Breaking News: LPU ਹਿੰਸਾ ਮਾਮਲੇ ’ਚ ਹਾਈਕੋਰਟ ਸਖ਼ਤ, ਪੰਜਾਬ ਸਰਕਾਰ ਤੋਂ ਮੰਗੀ ਜਾਂਚ ਦੀ ਸਟੇਟਸ ਰਿਪੋਰਟ
Babushahi Network
ਚੰਡੀਗੜ੍ਹ, 30 ਸਤੰਬਰ 2026: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ, ਭੰਨਤੋੜ, ਲੁੱਟਮਾਰ ਅਤੇ ਸਾੜਫੂਕ ਦੇ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਾਂਚ ਦੀ ਸਟੇਟਸ ਰਿਪੋਰਟ ਮੰਗੀ ਹੈ। ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 8 ਅਕਤੂਬਰ ਨੂੰ ਤੈਅ ਕੀਤੀ ਹੈ।
ਇਹ ਸੁਣਵਾਈ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਵੱਲੋਂ ਦਾਇਰ ਜਨਹਿੱਤ ਪਟੀਸ਼ਨ (PIL) ’ਤੇ ਹੋਈ। ਪਟੀਸ਼ਨ ਵਿੱਚ ਘਟਨਾਕ੍ਰਮ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਕੇਂਦਰੀ ਜਾਂਚ ਬਿਊਰੋ (CBI) ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨਰ ਦੇ ਵਕੀਲ ਗੌਰਵ ਚੋਪੜਾ ਅਤੇ ਐਡਵੋਕੇਟ ਅਰਜੁਨ ਸ਼ਿਓਰਾਣ ਨੇ ਕਿਹਾ ਕਿ ਕੈਂਪਸ ਵਿੱਚ ਹਿੰਸਾ ਦੌਰਾਨ ਅਗਜ਼ਨੀ ਅਤੇ ਵੱਡੇ ਪੱਧਰ ’ਤੇ ਭੰਨਤੋੜ ਤੇ ਲੁੱਟਮਾਰ ਹੋਈ, ਜਿਸ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ’ਤੇ ਅਦਾਲਤੀ ਨਿਗਰਾਨੀ ਜ਼ਰੂਰੀ ਹੈ।
ਦੱਸਿਆ ਜਾਂਦਾ ਹੈ ਕਿ ਇੱਕ ਵਿਦਿਆਰਥਣ ਨਾਲ ਕਥਿਤ ਜਬਰ-ਜ਼ਨਾਹ ਦੀ ਅਫ਼ਵਾਹ ਤੋਂ ਬਾਅਦ 26 ਅਤੇ 27 ਸਤੰਬਰ ਨੂੰ ਕੈਂਪਸ ਵਿੱਚ ਤਣਾਅ ਵਧ ਗਿਆ ਸੀ। ਯੂਨੀਮਾਲ ਵਿੱਚ ਦੁਕਾਨਾਂ ਦੀ ਭੰਨਤੋੜ ਅਤੇ ਸਾੜ-ਫੂਕ ਦੀਆਂ ਘਟਨਾਵਾਂ ਤੋਂ ਇਲਾਵਾ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਵੀ ਕਰੀਬ 18 ਘੰਟੇ ਪ੍ਰਭਾਵਿਤ ਰਿਹਾ। ਪੁਲਿਸ ਨੇ ਕਥਿਤ ਜਬਰ-ਜ਼ਨਾਹ ਦੀ ਪੁਸ਼ਟੀ ਨਾ ਹੋਣ ਦੀ ਗੱਲ ਕਹੀ ਹੈ ਅਤੇ ਜਾਂਚ ਲਈ ਐਸਆਈਟੀ ਬਣਾਈ ਗਈ ਹੈ। ਤਣਾਅ ਦੇ ਮੱਦੇਨਜ਼ਰ ਯੂਨੀਵਰਸਿਟੀ ਨੇ 28 ਸਤੰਬਰ ਤੋਂ 10 ਦਿਨਾਂ ਲਈ ਕਲਾਸਾਂ ਅਤੇ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਹਨ।
- Download Babushahi App
-
-