Canada: ਸਰੀ 'ਚ ਵੈਨਕੂਵਰ ਵਿਚਾਰ ਮੰਚ ਵੱਲੋਂ ‘ਜਰਨੈਲ ਸਿੰਘ ਆਰਟਿਸਟਸਿਮਰਤੀ ਗਰੰਥ’ ਲੋਕ ਅਰਪਣ
ਜਰਨੈਲ ਸਿੰਘ ਆਰਟਿਸਟ ਨੂੰ ਮਹਾਨ ਚਿੱਤਰਕਾਰ, ਨਿਮਰ, ਸਾਦੇ, ਮਿਲਣਸਾਰ ਅਤੇ ਸੰਵੇਦਨਸ਼ੀਲ ਇਨਸਾਨ ਵਜੋਂ ਯਾਦ ਕੀਤਾ ਗਿਆ
ਹਰਦਮ ਮਾਨ
ਵੈਨਕੂਵਰ, 9 ਸਤੰਬਰ 2026- ਵੈਨਕੂਵਰ ਵਿਚਾਰ ਮੰਚ (ਰਜਿ.) ਵੱਲੋਂ ਬੀਤੇ ਦਿਨ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਦੀ ਯਾਦ ਨੂੰ ਸਮਰਪਿਤ ਸਿਮਰਤੀ ਗਰੰਥ ਰਿਲੀਜ਼ ਸਮਾਗਮ ਗਰੈਂੜ ਤਾਜ ਬੈਂਕੁਇਟ ਹਾਲ ਸਰੀ ਵਿਖੇ ਕਰਵਾਇਆ ਗਿਆ। ਸਮਾਗਮ ਦੌਰਾਨ ਜਰਨੈਲ ਸਿੰਘ ਆਰਟਿਸਟ ਦੇ ਜੀਵਨ, ਕਲਾ, ਸਾਹਿਤਕ-ਸੱਭਿਆਚਾਰਕ ਸਰੋਕਾਰਾਂ ਅਤੇ ਉਨ੍ਹਾਂ ਦੀ ਨਿੱਘੀ ਸ਼ਖ਼ਸੀਅਤ ਨਾਲ ਜੁੜੀਆਂ ਯਾਦਾਂ ਨੂੰ ਵੱਖ-ਵੱਖ ਬੁਲਾਰਿਆਂ ਨੇ ਸਾਂਝਾ ਕੀਤਾ। ਇਸ ਮੌਕੇ ‘ਜਰਨੈਲ ਸਿੰਘ ਆਰਟਿਸਟ ਸਿਮਰਤੀ ਗ੍ਰੰਥ’ ਵੀ ਰਿਲੀਜ਼ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਵੈਨਕੂਵਰ ਵਿਚਾਰ ਮੰਚ ਦੇ ਬੁਲਾਰੇ ਅੰਗਰੇਜ਼ ਬਰਾੜ ਨੇ ਹਾਜ਼ਰੀਨ ਦਾ ਸਵਾਗਤ ਕੀਤਾ। ਉਨ੍ਹਾਂ ਨੇ ਜਰਨੈਲ ਸਿੰਘ ਆਰਟਿਸਟ ਨਾਲ ਆਪਣੀ ਲੰਮੀ ਸਾਂਝ ਅਤੇ ਦੋਸਤੀ ਨੂੰ ਯਾਦ ਕਰਦਿਆਂ ਉਨ੍ਹਾਂ ਨਾਲ ਆਖਰੀ ਸਮੇਂ ਤੱਕ ਹੋਈ ਗੱਲਬਾਤ ਅਤੇ ਵਿਚਾਰ-ਵਟਾਂਦਰੇ ਬਾਰੇ ਭਾਵਪੂਰਨ ਢੰਗ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਆਰਟਿਸਟ ਦੀ ਯਾਦ ਉਨ੍ਹਾਂ ਨਾਲ ਜੁੜੇ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜਿਊਂਦੀ ਰਹੇਗੀ।

ਉਪਰੰਤ ਵੈਨਕੂਵਰ ਵਿਚਾਰ ਮੰਚ ਦੇ ਸਰਪ੍ਰਸਤ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਜਰਨੈਲ ਸਿੰਘ ਆਰਟਿਸਟ ਨਾਲ ਆਪਣੀ ਲੰਮੀ ਸਾਂਝ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਕਲਾ ਦੇ ਵੱਖ-ਵੱਖ ਪੱਖਾਂ ਬਾਰੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਸਿਮਰਤੀ ਗ੍ਰੰਥ ਦੀ ਤਿਆਰੀ, ਇਸ ਦੇ ਮਕਸਦ ਅਤੇ ਜਰਨੈਲ ਸਿੰਘ ਆਰਟਿਸਟ ਦੀਆਂ ਯਾਦਾਂ ਨੂੰ ਸਾਂਭਣ ਲਈ ਕੀਤੇ ਇਸ ਉਪਰਾਲੇ ਬਾਰੇ ਵੀ ਜਾਣਕਾਰੀ ਦਿੱਤੀ।
ਜਰਨੈਲ ਸਿੰਘ ਆਰਟਿਸਟ ਸਿਮਰਤੀ ਗਰੰਥ ਲੋਕ ਅਰਪਣ ਕਰਨ ਉਪਰੰਤ ਮੰਚ ਦੇ ਬੁਲਾਰੇ ਮੋਹਨ ਗਿੱਲ ਨੇ ਸਟੇਜ ਦੀ ਕਾਰਵਾਈ ਸੰਭਾਲਦਿਆਂ ਵੱਖ-ਵੱਖ ਬੁਲਾਰਿਆਂ ਨੂੰ ਜਰਨੈਲ ਸਿੰਘ ਆਰਟਿਸਟ ਨਾਲ ਆਪਣੀ ਸਾਂਝ ਅਤੇ ਉਨ੍ਹਾਂ ਦੀ ਕਲਾ ਤੇ ਸ਼ਖ਼ਸੀਅਤ ਬਾਰੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ। ਇਸ ਮੌਕੇ ਮੀਰਾ ਗਿੱਲ, ਕੁਲਜੀਤ ਕੌਰ, ਆਸ਼ਿਆਨਾ, ਸ਼ਾਇਰ ਜਸਵਿੰਦਰ, ਡਾ. ਅਮਰਜੀਤ ਭੁੱਲਰ, ਗੁਰਦੀਪ ਭੁੱਲਰ, ਡਾ. ਗੁਲਜ਼ਾਰ ਸਿੰਘ ਵਿਲਿੰਗ, ਅਜਮੇਰ ਰੋਡੇ, ਬਲਦੇਵ ਬਾਠ, ਇੰਦਰਜੀਤ ਧਾਮੀ, ਡਾ. ਗੁਰਵਿੰਦਰ ਧਾਲੀਵਾਲ, ਡਾ. ਗੁਰਮਿੰਦਰ ਸਿੱਧੂ, ਅਮਰਜੀਤ ਖਹਿਰਾ, ਸਤੀਸ਼ ਗੁਲਾਟੀ, ਜਰਨੈਲ ਸਿੰਘ ਆਰਟਿਸਟ ਦੀ ਬੇਟੀ ਨੀਤੀ ਸਿੰਘ, ਅਮਰੀਕ ਪਲਾਹੀ, ਕਵਿੰਦਰ ਚਾਂਦ, ਗੁਲਸ਼ਨ ਦਿਆਲ, ਸੁਰਜੀਤ ਕਲਸੀ, ਹਰਕੀਰਤ ਚਾਹਲ, ਬਲਰਾਜ ਬਾਸੀ, ਕੇਸਰ ਸਿੰਘ ਕੂਨਰ, ਮਹਿੰਦਰਪਾਲ ਸਿੰਘ ਪਾਲ, ਗੁਰਦੇਵ ਸਿੰਘ ਦਰਦੀ, ਬਖ਼ਸ਼ਿੰਦਰ, ਨਵਲਪ੍ਰੀਤ ਰੰਗੀ, ਅਸ਼ੋਕ ਭਾਰਗਵ, ਕ੍ਰਿਸ਼ਨ ਬੈਕਟਰ ਅਤੇ ਪ੍ਰਿੰਅਕਾ ਨਿੱਝਰ ਸਮੇਤ ਹੋਰ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।
ਬੁਲਾਰਿਆਂ ਨੇ ਜਰਨੈਲ ਸਿੰਘ ਆਰਟਿਸਟ ਨਾਲ ਜੁੜੀਆਂ ਆਪਣੀਆਂ ਨਿੱਜੀ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੂੰ ਇੱਕ ਬਿਹਤਰੀਨ ਚਿੱਤਰਕਾਰ ਦੇ ਨਾਲ ਨਾਲ ਬੇਹੱਦ ਨਿਮਰ, ਸਾਦੇ, ਮਿਲਣਸਾਰ ਅਤੇ ਸੰਵੇਦਨਸ਼ੀਲ ਇਨਸਾਨ ਵਜੋਂ ਯਾਦ ਕੀਤਾ। ਉਨ੍ਹਾਂ ਦੀ ਚਿੱਤਰਕਲਾ ਵਿੱਚ ਮੌਜੂਦ ਸੁਹਜ, ਡੂੰਘੀ ਸੋਚ, ਪੰਜਾਬੀਅਤ ਅਤੇ ਮਨੁੱਖੀ ਸੰਵੇਦਨਾ ਬਾਰੇ ਵੀ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਕਈ ਬੁਲਾਰਿਆਂ ਨੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸ਼ਖ਼ਸੀਅਤ ਦੇ ਅਜਿਹੇ ਪੱਖ ਸਾਹਮਣੇ ਲਿਆਂਦੇ, ਜਿਨ੍ਹਾਂ ਨੇ ਸਮਾਗਮ ਨੂੰ ਹੋਰ ਵੀ ਭਾਵਪੂਰਨ ਬਣਾ ਦਿੱਤਾ। ਬੁਲਾਰਿਆਂ ਨੇ ਵੈਨਕੂਵਰ ਵਿਚਾਰ ਮੰਚ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਕ ਕਲਾਕਾਰ ਦੇ ਜੀਵਨ, ਕਲਾ ਅਤੇ ਸ਼ਖ਼ਸੀਅਤ ਨਾਲ ਜੁੜੀਆਂ ਯਾਦਾਂ ਨੂੰ ਪੁਸਤਕ ਦੇ ਰੂਪ ਵਿੱਚ ਸਾਂਭਣਾ ਆਉਣ ਵਾਲੀਆਂ ਪੀੜ੍ਹੀਆਂ ਲਈ ਮਹੱਤਵਪੂਰਨ ਦਸਤਾਵੇਜ਼ ਸਾਬਤ ਹੋਵੇਗਾ।
