Political Special- ਚੀਮਾ ਨੇ ਮਨਪ੍ਰੀਤ ਵਾਲੇ ਰਾਹ ਫੜੇ, ਕਿਤੇ ਮੁਲਾਜਮ ‘ਆਪ ਸਰਕਾਰ’ ’ਤੇ ਨਾਂ ਪਾ ਦੇਣ ਸਿਆਸੀ ਗੜੇੇ
ਅਸ਼ੋਕ ਵਰਮਾ
ਬਠਿੰਡਾ , 26 ਅਗਸਤ 2026: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2021 ’ਚ ਕਾਂਗਰਸ ਦੇ ਤੱਤਕਾਲੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਾਂਗ ਹੁਣ ਪੰਜਾਬ ਦੇ ਸਮੂਹ ਮੰਤਰੀਆਂ ਚੋਂ ਇਕਲੌਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਰਕਾਰੀ ਮੁਲਾਜਮਾਂ ਦੇ ਰੋਸ ਪ੍ਰਦਰਸ਼ਨਾਂ ਦਾ ਕੇਂਦਰ ਬਿੰਦੂ ਬਣੇ ਹੋਏ ਹਨ। ਮੁਲਾਜਮ ਰੋਹ ਦਾ ਹੀ ਨਤੀਜਾ ਸੀ ਕਿ 2017 ’ਚ ਬਠਿੰਡਾ ਹਲਕੇ ਤੋਂ ਕਰੀਬ 20 ਹਜ਼ਾਰ ਵੋਟਾਂ ’ਤੇ ਜਿੱਤ ਪ੍ਰਾਪਤ ਕਰਨ ਵਾਲੇ ਮਨਪ੍ਰੀਤ ਬਾਦਲ ਨੂੰ 2022 ’ਚ 63 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਾਮਲੇ ਨੂੰ ਸਮਝਣ ਲਈ ਰਤਾ ਪਿਛੋਕੜ ’ਚ ਝਾਤੀ ਮਾਰੀਏ ਤਾਂ ਸਪਸ਼ਟ ਹੁੰਦਾ ਹੈ ਕਿ ਕਾਂਗਰਸ ਸਰਕਾਰ ਮੌਕੇ ਵੀ ਮਨਪ੍ਰੀਤ ਬਾਦਲ ਖਿਲਾਫ ਇਹੋ ਹੋਇਆ ਸੀ ਜਦੋਂ ਪੰਜਾਬ ਪ੍ਰਦਰਸ਼ਨਾਂ ਦਾ ਗੜ੍ਹ ਬਣ ਗਿਆ ਸੀ । ਤਾਜਾ ਸਥਿਤੀ ਵੀ ਉਦੋਂ ਨਾਲੋਂ ਕਿਸੇ ਪੱਖੋਂ ਘੱਟ ਨਹੀਂ ਜਦੋਂ ਬਾਕੀ ਮੰਤਰੀਆਂ ਦੀ ਥਾਂ ਵਿਰੋਧ ਚੀਮਾ ਦਾ ਹੋ ਰਿਹਾ ਹੈ।
ਜਾਣਕਾਰੀ ਅਨੁਸਾਰ ਵਿੱਤ ਮੰਤਰੀ ਦੀ ਜਿੰਮੇਵਾਰੀ ਸਰਕਾਰੀ ਕਰਮਚਾਰੀਆਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਹੱਲ ਕਰਨ ਦੀ ਹੁੰਦੀ ਹੈ ਜਿਸ ਕਰਕੇ ਹੀ ਹਰਪਾਲ ਚੀਮਾ ਮੁਲਾਜਮਾਂ ਦੇ ਰੋਸ ਦਾ ਪਾਤਰ ਬਣੇ ਹਨ। ਪੰਜਾਬ ਦੀ ਰਾਜਨੀਤੀ ਦਾ ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤਰਫ ਧਿਆਨ ਨਾਂ ਦਿੱਤਾ ਤਾਂ ਅਗਾਮੀ ਵਿਧਾਨ ਸਭਾ ਚੋਣਾਂ ਮੌਕੇ ਇਸ ਦਾ ਖਮਿਆਜਾ ਹਾਕਮ ਧਿਰ ਨੂੰ ਭੁਗਤਣਾ ਪੈ ਸਕਦਾ ਹੈ। ਮੁਲਾਜਮ ਜੱਥੇਬੰਦੀਆਂ ਆਖਦੀਆਂ ਹਨ ਕਿ ਸਥਿਤੀ ਨੂੰ ਕਾਬੂ ਨਾਂ ਕੀਤਾ ਗਿਆ ਤਾਂ ਵਿੱਤ ਮੰਤਰੀ ਖਿਲਾਫ ਉੱਠੇ ਮੁਲਾਜਮਾਂ ਦੇ ਰੋਸ ਕਾਰਨ ਹਾਕਮ ਧਿਰ ਆਮ ਆਦਮੀ ਪਾਰਟੀ ਨੂੰ ਵੱਡੀ ਸਿਆਸੀ ਸੱਟ ਵੱਜਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਇਸ ਪੱਤਰਕਾਰ ਵੱਲੋਂ ਲਏ ਜਾਇਜੇ ਦੌਰਾਨ ਵੀ ਇਹੀ ਸਾਹਮਣੇ ਆਇਆ ਹੈ ਕਿ ਇਸ ਮੌਕੇ ਮੁੱਖ ਮੰਤਰੀ ਸਮੇਤ ਬਾਕੀ ਮੰਤਰੀਆਂ ਨਾਲੋ ਵਿੱਤ ਮੰਤਰੀ ਵਿਰੋਧੀ ਲਹਿਰ ਦਿਨ ਬਦਿਨ ਪ੍ਰਚੰਡ ਹੁੰਦੀ ਜਾ ਰਹੀ ਹੈ।
