ਪੰਜਾਬ ਦੇ ਸ਼ਹਿਰਾਂ ਵਿੱਚ ਤਾਪਮਾਨ 35 ਡਿਗਰੀ ਤੋਂ ਵੱਧ
ਬਠਿੰਡਾ 41 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ
24 ਅਪ੍ਰੈਲ ਤੱਕ ਕੋਈ ਰਾਹਤ ਨਹੀਂ; ਮੌਸਮ ਖੁਸ਼ਕ ਰਹੇਗਾ
ਚੰਡੀਗੜ੍ਹ 19 ਅਪ੍ਰੈਲ 2026: ਮੌਸਮ ਵਿਭਾਗ ਅਨੁਸਾਰ, ਅੱਜ ਤੋਂ 24 ਅਪ੍ਰੈਲ ਤੱਕ ਮੌਸਮ ਖੁਸ਼ਕ ਰਹੇਗਾ। ਆਉਣ ਵਾਲੇ ਦਿਨਾਂ ਵਿੱਚ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਵਧੇਗਾ। ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਵੱਧ ਰਹੀ ਹੈ। ਬਠਿੰਡਾ ਵਿੱਚ ਤਾਪਮਾਨ 41.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਚੰਡੀਗੜ੍ਹ ਵਿੱਚ 40.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਭਰ ਵਿੱਚ ਤਾਪਮਾਨ 1.8 ਡਿਗਰੀ ਸੈਲਸੀਅਸ ਵਧਿਆ ਹੈ, ਜਿਸ ਨਾਲ ਇਹ ਆਮ ਨਾਲੋਂ 3.5 ਡਿਗਰੀ ਵੱਧ ਹੈ।
ਅੰਕੜਿਆਂ ਅਨੁਸਾਰ, ਸੂਬੇ ਭਰ ਦੇ 18 ਸ਼ਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 35 ਤੋਂ 41 ਡਿਗਰੀ ਸੈਲਸੀਅਸ ਦੇ ਦਾਇਰੇ ਵਿੱਚ ਦਰਜ ਕੀਤਾ ਗਿਆ। ਪਟਿਆਲਾ ਵਿੱਚ 40.4 ਡਿਗਰੀ ਸੈਲਸੀਅਸ (3.1 ਡਿਗਰੀ) ਅੰਮ੍ਰਿਤਸਰ ਵਿੱਚ 36.8 ਡਿਗਰੀ ਸੈਲਸੀਅਸ (2.0 ਡਿਗਰੀ ਵਾਧਾ), ਲੁਧਿਆਣਾ ਵਿੱਚ 39.8 ਡਿਗਰੀ ਸੈਲਸੀਅਸ (3.2 ਡਿਗਰੀ) ਅਤੇ ਹੁਸ਼ਿਆਰਪੁਰ ਵਿੱਚ 37.3 ਡਿਗਰੀ ਸੈਲਸੀਅਸ (2.4 ਡਿਗਰੀ ਵਾਧਾ) ਦਰਜ ਕੀਤਾ ਗਿਆ।
ਫਰੀਦਕੋਟ ਅਤੇ ਫਾਜ਼ਿਲਕਾ ਦੇ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਆਇਆ, ਜਦੋਂ ਕਿ ਗੁਰਦਾਸਪੁਰ ਵਿੱਚ 3.0 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜੋ ਕਿ 34.0 ਡਿਗਰੀ ਸੀ। ਬੱਲੋਵਾਲ ਸੌਂਖਰੀ ਅਤੇ ਸਲੇਰਨਾ ਵਿੱਚ ਸਭ ਤੋਂ ਵੱਧ 3.3 ਡਿਗਰੀ ਵਾਧਾ ਦਰਜ ਕੀਤਾ ਗਿਆ। ਮੋਹਾਲੀ ਵਿੱਚ 38.1 ਡਿਗਰੀ (2.1 ਡਿਗਰੀ), ਫਿਰੋਜ਼ਪੁਰ ਵਿੱਚ 37.2 ਡਿਗਰੀ (1.4 ਡਿਗਰੀ) ਅਤੇ ਭਾਖੜਾ ਡੈਮ ਵਿੱਚ 37.4 ਡਿਗਰੀ (2.0 ਡਿਗਰੀ) ਦਰਜ ਕੀਤਾ ਗਿਆ। 19 ਅਪ੍ਰੈਲ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 18 ਤੋਂ 24 ਅਪ੍ਰੈਲ ਤੱਕ ਵੱਧ ਤੋਂ ਵੱਧ ਤਾਪਮਾਨ 3-5 ਡਿਗਰੀ ਸੈਲਸੀਅਸ ਵਧਣ ਦੀ ਉਮੀਦ ਹੈ।
ਸੂਬੇ ਦੇ ਉੱਤਰ-ਪੂਰਬੀ ਹਿੱਸਿਆਂ ਜਿਵੇਂ ਕਿ ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ (ਰੋਪੜ) ਅਤੇ ਨਵਾਂਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 32 ਤੋਂ 36 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਬਾਕੀ ਰਾਜ ਵਿੱਚ ਇਹ 36 ਤੋਂ 40 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਇਸ ਹਫ਼ਤੇ ਦੌਰਾਨ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਥੋੜ੍ਹਾ ਵੱਧ ਰਹਿਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ (ਰੋਪੜ) ਅਤੇ ਨਵਾਂਸ਼ਹਿਰ ਵਿੱਚ ਘੱਟੋ-ਘੱਟ ਤਾਪਮਾਨ 16 ਤੋਂ 18 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਬਾਕੀ ਰਾਜ ਵਿੱਚ ਇਹ 18 ਤੋਂ 20 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।
ਅਗਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ, ਪਰ ਉਸ ਤੋਂ ਬਾਅਦ 2 ਤੋਂ 3 ਡਿਗਰੀ ਸੈਲਸੀਅਸ ਵਧਣ ਦੀ ਉਮੀਦ ਹੈ।
Click to Follow Babushahi Facebook page →