ਸਮਾਗਮ ਦੌਰਾਨ ਗੁਰਦੀਪ ਭੁੱਲਰ ਵੱਲੋਂ ਜਰਨੈਲ ਸਿੰਘ ਆਰਟਿਸਟ ਦੇ ਜੀਵਨ ਅਤੇ ਕਲਾ ਸੰਬੰਧੀ ਤਿਆਰ ਕੀਤੀ ਗਈ ਇੱਕ ਖ਼ੂਬਸੂਰਤ ਡਾਕੂਮੈਂਟਰੀ ਫ਼ਿਲਮ ਵੀ ਪ੍ਰਦਰਸ਼ਿਤ ਕੀਤੀ ਗਈ। ਫ਼ਿਲਮ ਵਿੱਚ ਉਨ੍ਹਾਂ ਦੇ ਜੀਵਨ, ਕਲਾਤਮਕ ਸਫ਼ਰ ਅਤੇ ਚਿੱਤਰਕਲਾ ਦੇ ਵੱਖ-ਵੱਖ ਪੱਖਾਂ ਨੂੰ ਪੇਸ਼ ਕੀਤਾ ਗਿਆ। ਜਰਨੈਲ ਸਿੰਘ ਆਰਟਿਸਟ ਦੀ ਬੇਟੀ ਨੀਤੀ ਸਿੰਘ ਵੱਲੋਂ ਉਨ੍ਹਾਂ ਦੀ ਕਲਾ ਨਾਲ ਸਬੰਧਤ ਕੁਝ ਚਿੱਤਰਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਾਈ ਗਈ। ਕਲਾ ਪ੍ਰੇਮੀਆਂ ਨੇ ਇਨ੍ਹਾਂ ਚਿੱਤਰਾਂ ਨੂੰ ਦਿਲਚਸਪੀ ਨਾਲ ਦੇਖਿਆ ਅਤੇ ਜਰਨੈਲ ਸਿੰਘ ਆਰਟਿਸਟ ਦੀ ਕਲਾਤਮਿਕ ਪ੍ਰਤਿਭਾ ਨੂੰ ਨੇੜਿਓਂ ਮਹਿਸੂਸ ਕੀਤਾ। ਇਸੇ ਦੌਰਾਨ ਗੁਲਾਟੀ ਪਬਲਿਸ਼ਰਜ਼ ਲਿਮਿਟਿਡ, ਸਰੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ, ਜਿਸ ਵਿੱਚ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨਾਲ ਸਬੰਧਤ ਵੱਖ-ਵੱਖ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ।
ਅੰਤ ਵਿੱਚ ਵੈਨਕੂਵਰ ਵਿਚਾਰ ਮੰਚ ਦੇ ਬੁਲਾਰੇ ਹਰਦਮ ਮਾਨ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਬੁਲਾਰਿਆਂ, ਸਹਿਯੋਗੀਆਂ, ਕਲਾ ਅਤੇ ਸਾਹਿਤ ਨਾਲ ਜੁੜੀਆਂ ਸ਼ਖ਼ਸੀਅਤਾਂ, ਜਰਨੈਲ ਸਿੰਘ ਆਰਟਿਸਟ ਦੇ ਪਰਿਵਾਰਕ ਮੈਂਬਰਾਂ, ਪ੍ਰਸ਼ੰਸਕਾਂ ਅਤੇ ਸਮਾਗਮ ਦੀ ਸਫ਼ਲਤਾ ਲਈ ਸਹਿਯੋਗ ਦੇਣ ਵਾਲੇ ਸਮੂਹ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਸਿਮਰਤੀ ਗ੍ਰੰਥ ਦੀ ਤਿਆਰੀ ਅਤੇ ਸਮਾਗਮ ਦੇ ਪ੍ਰਬੰਧਾਂ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਵੀ ਧੰਨਵਾਦ ਕੀਤਾ।
- Download Babushahi App
-
-