Punjab News: ਦੋ ਕਾਰਾਂ ਦੀ ਭਿਆਨਕ ਟੱਕਰ ’ਚ ਨੌਜਵਾਨ ਦੀ ਮੌਤ, ਦੋ ਜ਼ਖਮੀ
ਰੋਹਿਤ ਗੁਪਤਾ
ਗੁਰਦਾਸਪੁਰ, 27 ਸਤੰਬਰ 2026: ਹਰਦੋਛੰਨੀ ਰੋਡ ਬਾਈਪਾਸ ’ਤੇ ਜਲਵਾ ਹਵੇਲੀ ਨੇੜੇ ਮਰੂਤੀ ਐਸ-ਕਰਾਸ ਅਤੇ ਸਕਾਰਪੀਓ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਦੋਵੇਂ ਵਾਹਨ ਤੇਜ਼ ਰਫ਼ਤਾਰ ਨਾਲ ਜਾ ਰਹੇ ਸਨ। ਹਰਦੋਛੰਨੀ ਰੋਡ ਬਾਈਪਾਸ ਚੌਕ ਤੋਂ ਮੋੜ ਕੱਢਦੇ ਸਮੇਂ ਦੋਵਾਂ ਕਾਰਾਂ ਦੀ ਆਪਸ ਵਿੱਚ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਸਕਾਰਪੀਓ ਚਲਾ ਰਹੇ ਨੌਜਵਾਨ ਦਾ ਵਾਹਨ ’ਤੇ ਕੰਟਰੋਲ ਨਾ ਰਿਹਾ ਅਤੇ ਕਾਰ ਸੜਕ ਕਿਨਾਰੇ ਇੱਕ ਦਰੱਖਤ ਨਾਲ ਜਾ ਟਕਰਾਈ।
ਹਾਦਸੇ ਵਿੱਚ ਸਕਾਰਪੀਓ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਤਵੰਤ ਸਿੰਘ ਉਰਫ਼ ਬਾਊ, ਵਾਸੀ ਨਵੀਂ ਕੱਠਿਆਲੀ, ਵਜੋਂ ਹੋਈ ਹੈ। ਉਹ 35 ਸਾਲਾਂ ਦਾ ਸੀ ਅਤੇ ਦੋ ਛੋਟੇ ਬੱਚਿਆਂ ਦਾ ਪਿਤਾ ਸੀ।
ਹਾਦਸੇ ਵਿੱਚ ਦੂਜੀ ਕਾਰ ਵਿੱਚ ਸਵਾਰ ਦੋ ਨੌਜਵਾਨ ਵੀ ਜ਼ਖਮੀ ਹੋਏ ਹਨ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
- Download Babushahi App
-
-