ਜਗਰਾਓਂ ਦੇ ਨਜ਼ਦੀਕ ਪਿੰਡ ਲੱਖਾ ਵਿਖੇ ਬੁਜ਼ੁਰਗ ਜੋੜੇ ਦਾ ਕਤਲ
ਦੀਪਕ ਜੈਨ
- ਬੇਟੀ ਗਈ ਸੀ ਕੋਰੋਨਾ ਟੀਕਾ ਲਗਵਾਉਣ
ਜਗਰਾਓਂ, 23 ਜੂਨ 2021 - ਪਿੰਡ ਲੱਖਾ ਵਿਖੇ ਇਕ ਦਰਦਨਾਕ ਘਟਨਾ ਵਿਚ ਦੋ ਬੁਜ਼ੁਰਗਾਂ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਤਲ ਦਾ ਪਤਾ ਉਸ ਵੇਲੇ ਲੱਗਾ ਜਦੋ ਬੁਜੁਰਗ ਪਤੀ ਪਤਨੀ ਦੀ ਬੇਟੀ ਮੋਗੇ ਤੋਂ ਵਾਪਸ ਆਈ ਅਤੇ ਉਸਨੇ ਆਕੇ ਰੌਲਾ ਪਾਇਆ। ਇਸ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਅਤੇ ਪੁਲਿਸ ਮੌਕੇ 'ਤੇ ਪਹੁੰਚੇ। ਜਾਣਕਾਰੀ ਅਨੁਸਾਰ ਬਜੁਰਗ ਔਰਤ ਸ਼ਾਤੀ ਦੇਵੀ (81)ਦੇ ਕਤਲ ਤੋ ਬਾਅਦ ਮ੍ਰਿਤਕ ਔਰਤ ਦੇ ਲਾਪਤਾ ਪਤੀ ਹਰੀ ਚੰਦ (85)ਦੀ ਲਾਸ਼ ਵੀ ਘਰ ਦੇ ਤੂੜੀ ਵਾਲੇ ਕੋਠੇ ਵਿਚੋ ਮਿਲੀ।
ਜਿਸ ਨੂੰ ਅੱਜ ਨਰਿੰਦਰਪਾਲ ਸਿੰਘ ਧਾਲੀਵਾਲ ਐਸ ਡੀ ਐਮ ਜਗਰਾਓ ਅਤੇ ਮਨਮੋਹਨ ਕੌਸਿਕ ਤਹਿਸੀਲਦਾਰ ਜਗਰਾਓ ਹਾਜ਼ਰੀ ਵਿਚ ਮ੍ਰਿਤਕ ਹਰੀ ਚੰਦ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕ ਦੇ ਪੁੱਤਰ ਪਵਨ ਕੁਮਾਰ ਨੇ ਦੱਸਿਆ ਕਿ ਮੇਰੇ ਮਾਤਾ-ਪਿਤਾ ਅਤੇ ਇੱਕ ਭੈਣ ਪਿੰਡ ਲੱਖਾ ਵਿਖੇ ਹੀ ਰਹਿ ਰਹੇ ਸੀ ਅਤੇ ਬਾਕੀ ਸਾਰਾ ਪਰਿਵਾਰ ਮੋਗਾ ਅਤੇ ਚੰਡੀਗੜ੍ਹ ਵਿਖੇ ਪੱਕੇ ਤੌਰ ਤੇ ਰਹਿੰਦਾ ਹੈ। ਉਨ੍ਹਾ ਦੱਸਿਆ ਕਿ ਮੇਰੀ ਭੈਣ ਪ੍ਰਵੀਨ ਰਾਣੀ ਸੋਮਵਾਰ ਨੂੰ ਆਪਣੀ ਦੂਜੀ ਭੈਣ ਅਨੀਤਾ ਸ਼ਰਮਾਂ ਦੇ ਕੋਲ ਮੋਗਾ ਵਿਖੇ ਕੋਰੋਨਾ ਵੈਕਸੀਨ ਲਗਵਾਉਣ ਲਈ ਗਈ ਸੀ ਜੋ ਮੋਗਾ ਵਿਖੇ ਹੀ ਰਾਤ ਨੂੰ ਰਹਿ ਪਈ। ਉਨ੍ਹਾ ਦੱਸਿਆ ਕਿ ਦੂਜੇ ਦਿਨ ਮੰਗਲਵਾਰ ਨੂੰ ਜਦੋ ਪਿੰਡ ਲੱਖਾ ਵਿਖੇ ਆਪਣੇ ਘਰ ਆ ਕੇ ਦੇਖਿਆ ਤਾਂ ਮਾਤਾ ਸ਼ਾਤੀ ਦੇਵੀ ਦੀ ਲਹੂ ਨਾਲ ਲੱਥਪੱਥ ਲਾਸ਼ ਘਰ ਵਿਚ ਪਈ ਸੀ ਅਤੇ ਉਸ ਦਾ ਪਿਤਾ ਹਰੀ ਚੰਦ ਘਰ ਵਿਚੋ ਲਾਪਤਾ ਸੀ।
ਘਰ ਵਿਚੋ ਬਹੁਤ ਬਦੂਬ ਆ ਰਹੀ ਸੀ ਅਤੇ ਤੂੜੀ ਵਾਲੇ ਕੋਠੇ ਵਿਚ ਮਿੱਟੀ ਨਾਲ ਭਰਿਆ ਹੋਇਆ ਟੋਇਆ ਵੀ ਦਿਖਾਈ ਦੇ ਰਿਹਾ ਸੀ ਜਿਸ ਦੀ ਸੂਚਨਾ ਹਠੂਰ ਪੁਲਿਸ ਨੂੰ ਦਿੱਤੀ ਜਿਨ੍ਹਾ ਨੇ ਅੱਜ ਮ੍ਰਿਤਕ ਹਰੀ ਚੰਦ ਦੀ ਲਾਸ਼ ਨੂੰ ਪ੍ਰਸਾਸਨ ਦੇ ਅਧਿਕਾਰੀਆ ਦੀ ਹਾਜ਼ਰੀ ਵਿਚ ਕੱਢਿਆ।ਇਸ ਦੂਹਰੇ ਕਤਲ ਦੀ ਤਫਤੀਸ ਕਰ ਰਹੇ ਸੀ ਆਈ ਏ ਸਟਾਫ ਜਗਰਾਓ ਦੇ ਇੰਚਾਰਜ ਨਿਸਾਨ ਸਿੰਘ ਅਤੇ ਥਾਣਾ ਹਠੂਰ ਦੇ ਇੰਚਾਰਜ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਪਵਨ ਕੁਮਾਰ ਦੇ ਬਿਆਨਾ ਦੇ ਅਧਾਰ 'ਤੇ ਥਾਣਾ ਹਠੂਰ ਵਿਖੇ ਅਣਪਛਾਤੇ ਵਿਅਕਤੀਆ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।