ਆਨਲਾਈਨ ਕਾਰੋਬਾਰ ਵਿੱਚ ਸਾਢੇ ਸੱਤ ਲੱਖ ਰੁਪਏ ਇਨਵੈਸਟ ਕਰਵਾ ਕੇ ਮਾਰੀ ਠੱਗੀ
ਪੁਲਿਸ ਨੇ ਕੀਤਾ ਮਾਮਲਾ ਦਰਜ
ਦੀਪਕ ਜੈਨ, ਜਗਰਾਓ
ਮੋਬਾਇਲ ਫੋਨ ਤੇ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਉਲਝਾ ਕੇ ਸਾਈਬਰ ਠੱਗ ਲੋਕਾਂ ਦੇ ਪੈਸੇ ਆਪਣੇ ਖਾਤਿਆਂ ਵਿੱਚ ਟ੍ਰਾਂਸਫਰ ਕਰਵਾ ਰਹੇ ਹਨ। ਜਿਸ ਦੀਆਂ ਰੋਜ਼ਾਨਾ ਹੀ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਅਤੇ ਸਰਕਾਰ ਵੀ ਅਜਿਹੇ ਸਾਈਬਰ ਠੱਗਾਂ ਤੋਂ ਪਬਲਿਕ ਨੂੰ ਸੁਚੇਤ ਰਹਿਣ ਲਈ ਬਾਰ ਬਾਰ ਤਾਕੀਦ ਕਰਦੀ ਰਹਿੰਦੀ ਹੈ। ਪਰ ਫਿਰ ਵੀ ਇਹ ਸ਼ਾਤਿਰ ਠੱਗ ਕਿਸੇ ਨਾ ਕਿਸੇ ਭੋਲੇ ਭਾਲੇ ਬੰਦੇ ਨੂੰ ਆਪਣਾ ਸ਼ਿਕਾਰ ਬਣਾ ਕੇ ਵੱਡੀ ਲੁੱਟ ਕਰ ਹੀ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਪੁਲਿਸ ਜਿਲਾ ਲੁਧਿਆਣਾ ਦੇ ਸਾਈਬਰ ਕ੍ਰਾਈਮ ਥਾਣੇ ਅੰਦਰ ਦਰਜ ਕੀਤਾ ਗਿਆ ਹੈ। ਸਾਈਬਰ ਕ੍ਰਾਈਮ ਥਾਣਾ ਦੇ ਏਐਸਆਈ ਜਗਰੂਪ ਸਿੰਘ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਹਰਪਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਭੈਣੀ ਦਰੇੜਾ ਰਾਏਕੋਟ ਨੇ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਨੂੰ ਮੋਬਾਈਲ ਉੱਪਰ ਇੱਕ ਔਰਤ ਜਿਸ ਦਾ ਨਾਮ ਨਿਸ਼ਾ ਰਾਣੀ ਪਤਨੀ ਰਣਜੀਤ ਸਿੰਘ ਵਾਸੀ ਗਲੀ ਨੰਬਰ ਇੱਕ ਜਸਵੰਤ ਨਗਰ ਅਬੋਹਰ ਜਿਲਾ ਫਾਜ਼ਿਲਕਾ ਹਾਲ ਵਾਸੀ ਗਲੀ ਨੰਬਰ ਤਿੰਨ ਆਜ਼ਾਦ ਨਗਰ, ਅਨਾਜ ਮੰਡੀ ਪਟਿਆਲਾ ਜਿਸ ਨੇ ਫੋਨ ਤੇ ਦੱਸਿਆ ਕਿ ਉਹਨਾਂ ਦੀ ਕੰਪਨੀ ਆਨਲਾਈਨ ਕੰਮ ਕਰਦੀ ਹੈ ਅਤੇ ਵੱਡੇ ਮੁਨਾਫੇ ਦਾ ਲਾਲਚ ਦੇ ਕੇ ਉਸ ਕੋਲੋਂ ਅਲੱਗ ਅਲੱਗ ਮਿਤੀਆਂ ਨੂੰ ਸਕੈਨਰਾਂ ਰਾਹੀਂ ਵੱਖ-ਵੱਖ ਖਾਤਿਆਂ ਵਿੱਚ ਲਗਭਗ ਸਾਢੇ ਸੱਤ ਲੱਖ ਰੁਪਏ ਤੋਂ ਵੀ ਜਿਆਦਾ ਰਕਮ ਪਵਾ ਲਈ ਪਰ ਨਾ ਤਾਂ ਉਸਨੇ ਕੋਈ ਮੁਨਾਫਾ ਹੀ ਦਿਖਾਇਆ ਅਤੇ ਨਾ ਉਸਦੇ ਪੈਸੇ ਵਾਪਸ ਕੀਤੇ ਬਾਰ ਬਾਰ ਪੈਸੇ ਵਾਪਸ ਮੰਗਣ ਤੇ ਉਕਤ ਨਿਸ਼ਾ ਰਾਣੀ ਨੇ ਆਪਣਾ ਮੋਬਾਈਲ ਨੰਬਰ ਵੀ ਬੰਦ ਕਰ ਦਿੱਤਾ। ਜਿਸ ਦੀ ਸ਼ਿਕਾਇਤ ਮਿਲਣ ਤੇ ਥਾਣਾ ਸਾਈਬਰ ਕ੍ਰਾਈਮ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਗਈ ਅਤੇ ਲਗਾਏ ਗਏ ਦੋਸ਼ਾਂ ਨੂੰ ਸਹੀ ਪਾਉਂਦੇ ਹੋਏ ਥਾਣਾ ਸਾਈਬਰ ਕ੍ਰਾਈਮ ਵਿਖੇ ਉਕਤ ਦੋਸ਼ਣ ਨਿਸ਼ਾ ਰਾਣੀ ਪਤਨੀ ਰਣਜੀਤ ਸਿੰਘ ਦੇ ਖਿਲਾਫ ਬੀਐਨਐਸ ਦੀ ਧਾਰਾ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Click to Follow Babushahi Facebook page →