ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸਰਕਲ ਰੂਪਨਗਰ ਦੀ ਹੋਈ ਮੀਟਿੰਗ
ਸੋਧੇ ਤਨਖਾਹ ਸਕੇਲਾਂ ਦਾ ਬਕਾਇਆ ਕਿਸ਼ਤਾਂ ਵਿਚ ਦੇਣ ਦੀ ਕੀਤੀ ਗਈ ਨਿਖੇਧੀ।
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 26 ਮਾਰਚ 2025: ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਸਰਕਲ ਰੂਪਨਗਰ ਦੀ ਜਰੂਰੀ ਮੀਟਿੰਗ ਅੱਜ ਘਨੌਲੀ ਵਿਖੇ ਜਥੇਬੰਦੀ ਦੇ ਸਰਪ੍ਰਸਤ ਹਰਮੇਸ਼ ਸਿੰਘ ਧੀਮਾਨ ਦੀ ਪ੍ਰਧਾਨਗੀ ਹੇਠ ਸੰਪਨ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਮੇਸ਼ ਸਿੰਘ ਧੀਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੀਆਂ ਪ੍ਰਾਪਤੀਆਂ ਦੇ ਹੋਰਡਿੰਗ ਅਤੇ ਇਸ਼ਤਿਹਾਰਾਂ ਤੇ ਗਰੀਬ ਜਨਤਾਂ ਤੋਂ ਟੈਕਸਾਂ ਦੇ ਰੂਪ ਵਿਚ ਪ੍ਰਾਪਤ ਪੈਸਾ ਵਿਅਰਥ ਹੀ ਬਰਬਾਰ ਕਰ ਰਹੀ ਹੈ ਪ੍ਰੰਤੂ ਆਪਣੇ ਪੈਨਸ਼ਨਰਾਂ ਅਤੇ ਕਰਮਚਾਰੀਆਂ ਦਾ ਸਾਲ 2016 ਤੋਂ ਸੋਧੇ ਹੋਏ ਤਨਖਾਹ ਸਕੇਲਾਂ ਦਾ 18000 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਦੇਣ ਤੋਂ ਮੁਨਕਰ ਸੀ। ਜਿਸ ਕਾਰਨ ਪੈਨਸ਼ਨਰਾਂ ਨੂੰ ਮਾਨਯੋਗ ਹਾਈਕੋਰਟ ਦਾ ਰੁਖ ਅਖਤਿਆਰ ਕਰਨਾ ਪਿਆ।
ਮਾਨਯੋਗ ਹਾਈਕੋਰਟ ਦੇ ਦਖਲ ਦੇਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਇਕਮੁਸ਼ਤ ਰਕਮ ਦੇਣ ਦੀ ਬਜਾਏ ਕਿਸ਼ਤਾਂ ਦੇ ਰੂਪ ਵਿਚ ਇਹ ਬਕਾਇਆ ਦੇਣ ਲਈ ਰਾਜੀ ਹੋਈ ਹੈ। ਆਪਣੀ ਉਮਰ ਦੇ ਆਖਰੀ ਪੜਾਅ ਤੇ ਬੈਠੇ 75 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਦੋ ਕਿਸ਼ਤਾਂ, 65 ਤੋਂ 75 ਸਾਲ ਦੇ ਉਮਰ ਵਰਗ ਲਈ 12 ਕਿਸ਼ਤਾਂ ਅਤੇ 65 ਸਾਲ ਤੋਂ ਘੱਟ ਉਮਰ ਦੇ ਪੈਨਸ਼ਨਰਾਂ ਲਈ 42 ਕਿਸ਼ਤਾਂ ਵਿਚ ਇਹ ਬਕਾਇਆ ਦੇਣ ਲਈ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ। ਸਰਕਾਰ ਦੇ ਫੈਸਲੇ ਅਨੁਸਾਰ ਪੰਜਾਬ ਸਰਕਾਰ ਦੇ ਮੌਜੂਦਾ ਕਰਮਚਾਰੀਆਂ ਅਤੇ 2017 ਤੋਂ ਬਾਅਦ ਰਿਟਾਇਰ ਹੋਏ ਕਰਮਚਾਰੀਆਂ ਨੂੰ ਇਹ ਬਕਾਇਆ ਅਪਰੈਲ 2026 ਤੋਂ ਮਿਲਣਯੋਗ ਹੋਵੇਗਾ। ਜਥੇਬੰਦੀ ਸਰਕਾਰ ਦੇ ਇਸ ਫੈਸਲੇ ਦੀ ਪੁਰਜੋਰ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਬਣਦਾ ਬਕਾਇਆ ਇਕਮੁਸ਼ਤ ਦਿੱਤਾ ਜਾਵੇ। ਇਸ ਮੀਟਿੰਗ ਵਿਚ ਇੰਪਲਾਈਜ਼ ਫੈਡਰੇਸ਼ਨ ਪੰ.ਰਾ.ਬਿ.ਬੋ. ਥਰਮਲ ਯੁਨਿਟ ਦੇ ਆਹੁਦੇਦਾਰ ਵੀ ਸ਼ਾਮਲ ਸਨ। ਇਸ ਮੀਟਿੰਗ ਨੂੰ ਕਰਨੈਲ ਸਿੰਘ ਸੈਣੀ, ਰਾਮ ਸਿੰਘ ਝੱਜ, ਬਲਵੀਰ ਸਿੰਘ ਮਗਰੋੜ, ਕੁਲਦੀਪ ਸਿੰਘ ਮਿਨਹਾਸ, ਧਰਮ ਸਿੰਘ ਪਰਮਾਰ, ਸੰਗਾ ਸਿੰਘ, ਸੁੁਰਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਰਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।