Political Special-ਕਾਂਗਰਸ ਨੇ ਲੋਕਾਂ ਨੂੰ ‘ਮਿੱਠੀਆਂ ਸਿਆਸੀ ਗੋਲੀਆਂ’ ਦੇਣ ਨਾਲ ਕੀਤੀ ਬਠਿੰਡਾ ਤੋਂ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ , 11 ਨਵੰਬਰ 2026 : ਪੰਜਾਬ ਕਾਂਗਰਸ ਚੋਣ ਮੈਨੀਫੈਸਟੋ ਕਮੇਟੀ ਨੇ ਬਠਿੰਡਾ ਵਿੱਚ ਅੱਜ ਚੋਣ ਵਾਅਦਿਆਂ ਦਾ ਅਗੇਤਾ ਪਿਟਾਰਾ ਖੋਹਲਦਿਆਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਔਰਤਾਂ ਲਈ ਚਲਾਈ 1000 ਤੇ 1500 ਸਕੀਮ ਬੰਦ ਨਹੀਂ ਕੀਤੀ ਜਾਏਗੀ । ਕਾਂਗਰਸ ਦੀ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਤੇ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ ਅਮਰ ਸਿੰਘ ਨੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਸ਼ਹਿਰੀ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਰਾਜਨ ਗਰਗ ਤੋਂ ਇਲਾਵਾ ਵੱਖ ਵੱਖ ਜਿਲਿ੍ਹਆਂ ਦੇ ਪ੍ਰਧਾਨਾਂ ਦੀ ਹਾਜ਼ਰੀ ’ਚ ਪੱਤਰਕਾਰਾਂ ਨੂੰ ਸਬੰਧਨ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਕਾਂਗਰਸ ਦੀ ਹਕੂਮਤ ਆਉਣ ’ਤੇ ਇਹ ਸਕੀਮ ਬੰਦ ਕਰਨ ਸਬੰਧੀ ਕੀਤਾ ਜਾ ਰਿਹਾ ਪ੍ਰਚਾਰ ਗੁਮਰਾਹਕੁੰਨ ਅਤੇ ਤੱਥਾਂ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਔਰਤਾਂ ਲਈ ਸ਼ੁਰੂ ਇਸ ਸਕੀਮ ਦਾ ਦਾਇਰਾ ਹੋਰ ਵੀ ਵਧਾਇਆ ਜਾਏਗਾ।
ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਬਣੇਗੀ ਅਤੇ ਪਾਰਟੀ ਆਪਣੇ ਦਮ ’ਤੇ ਬਹੁਮੱਤਦ ਹਾਸਲ ਕਰੇਗੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਪੰਜ ਰੁਪਏ ਯੂਨਿਟ ਬਿਜਲੀ ਦੇਣ ਦੀ ਗੱਲ ਕਾਂਗਰਸ ਦੇ 2017 ਦੇ ਚੋਣ ਮੈਨੀਫੈਸਟੋ ਵਿੱਚੋਂ ਲਈ ਹੈ ਪ੍ਰੰਤੂ ਕਾਂਗਰਸ ਵਪਾਰੀਆਂ ਨੂੰ ਇਸ ਤੋਂ ਵੱਡੀ ਰਾਹਤ ਦੇਵੇਗੀ। ਉਹਨਾਂ ਕਿਹਾ ਕਿ ਵਪਾਰੀਆਂ ਨੇ ਸੁਰੱਖਿਆ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ’ਚ ਡਰ ਅਤੇ ਚਿਤਾ ਦਾ ਮਹੌਲ ਹੈ ਜਿਸ ਨੂੰ ਦੂਰ ਕਰਨ ਲਈ ਕਾਂਗਰਸ ਸਰਕਾਰ ਮਜਬੂਤੀ ਨਾਲ ਪਹਿਰਾ ਦੇਣ ਵਾਸਤੇ ਵਚਨਬੱਧ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਾਅਹਲੀਅਤ ਕਾਰਨ ਅੱਜ ਪੰਜਾਬ ਦੇ ਹਾਲਾਤ ਵੱਧ ਤੋਂ ਬਦਤਰ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ , ਗੈਂਗਸਟਰਾਂ ਅਤੇ ਵਪਾਰੀਆਂ ਦੀ ਸੁਰੱਖਿਆ ਦੇ ਮੁੱਦੇ ਤੋਂ ਇਲਾਵਾ ਮਹਿਲਾਵਾਂ ਨੂੰ ਤਰੱਕੀ ਦੇਣ ਦਾ ਮੁੱਦਾ ਸਮੇਤ ਵੱਡੇ ਮਸਲੇ ਹਨ ਜਿਸ ਨੂੰ ਸਿਰਫ ਕਾਂਗਰਸ ਹੀ ਹੱਲ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਵਪਾਰੀਆਂ ਨੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਤੰਗ ਪਰੇਸ਼ਾਨ ਕਰਨ ਦੀ ਗੱਲ ਵੀ ਸਾਹਮਣੇ ਲਿਆਂਦੀ ਹੈ । ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ,ਨਸ਼ਿਆਂ ਅਤੇ ਗੈਂਗਸਟਰਾਂ ਵਰਗੇ ਸੰਵੇਦਨਸ਼ੀਲ ਮੁੱਦੇ ਮੈਨੀਫੈਸਟੋ ’ਚ ਦਰਜ ਕੀਤੇ ਜਾਣਗੇ। ਉਹਨਾਂ ਕਿਹਾ ਕਿ ਆਪ ਇੱਕ ਡਰਾਮੇਬਾਜ਼ ਪਾਰਟੀ ਹੈ ਅਤੇ ਲੋਕਾਂ ਨੂੰ ਗੁਮਰਾਹ ਕਰਕੇ ਸਰਕਾਰ ਬਣਾਉਣ ਦੀ ਤਾਕ ਵਿੱਚ ਹੈ। ਇਸ ਮੌਕੇ ਉਹਨਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਉਹ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਦਾ ਕੰਮ ਕਰਦੀ ਹੈ ਜਦੋਂ ਕਿ ਕਾਂਗਰਸ ਦੀ ਸਾਬਕਾ ਚੇਅਰ ਪਰਸਨ ਸੋਨੀਆ ਗਾਂਧੀ ਦੀ ਕਿਤਾਬ ਵਿੱਚ 84 ਕਤਲੇਆਮ ਦੀ ਗੱਲ ਕਰਕੇ ਉਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ । ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਇਸ ’ਤੇ ਵੀ ਸਿਆਸੀ ਰੋਟੀਆਂ ਸੇਕ ਰਹੀ ਹੈ ਜਦੋਂਕਿ ਇਹ ਭੁਲੇਖਾ ਦੂਰ ਕਰ ਲੈਣਾ ਚਾਹੀਦਾ ਹੈ ਕਿ ਬੀਜੇਪੀ ਨੂੰ ਪੰਜਾਬ ਵਿੱਚ ਵੋਟ ਪਏਗੀ।
ਇਸ ਤੋਂ ਪਹਿਲਾਂ ਬਠਿੰਡਾ ਪੁੱਜੀ ਮੈਨੀਫੈਸਟੋ ਕਮੇਟੀ ਨੇ ਅੱਧੀ ਦਰਜਨ ਜਿਲਿ੍ਹਆਂ ਦੇ ਕਾਂਗਰਸੀ ਹਲਕਾ ਇੰਚਾਰਜਾਂ ਅਤੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਸੁਝਾਅ ਲਏ। ਆਗੂਆਂ ਨੇ ਦੱਸਿਆ ਕਿ ਅੱਜ 150 ਤੋਂ ਵੱਧ ਵੱਖ-ਵੱਖ ਵਰਗਾਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਕੱਚੇ ਕਾਮਿਆਂ ਵਪਾਰੀਆਂ ਅਤੇ ਆਮ ਲੋਕਾਂ ਨੇ ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਨਾਲ ਮੁਲਾਕਾਤ ਕੀਤੀ ਹੈ ਅਤੇ ਆਪੋ ਆਪਣੀਆਂ ਸਮੱਸਿਆਵਾਂ ਧਿਆਨ ਵਿੱਚ ਲਿਆਂਦੀਆਂ ਹਨ ਤੇ ਕਈ ਸੁਝਾਅ ਦਿੱਤੇ ਹਨ। ਪ੍ਰੈਸ ਕਾਨਫਰਸ ਦੌਰਾਨ ਕਾਂਗਰਸੀ ਆਗੂਆਂ ਨੇ ਐਲਾਨ ਕੀਤਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਸਾਰੇ ਮੁੱਦਿਆਂ ਨੂੰ ਹੱਲ ਕੀਤਾ ਜਾਵੇਗਾ ਅਤੇ ਪਾਰਟੀ ਦਾ ਚੋਣ ਮੈਨੀਫੈਸਟੋ ਹਰ ਵਰਗ ਦੀ ਗੱਲ ਕਰੇਗਾ। ਇਸ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਲੀਡਰ ਹਾਜ਼ਰ ਸਨ।
- Download Babushahi App
-
-