ਪੰਜਾਬ ਸਰਕਾਰ ਨੇ ਨਸ਼ਿਆਂ ਨੂੰ ਖਤਮ ਕਰਨ ਲਈ ਗਰਾਊਂਡ ਪੱਧਰ 'ਤੇ ਮੁਹਿੰਮ ਵਿੱਢੀ-ਸੋਨੀਆ ਮਾਨ
ਕਿਹਾ- ਸਮੂਹਿਕ ਸਾਥ ਨਾਲ ਨਸ਼ੇ ਦੀ ਬਿਮਾਰੀ ਨੂੰ ਠੱਲ ਪਾਈ ਜਾ ਰਹੀ ਹੈ
ਰੋਹਿਤ ਗੁਪਤਾ
ਬਟਾਲਾ, 2 ਜੂਨ 2025- ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਪਿੰਡਾਂ ਤੇ ਸ਼ਹਿਰਾਂ ਦੇ ਲੋਕ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਦੇਣ ਲਈ ਅੱਗੇ ਆ ਰਹੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ 'ਨਸ਼ਾ ਮੁਕਤੀ ਯਾਤਰਾ' ਮਾਝਾ ਜ਼ੌਨ ਦੇ ਇੰਚਾਰਜ ਸੋਨੀਆ ਮਾਨ ਨੇ ਕੀਤਾ। ਇਸ ਮੌਕੇ ਨਾਇਬ ਤਹਿਸੀਲਦਾਰ ਨਿਤਿਨ ਸਹੋਤਾ, ਅੰਮਿ੍ਤ ਕਲਸੀ, ਚੇਅਰਮੈਨ ਮਾਨਿਕ ਮਹਿਤਾ ਜਿਲ੍ਹਾ ਕੋਆਰਡੀਨੇਟਰ ਗੁਰਦਸਪੁਰ ਅਤੇ ਬੀਡੀਪੀਓ ਬਲਜੀਤ ਸਿੰਘ ਵੀ ਮੌਜੂਦ ਸਨ।
ਪਿੰਡ ਕਿਲਾ ਟੇਕ ਸਿੰਘ ਵਿਖੇ ਕਰਵਾਈ 'ਨਸ਼ਾ ਮੁਕਤੀ ਯਾਤਰਾ' ਮੁਹਿੰਮ ਤਹਿਤ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸੋਨੀਆ ਮਾਨ ਨੇ ਦੱਸਿਆ ਕਿ 'ਨਸ਼ਾ ਮੁਕਤੀ ਯਾਤਰਾ' ਦਾ ਮੰਤਵ ਸਮੂਹ ਵਰਗਾਂ ਦੇ ਸਹਿਯੋਗ ਨਾਲ ਨਸ਼ਿਆਂ ਦਾ ਖਾਤਮਾ ਕਰਨਾ ਹੈ ਅਤੇ ਹਰੇਕ ਪਿੰਡ ਤੇ ਹਰੇਕ ਗਲੀ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਨੂੰ ਖਤਮ ਕਰਨ ਲਈ ਗਰਾਊਂਡ ਪੱਧਰ 'ਤੇ ਮੁਹਿੰਮ ਵਿੱਢੀ ਗਈ ਹੈ ਅਤੇ ਸਮੂਹਿਕ ਸਾਥ ਨਾਲ ਨਸ਼ੇ ਦੀ ਬਿਮਾਰੀ ਨੂੰ ਠੱਲ ਪਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿਥੇ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਕੇ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਤੌਰ ਤੇ ਖਾਤਮਾ ਕਰ ਰਹੀ ਹੈ ਉੱਥੇ ਹੀ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਨੌਜਵਾਨਾਂ ਦਾ ਨਸ਼ਾ ਛੁਡਵਾ ਕੇ ਉਨਾਂ ਨੂੰ ਮੁੜ ਤੋਂ ਆਪਣੇ ਪੈਰਾਂ ਤੇ ਖੜੇ ਵੀ ਕਰ ਰਹੀ ਹੈ ਤਾਂ ਜੋ ਉਹ ਸਮਾਜ ਵਿੱਚ ਬਿਹਤਰ ਜਿੰਦਗੀ ਬਤੀਤ ਕਰ ਸਕਣ।
ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ। ਇਸ ਮੌਕੇ ਉਨ੍ਹਾਂ ਸਮੂਹ ਹਾਜਰੀਨ ਨੂੰ ਨਸ਼ਾ ਨਾ ਕਰਨ, ਨਸ਼ਿਆਂ ਤੋਂ ਬਚਣ ਲਈ ਜਾਗਰੂਕਤਾ ਅਤੇ ਨਸ਼ੇ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਾਉਣ ਵਿੱਚ ਸਹਾਇਤਾ ਕਰਨ ਦਾ ਪ੍ਰਣ ਦਿਵਾਇਆ।
ਇਸ ਮੌਕੇ ਚੇਅਰਮੈਨ ਮਾਨਿਕ ਮਹਿਤਾ ਨੇ ਕਿਹਾ ਕਿ ਨਸ਼ਾ ਸਾਡੀ ਨੋਜਵਾਨ ਪੀੜੀ ਨੂੰ ਘੁਣ ਵਾਂਗ ਖਾ ਕੇ ਸਮਾਜ ਲਈ ਗੰਭੀਰ ਸਮੱਸਿਆ ਬਣ ਗਿਆ ਸੀ ਪਰ ਪੰਜਾਬ ਸਰਕਾਰ ਨੇ ਨਸ਼ੇ ਤੇ ਨਸ਼ਾ ਤਸਕਰਾਂ ਨੂੰ ਜੜ੍ਹੋਂ ਖਤਮ ਕਰਨ ਲਈ ਨਸ਼ਾ ਤਸਕਰਾਂ ਵਿਰੁੱਧ ਮਿਸਾਲੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਤਾਂ ਜੋ ਕੋਈ ਵੀ ਅੱਗੇ ਤੋਂ ਨਸ਼ਾ ਤਸਕਰੀ ਦਾ ਕੰਮ ਨਾ ਕਰੇ ਅਤੇ ਪੰਜਾਬ ਨੂੰ ਮੁੜ ਤੋਂ ਸਿਹਤਮੰਦ ਪੰਜਾਬ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਨਸ਼ਾ ਮੁਕਤ ਯਾਤਰਾ ਤਹਿਤ ਪਿੰਡਾਂ ਤੇ ਵਾਰਡਾਂ ਵਿੱਚ ਲੋਕਾਂ ਨੂੰ ਨਸ਼ਿਆਂ ਖਿਲਾਫ਼ ਲੜਨ ਲਈ ਲਗਾਤਾਰ ਲਾਮਬੰਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਪਿੰਡ ਵਾਸੀਆਂ ਤੇ ਖਾਸ ਕਰਕੇ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਨਸ਼ਾ ਇੱਕ ਕੋਹੜ ਹੈ ਇਸ ਤੋਂ ਹਰੇਕ ਨੌਜਵਾਨ ਨੂੰ ਬਚਣ ਦੀ ਲੋੜ ਹੈ। ਅਕਸਰ ਹੀ ਗਲਤ ਜਾਣਕਾਰੀ ਅਤੇ ਕੁਝ ਪਲਾਂ ਦੀ ਐਸ਼ਪ੍ਰਸਤੀ ਕਾਰਣ ਨੌਜਵਾਨ ਇਸ ਗਲਤ ਲਾਈਨ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਹੁਣ ਪਿੰਡ ਪੱਧਰ ਤੇ ਡਿਫੈਂਸ ਕਮੇਟੀਆਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਨੌਜਵਾਨਾਂ ਨੂੰ ਸਹੀ ਗਾਈਡ ਕਰਨ ਅਤੇ ਖੇਡ ਗਰਾਊਂਡਾਂ ਨਾਲ ਜੋੜ ਕੇ ਉਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ।
ਇਸ ਮੌਕੇ ਪਿ੍ਰੰਸੀਪਲ ਜਤਿੰਦਰ ਮਹਾਜਨ, ਮਾਸਟਰ ਤਿਲਕ ਰਾਜ, ਸਰਪੰਚ ਜਗਤਾਰ ਸਿੰਘ, ਸਰਪੰਚ ਬਲਵਿੰਦਰ ਸਿੰਘ,ਮਨਜੀਤ ਸਿੰਘ ਬੁਮਰਾਹ ਕੋਆਰਡੀਨੇਟਰ ਬਟਾਲਾ, ਅਮਿਤ ਸੋਢੀ, ਵੀਨੂੰ ਕਾਹਲੋਂ, ਲੰਬੜਦਾਰ ਅਮਰੀਕ ਸਿੰਘ, ਨਿਰਮਲ ਸਿੰਘ ਮੱਟੂ, ਵਾਸੂਦੇਵ ਸ਼ਰਮਾ, ਭੁਪਿੰਦਰ ਸਿੰਘ, ਜਗਜੀਤ ਸਿੰਘ, ਹਰਸ਼ ਮਹਾਜਨ,ਅਜੇ ਕੁਮਾਰ, ਨੌਜਵਾਨ, ਬਜ਼ੁਰਗ, ਔਰਤਾਂ ਸਮੇਤ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।