ਟਾਵਰ 'ਤੇ ਡਟੇ ਬੇਰੁਜ਼ਗਾਰ ਅਧਿਆਪਕ ਦਾ ਮਰਨ ਵਰਤ ਚੌਥੇ ਦਿਨ ਵਿੱਚ ਦਾਖ਼ਲ
- ਸਿੱਖਿਆ ਮੰਤਰੀ ਦੇ ਜ਼ੁਬਾਨੀ ਤੇ ਨਹੀਂ ਲਿਖਤੀ ਭਰੋਸੇ ਬਾਅਦ ਟਾਵਰ ਤੋਂ ਆਵਾਂਗਾ ਨੀਚੇ - ਸੁਰਿੰਦਰਪਾਲ ਗੁਰਦਾਸਪੁਰ
ਪਟਿਆਲਾ,23 ਜੂਨ, 2021 - ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਿਹਾ ਬੇਰੁਜ਼ਗਾਰ ਈ ਟੀ ਟੀ ਟੈੱਟ ਪਾਸ ਅਧਿਆਪਕ 95 ਵੇਂ ਦਿਨ ਸਿਖਰ ਦੀ ਗਰਮੀ ਵਿੱਚ ਟਾਵਰ ਉਪਰ ਡਟਿਆ ਹੋਇਆ ਹੈ ਅਤੇ ਅੱਜ ਸੁਰਿੰਦਰਪਾਲ ਗੁਰਦਾਸਪੁਰ ਦਾ ਮਰਨ ਵਰਤ ਚੌਥੇ ਦਿਨ ਵਿੱਚ ਦਾਖ਼ਲ ਹੋ ਗਿਆ । ਭੁੱਖੇ ਪਿਆਸੇ ਰਹਿਣ ਕਾਰਨ ਸੁਰਿੰਦਰਪਾਲ ਦੀ ਹਾਲਤ ਹੋਰ ਜ਼ਿਆਦਾ ਨਾਜ਼ੁਕ ਹੁੰਦੀ ਜਾ ਰਹੀ ਹੈ ।
ਬੀਤੇ ਕੱਲ ਸਿਖਿਆ ਮੰਤਰੀ ਮੀਟਿੰਗ ਹੋਣ ਤੋਂ ਬਾਅਦ ਜਦੋਂ ਨਿਰਮਲ ਜ਼ੀਰਾ ਤੇ ਰਾਜ ਸੁਖਵਿੰਦਰ ਗੁਰਦਾਸਪੁਰ ਟਾਵਰ ਦੇ ਉੱਪਰ ਸੁਰਿੰਦਰਪਾਲ ਗੁਰਦਾਸਪੁਰ ਨਾਲ ਗੱਲਬਾਤ ਕਰਨ ਲਈ ਟਾਵਰ ਉਪਰ ਗਏ ਤਾਂ ਉਸ ਨੂੰ ਮੀਟਿੰਗ ਬਾਰੇ ਦੱਸਿਆ ਤੇ ਉਨ੍ਹਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਜਲਦ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਇਸ ਲਈ ਉਹ ਟਾਵਰ ਤੋਂ ਨੀਚੇ ਆ ਜਾਵੇ ਅਤੇ ਆਪਣਾ ਮਰਨ ਵਰਤ ਸਮਾਪਤ ਕਰੇ ਪਰ ਸੁਰਿੰਦਰਪਾਲ ਗੁਰਦਾਸਪੁਰ ਵੱਲੋਂ ਫ਼ੈਸਲਾ ਲਿਆ ਗਿਆ ਕਿ ਨਾ ਤਾਂ ਉਹ ਮਰਨ ਵਰਤ ਸਮਾਪਤ ਕਰੇਗਾ ਤੇ ਨਾ ਹੀ ਉਹ ਨੀਚੇ ਆਵੇਗਾ ਜਦ ਤਕ ਉਸ ਦੀਆਂ ਮੰਗਾਂ ਨੂੰ ਲਿਖਤੀ ਰੂਪ ਵਿੱਚ ਹੱਲ ਨਹੀਂ ਕੀਤਾ ਜਾਂਦਾ ।
ਇਸ ਮੌਕੇ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 15 ਪੰਦਰਾਂ ਹਜ਼ਾਰ ਤੋਂ ਵੱਧ ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਤੇ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ ਇੱਥੇ ਸੜਕਾਂ ਤੇ ਰੁਲਣ ਲਈ ਮਜਬੂਰ ਹਨ । ਪਰ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਅਸਾਮੀਆਂ ਕੱਢਣ ਦੀ ਥਾਂ ਤੇ ਸਰਕਾਰੀ ਸਕੂਲਾਂ ਤੇ ਤਾਲੇ ਜੜਨਾ ਚਾਹੁੰਦੀ ਹੈ ਤਾਂ ਕਿ ਆਮ ਲੋਕਾਂ ਕੋਲੋਂ ਸਿੱਖਿਆ ਦਾ ਹੱਕ ਖੋਹਿਆ ਜਾ ਸਕੇ ।
ਕਰਮਚਾਰੀ ਅੰਦੋਲਨਾਂ ਸਬੰਧੀ ਇਹ ਵੀਡੀਉ ਵੀ ਦੇਖੋ :