ਮੁਲਾਜਮਾਂ ਦੇ ਗੁੱਸੇ ਕਾਰਨ ਤਹਿਤ ਲੰਘੇ ਐਤਵਾਰ ਨੂੰ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਨ ਸਮੇਤ ਹੋਰ ਮੰਗਾਂ ਪੂਰੀਆਂ ਕਰਵਾਉਣ ਲਈ ਹਜ਼ਾਰਾਂ ਸਰਕਾਰੀ ਕਰਮਚਾਰੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੋਲਾਵਾਲ ਵਿੱਚ ਇਕੱਠੇ ਹੋਏ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵੱਲ ਰੋਸ ਮਾਰਚ ਕੀਤਾ ਜੋ ਉੱਥੋਂ ਲੱਗਭਗ 3 ਕਿੱਲੋਮੀਟਰ ਹੈ। ਇਸ ਮੌਕੇ ਵੀ ਮੁਲਾਜਮਾਂ ਅਤੇ ਪੈਨਸ਼ਨਰਾਂ ਵਿੱਚ ਮੁੱਖ ਮੰਤਰੀ ਨਾਲੋਂ ਵਿੱਤ ਮੰਤਰੀ ਚੀਮਾ ਵਿਰੁੱਧ ਹੀ ਰੋਸ ਨਜ਼ਰ ਆਇਆ ਜਿੰਨ੍ਹਾਂ ਆਪਣਾ ਦਾ ਪਿੰਡ ਵੀ ਇਸੇ ਜਿਲ੍ਹੇ ਵਿੱਚ ਹੀ ਹੈ। ਇਸ ਤੋਂ ਪਹਿਲਾਂ 22 ਅਗਸਤ ਨੂੰ ਈਟੀਟੀ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਦੀ ਅਗਵਾਈ ਹੇਠ 180 ਅਧਿਆਪਕਾਂ ਨੇ ਪਿਛਛਲੀ ਕਾਂਗਰਸ ਸਰਕਾਰ ਮੌਕੇ 17 ਜੁਲਾਈ 2020 ਦੇ ਸਰਕਾਰੀ ਨੋਟੀਫਿਕੇਸ਼ਨ ਰਾਹੀਂ ਉਨ੍ਹਾਂ ’ਤੇ ਥੋਪੇ ਗਏ ਕੇਂਦਰੀ ਤਨਖਾਹ ਸਕੇਲਾਂ ਦੀ ਬਜਾਏ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ ਦੀ ਮੰਗ ਲਈ ਵਿੱਤ ਮੰਤਰੀ ਦੀ ਚੰਡੀਗੜ੍ਹ ਵਿਚਲੀ ਸਰਕਾਰੀ ਰਿਹਾਇਸ਼ ਦੇ ਬਾਹਰ ਨਾਅਰੇਬਾਜੀ ਕੀਤੀ ਸੀ।
ਇਸ ਮੌਕੇ ਪੰਜਾਬ ਸਰਕਾਰ ਦੇ ਕਥਿਤ ਇਸ਼ਾਰੇ ’ਤੇ ਚੰਡੀਗੜ੍ਹ ਪੁਲਿਸ ਨੇ ਪੁਰਸ਼ ਅਤੇ ਮਹਿਲਾ ਅਧਿਆਪਕਾਂ ਦੀ ਜਬਰਦਸਤ ਖਿੱਚ ਧੂਹ ਕੀਤੀ ਅਤੇ ਥਾਣੇ ਲੈ ਗਈ ਸੀ। ਇਸ ਯੂਨੀਅਨ ਦਾ ਵੀ ਸਭ ਤੋਂ ਵੱਧ ਰੋਸ ਚੀਮਾ ਖਿਲਾਫ ਹੀ ਹੈ ਜੋ ਲੰਘੇ ਸਾਢੇ ਚਾਰ ਸਾਲਾਂ ਤੋਂ ਉਨ੍ਹਾਂ ਨੂੰ ਲਾਰਿਆਂ ’ਚ ਰੱਖ ਰਹੇ ਹਨ। ਜਿਕਰਯੋਗ ਹੈ ਕਿ ਕਾਂਗਰਸ ਦੀ ਚੰਨੀ ਸਰਕਾਰ ਮੌਕੇ ਜਦੋਂ ਦਿਸੰਬਰ 2021 ’ਚ ਇੱਕ ਅਧਿਆਪਕ ਚੰਡੀਗੜ੍ਹ ਵਿਚਲੇ ਟਾਵਰ ’ਤੇ ਚੜ੍ਹ ਗਿਆ ਸੀ ਤਾਂ ਉਦੋਂ ਪੱਬਾਂ ਭਾਰ ਹੋਏ ਤੱਤਕਾਲੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਸੇ ਜੱਥੇਬੰਦੀ ਨਾਲ ਸਰਕਾਰ ਆਉਣ ਸਾਰ ਪਹਿਲ ਦੇ ਅਧਾਰ ’ਤੇ ਮਸਲਾ ਹੱਲ ਕਰਨ ਦਾ ਪਲੇਠਾ ਵਾਅਦਾ ਕੀਤਾ ਸੀ ਜੋ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ ਹੈ। ਇਸੇ ਤਰਾਂ ਸਾਂਝਾ ਮੁਲਾਜ਼ਮ ਮੰਚ ਨੇ ਬਕਾਇਆ ਡੀਏ ਲਈ 7 ਅਗਸਤ ਨੂੰ ਇੱਕ ਜਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਸੀ ਜਿਸ ਦਾ ਨਿਸ਼ਾਨਾ ਵੀ ਚੀਮਾ ਸਨ।
ਮੁਲਾਜਮ ਜੱਥੇਬੰਦੀਆਂ ਦਾ ਕਹਿਣਾ ਹੈ ਕਿ 27 ਅਗਸਤ ਨੂੰ ਪੰਜਾਬ ਦੇ ਲੱਖਾਂ ਸਰਕਾਰੀ ਮੁਲਾਜਮ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਜੋ ਚੀਮਾ ਦੇ ਟਰਕਾਊ ਵਤੀਰੇ ਖਿਲਾਫ ਹੈ। ਇਸ ਤੋਂ ਪਹਿਲਾਂ 150 ਤੋਂ ਵੱਧ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਦੇ ਸਫਾਈ ਸੇਵਕਾਂ ਨੇ ਆਪਣੀਆਂ ਮੰਗਾਂ ਸਬੰਧੀ ਹੜਤਾਲ ਕੀਤੀ ਸੀ। ਪਾਵਰਕੌਮ , ਮਨਰੇਗਾ, ਰਾਸ਼ਟਰੀ ਸਿਹਤ ਮਿਸ਼ਨ ਅਤੇ ਕਈ ਹੋਰ ਮਹਿਕਮਿਆਂ ਦੇ ਮੁਲਾਜਮਾਂ ਨੇ ਵੀ ਹਾਲੀਆ ਹਫ਼ਤਿਆਂ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਹਨ। ਇੰਨ੍ਹਾਂ ਵਿੱਚ ਰੈਗੂਲਰਾਈਜ਼ੇਸ਼ਨ ਅਤੇ ਪੁਰਾਣੀ ਪੈਨਸ਼ਨ ਤੋਂ ਲੈਕੇ ਪੰਜਾਬ ਦੇ ਤਨਖਾਹ ਸਕੇਲਾਂ ਵਰਗੀਆਂ ਮੰਗਾਂ ਸ਼ਾਮਲ ਹਨ। ਏਦਾਂ ਹੀ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜਮਾਂ ਸਮੇਤ ਸੱਤ ਲੱਖਾਂ ਕਰਮਚਾਰੀਆਂ ਦੇ ਮਸਲੇ ਸਿਆਸੀ ਤੌਰ ’ਤੇ ਮਹੱਤਵਪੂਰਨ ਅਤੇ ਚੀਮਾ ਤੇ ’ਆਪ’ ਲਈ ਵੱਡੀ ਚੁਣੌਤੀ ਹਨ। ਹਾਲਾਂਕਿ ਸਰਕਾਰ ਮੁਲਾਜਮਾਂ ਨਾਲ ਦੂਰੀਆਂ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਸ ਨਵੇਂ ਮੁੱਦੇ ਨੇ ਰਾਹ ਹੋਰ ਔਖੇ ਕਰ ਦਿੱਤੇ ਹਨ।
ਅਜਿਹੀ ਕੋਈ ਗੱਲ ਨਹੀਂ : ਪੰਨੂੰ
ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂੰ ਦਾ ਕਹਿਣਾ ਸੀ ਕਿ ਅਜਿਹੀ ਕੋਈ ਗੱਲ ਨਹੀਂ ਬਲਕਿ ਹਰਪਾਲ ਸਿੰਘ ਚੀਮਾ ਇੱਕ ਸਫਲ ਵਿੱਤ ਮੰਤਰੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਤੇ ਜਲਦੀ ਹੀ ਸਭ ਠੀਕ ਕਰ ਲਿਆ ਜਾਏਗਾ। ਇੱਕ ਸਵਾਲ ਦੇ ਜਵਾਬ ’ਚ ਰੋਸ ਪ੍ਰਦਰਸ਼ਨਾਂ ਨਾਲ ਸਿਆਸੀ ਨੁਕਸਾਨ ਦੀ ਸੰਭਾਵਨਾਂ ਤੋਂ ਇਨਕਾਰ ਕੀਤਾ ਹੈ।
- Download Babushahi App
-
-