇ ਹਨ। ਮੁਹਿੰਮ ਮਈ 2026 ਤੱਕ ਹਰ ਮਹੀਨੇ ਤਿੰਨ ਕੈਂਪ ਲਾਏ ਜਾਣਗੇ ਜਿਨ੍ਹਾਂ ਵਿੱਚ ਆਮ ਸਿਹਤ ਜਾਂਚ, ਅੱਖਾਂ ਦੀ ਜਾਂਚ ਅਤੇ ਆਯੁਰਵੇਦਿਕ ਸਲਾਹ /ਉਪਚਾਰ ਸ਼ਾਮਿਲ ਹੋਣਗੇ। ਇਹ ਮੁਹਿੰਮ ਸਿਵਲ ਹਸਪਤਾਲ ਬਠਿੰਡਾ, ਇਕਜੋਤ ਆਈ ਹਸਪਤਾਲ ਅਤੇ ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸ਼ਲਟੀ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਪਹਿਲੇ ਦਿਨ ਦੇ ਸ਼ਿਵਿਰ ’ਚ ਦਰਜਨੋਂ ਟਰੱਕ ਚਾਲਕਾਂ ਅਤੇ ਸਟਾਫ ਮੈਂਬਰਾਂ ਨੇ ਅੱਖਾਂ ਦੀ ਜਾਂਚ ਅਤੇ ਸਿਹਤ ਸਲਾਹ ਲਈ ਭਾਗ ਲਿਆ। ਇਸ ਦੌਰਾਨ ਸਿਹਤ ਸਿਖਲਾਈ ਸੈਸ਼ਨਾਂ ਰਾਹੀਂ ਉਨ੍ਹਾਂ ਨੂੰ ਨਸ਼ਾ ਮੁਕਤੀ, ਯੋਗ ਅਤੇ ਰੋਜ਼ਾਨਾ ਸਿਹਤ ਰੁਟੀਨ ਬਾਰੇ ਵੀ ਜਾਣਕਾਰੀ ਦਿੱਤੀ ਗਈ ਤਾਂ ਜੋ ਉਹ ਸਿਹਤਮੰਦ ਜੀਵਨ ਜਿਉਂ ਸਕਣ।