Big News ਮਾਣਹਾਨੀ ਮਾਮਲੇ ’ਚ ਕਸੂਤੀ ਫਸੀ ਕੰਗਣਾ ਰਣੌਤ ਨੂੰ ਟੇਕਣੇ ਪਏ ਬੇਬੇ ਮਹਿੰਦਰ ਕੌਰ ਅੱਗੇ ਗੋਡੇ
ਅਸ਼ੋਕ ਵਰਮਾ
ਬਠਿੰਡਾ, 27 ਅਕਤੂਬਰ 2025:ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਭਾਰਤੀ ਜੰਤਾ ਪਾਰਟੀ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਣਾ ਰਣੌਤ ਨੇ ਮਾਣਹਾਨੀ ਮਾਮਲੇ ’ਚ ਅੱਜ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ। ਬਠਿੰਡਾ ਜਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਜ਼ਰਗ ਮਹਿੰਦਰ ਕੌਰ ਪਤਨੀ ਲਾਭ ਸਿੰਘ ਖਿਲਾਫ ਭੱਦੀਆਂ ਟਿਪਣੀਆਂ ਕਰਨ ਕਰਕੇ ਜਨਵਰੀ 2021 ਵਿੱਚ ਭਾਜਪਾ ਆਗੂ ਅਦਾਕਾਰਾ ਕੰਗਣਾ ਰਣੌਤ ਖਿਲਾਫ ਬੇਬੇ ਵੱਲੋਂ ਆਪਣੇ ਵਕੀਲਾਂ ਰਾਹੀਂ ਬਠਿੰਡਾ ਅਦਾਲਤ ’ਚ ਮਾਣਹਾਨੀ ਮਾਮਲਾ ਦਰਜ ਕਰਵਾਇਆ ਗਿਆ ਸੀ। ਹਾਲਾਂਕਿ ਸਿਆਸੀ ਤੌਰ ਤੇ ਕਾਫੀ ਰਸੂਖਵਾਨ ਮੰਨੀ ਜਾਂਦੀ ਭਾਜਪਾ ਆਗੂ ਕੰਗਣਾ ਰਣੌਤ ਨੇ ਮਾਮਲੇ ਨੂੰ ਲੰਮਾਂ ਸਮਾਂ ਕਾਨੂੂੰਨੀ ਚੱਕਰਵਿਊ ’ਚ ਉਲਝਾਈ ਰੱਖਿਆ ਪਰ ਕਾਨੂੰਨ ਦੇ ਸ਼ਿਕੰਜੇ ਤੋਂ ਬਚਣ ਵਿੱਚ ਅਸਫਲ ਰਹੀ । ਮਾਣਹਾਨੀ ਮਾਮਲੇ ਦਾ ਸਾਹਮਣਾ ਕਰ ਰਹੀ ਕੰਗਣਾ ਰਣੌਤ ਦੇ ਵਕੀਲਾਂ ਨੇ ਕੁੱਝ ਦਿਨ ਪਹਿਲਾਂ 27 ਅਕਤੂਬਰ ਨੂੰ ਦੋ ਵਜੇ ਪੇਸ਼ ਹੋਣ ਦੀ ਇਜਾਜਤ ਮੰਗੀ ਸੀ ਜੋ ਅਦਾਲਤ ਨੇ ਪ੍ਰਵਾਨ ਕਰ ਲਈ ਸੀ।
ਅੱਜ ਮਿਥੇ ਸਮੇਂ ਤੇ ਕੰਗਣਾ ਰਣੌਤ ਆਪਣੇ ਵਕੀਲਾਂ ਅਤੇ ਹੋਰ ਤਾਮ ਝਾਮ ਨਾਲ ਪੁਲਿਸ ਦੀ ਸਖਤ ਸੁਰੱਖਿਆ ਹੇਠ ਤਕਰੀਬਨ ਮਿਥੇ ਸਮੇਂ ਤੇ ਅਦਾਲਤ ਪੁੱਜੀ ਅਤੇ ਸ਼ਕਾਇਤਕਰਤਾ ਤੋਂ ਮੁਆਫੀ ਮੰਗੀ। ਆਪਣੀ ਪੇਸ਼ੀ ਤੋਂ ਬਾਅਦ ਅਦਾਕਾਰਾ ਕੰਗਣਾ ਰਣੌਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਹਾ ਕਿ ‘ਮੇਰੇ ਲਈ ਹਰ ਇੱਕ ਮਾਂ, ਚਾਹੇ ਉਹ ਹਿਮਾਚਲ ਪ੍ਰਦੇਸ਼ ਦੀ ਹੋਵੇ ਜਾਂ ਪੰਜਾਬ ਦੀ ਸਤਿਕਾਰਯੋਗ ਹੈ’। ਕੰਗਣਾ ਨੇ ਅੱਗੇ ਕਿਹਾ ਕਿ ਇਹ ਇੱਕ ਇੰਟਰਨੈਟ ’ਤੇ ਮਜ਼ਾਕ ਸੀ ਜੋ ਉਸ ਨੇ ਰੀਟਵੀਟ ਕੀਤਾ ਸੀ। ਉਨ੍ਹਾਂ ਅੱਜ ਮਹਿੰਦਰ ਕੌਰ ਦੇ ਪਤੀ ਨਾਲ ਵੀ ਅੱਜ ਗੱਲਬਾਤ ਕੀਤੀ ਅਤੇ ਕਿਹਾ ਕਿ ਅਜਿਹਾ ਮੇਰਾ ਕੋਈ ਇਰਾਦਾ ਨਹੀਂ ਸੀ। ਮੈਂ ਮਾਂ (ਬਜ਼ੁਰਗ ਔਰਤ ਕਿਸਾਨ) ਨੂੰ ਸੁਨੇਹਾ ਭੇਜਿਆ ਹੈ ਕਿ ਜੋ ਗਲਤ ਫਹਿਮੀ ਹੋਈ ਹੈ, ਉਸ ਲਈ ਖੇਦ ਹੈ। ਸੰਸਦ ਮੈਂਬਰ ਨੇ ਕਿਹਾ, ‘ਮੈਂ ਕਦੇ ਆਪਣੇ ਸੁਪਨੇ ਵਿੱਚ ਵੀ ਅਜਿਹਾ ਕਰਨ ਬਾਰੇ ਸੋਚ ਨਹੀਂ ਸਕਦੀ ਹਾਂ ।
ਕੰਗਣਾ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਐਨਾ ਵੱਡਾ ਵਿਵਾਦ ਬਣ ਜਾਏਗਾ। ਕੰਗਣਾ ਨੇ ਕਿਹਾ ਕਿ ਉਸ ਨੇ ਅਦਾਲਤ ਵਿੱਚ ਵੀ ਦਰਖਾਸਤ ਦਿੱਤੀ ਹੈ ਕਿ ਉਸ ਨੇ ਕਿਸੇ ਬਾਰੇ ਮਿਕਸੇ ਕਿਗਸਮ ਦੀ ਕੋਈ ਟਿੱਪਣੀ ਨਹੀਂ ਕੀਤੀ ਫਿਰ ਵੀ ਜੇਕਰ ਕਿਸੇ ਦੇ ਮਨ ਨੂੰ ਠੇਸ ਪੁੱਜੀ ਹੈ ਤਾਂ ਉਹ ਮੁਆਫੀ ਮੰਗਦੀ ਹੈ। ਕੰਗਨਾ ਵੱਲੋਂ ਅੱਜ ਅਦਾਲਤ ਵਿੱਚ ਜ਼ਮਾਨਤ ਦਾ ਮੁਚਲਕਾ ਵੀ ਦਾਇਰ ਕੀਤਾ ਗਿਆ ਹੈ, ਜੋ ਉਸ ਦੇ ਪਿਤਾ ਨੇ ਦਿੱਤਾ ਹੈ। ਕੇਸ ਦੀ ਸੁਣਵਾਈ ਹੁਣ 24 ਨਵੰਬਰ, 2025 ਨੂੰ ਹੋਵੇਗੀ। ਬਿਰਧ ਮਹਿੰਦਰ ਕੌਰ ਦੇ ਵਕੀਲ ਐਡਵੋਕੇਟ ਰਘਬੀਰ ਸਿੰਘ ਬਹਿਣੀਵਾਲ ਨੇ ਕਿਹਾ ਕਿ ਅਦਾਲਤ ਵੱਲੋਂ ਪੁੱਛੇ ਜਾਣ ਤੇ ਕੰਗਣਾ ਨੇ ਕਿਹਾ ਕਿ ਉਹ ਮਾਤਾ (ਮਹਿੰਦਰ ਕੌਰ) ਤੋਂ ਮੁਆਫ਼ੀ ਮੰਗਦੇ ਹਨ ਕਿਉਂਕਿ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਕੋਈ ਨਿਸ਼ਾਨਾ ਬਣਾ ਕੇ ਟਿੱਪਣੀ ਨਹੀਂ ਕੀਤੀ ਸੀ ਸਗੋਂ ਰੀਟਵੀਟ ਕੀਤਾ ਸੀ।
ਮਹਿੰਦਰ ਕੌਰ ਦੀ ਸਿਹਤ ਠੀਕ ਨਾ ਹੋਣ ’ਤੇ ਉਨ੍ਹਾਂ ਦੇ ਪਤੀ ਲਾਭ ਸਿੰਘ ਅਦਾਲਤ ਪੁੱਜੇ ਸਨ। ਉਨ੍ਹਾਂ ਅਦਾਲਤ ਨੂੰ ਕਿਹਾ ਕਿ ਉਹ ਇਕੱਲੇ ਸ਼ਕਾਇਤਕਰਤਾ ਜਾਂ ਫਿਰ ਪੈਰਵਾਈ ਕਰਨ ਵਾਲੇ ਨਹੀਂ ਹਨ ਇਸ ਲਈ ਉਹ ਸਾਰੀਆਂ ਧਿਰਾਂ ਨਾਲ ਗੱਲਬਾਤ ਤੋਂ ਬਾਅਦ ਹੀ ਪੱਖ ਰੱਖਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਭ ਸਿੰਘ ਨੇ ਆਖਿਆ ਕਿ ਇਸ ਮਸਲੇ ’ਚ ਪਹਿਲਾਂ ਹੀ ਕੰਗਣਾ ਰਾਣੌਤ ਨੂੰ ਬਠਿੰਡਾ ਅਦਾਲਤ ’ਚ ਪੇਸ਼ ਹੋ ਜਾਣਾ ਚਾਹੀਦਾ ਸੀ ਪਰ ਪੈਸੇ ਵਾਲੇ ਹੁਣ ਕਰਕੇ ਪਹਿਲਾਂ ਹਾਈ ਕੋਰਟ ਚਲੀ ਗਈ ਤੇ ਮਗਰੋਂ ਮਾਮਲਾ ਸੁਪਰੀਮ ਕੋਰਟ ਦਿੱਲੀ ਲੈ ਗਏ। ਉਨ੍ਹਾਂ ਕਿਹਾ ਕਿ ਇਸ ਤਰਾਂ ਕਰਨ ਨਾਲ ਉਨ੍ਹਾਂ ਨੂੰ ਵੱਡੀ ਖੱਜਲ ਖੁਆਰੀ ਝੱਲਣੀ ਪਈ ਅਤੇ ਅੰਤ ’ਚ ਕੰਗਣਾ ਨੂੰ ਬਠਿੰਡਾ ਅਦਾਲਤ ’ਚ ਪੇਸ਼ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੰਗਣਾ ਰਣੌਤ ਪਹਿਲਾਂ ਹੀ ਆਖ ਦਿੰਦੀ ਕਿ ਉਸ ਤੋਂ ਗਲਤੀ ਹੋ ਗਈ ਹੈ ਤਾਂ ਗੱਲ ਐਨੀਂ ਨਹੀਂ ਵਧਣੀ ਸੀ।
ਕੰਗਣਾ ਰਣੌਤ ਦੀਆਂ ਟਿੱਪਣੀਆਂ
ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਤਿੰਨ ਖੇਤੀ ਕਾਨੂੰਨਾਂ ( ਹੁਣ ਰੱਦ) ਨੂੰ ਲੈਕੇ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਅੰਦੋਲਨ ਮੌਕੇ ਕੰਗਨਾ ਰਣੌਤ ਨੇ ਬਜ਼ੁਰਗ ਮਾਈ ਮਹਿੰਦਰ ਕੌਰ ’ਤੇ ਕਾਫੀ ਤਿੱਖੀਆਂ ਤੇ ਭੱਦੀਆਂ ਟਿਪਣੀਆਂ ਕੀਤੀਆਂ ਸਨ। ਕੰਗਣਾ ਨੇ ਇੱਕ ਟਵੀਟ ਰਾਹੀਂ ਮਹਿੰਦਰ ਕੌਰ ਨੂੰ 100 ਰੁਪਏ ਭਾੜਾ ਲੈ ਕੇ ਕਿਸਾਨ ਅੰਦੋਲਨ ਵਿੱਚ ਕੁੱਦਣ ਵਾਲੀ ਔਰਤ ਦੱਸਿਆ ਸੀ। ਉਦੋਂ ਕੰਗਣਾ ਨੇ ਇਸ ਮਾਈ ਦੀ ਫੋਟੋ ਵੀ ਸਾਂਝੀ ਕੀਤੀ ਸੀ। ਮਹਿੰਦਰ ਕੌਰ ਦੀ ਉਮਰ ਉਦੋਂ 81 ਸਾਲ ਦੀ ਸੀ ਅਤੇ ਏਨੀ ਉਮਰ ਦੇ ਬਾਵਜੂਦ ਉਹ ਕਿਸਾਨੀ ਅੰਦੋਲਨ ਦਾ ਹਿੱਸਾ ਬਣਨ ਲਈ ਦਿੱਲੀ ਗਈ ਹੋਈ ਸੀ।
ਮਾਣਹਾਨੀ ਕੇਸ ਦਰਜ ਕਰਵਾਇਆ
ਬਜ਼ੁਰਗ ਮਾਈ ਮਹਿੰਦਰ ਕੌਰ ਨੇ ਆਪਣੇ ਖਿਲਾਫ ਕੀਤੀਆਂ ਟਿੱਪਣੀ ਨੂੰ ਲੈਕੇ ਬਠਿੰਡਾ ਅਦਾਲਤ ਵਿੱਚ ਧਾਰਾ 499,500 ਤਹਿਤ ਕੰਗਨਾ ਰਣੌਤ ਖ਼ਿਲਾਫ਼ ਮਾਣਹਾਨੀ ਮਾਮਲੇ ਸਬੰਧੀ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ਨੂੰ ਕੰਗਣਾ ਨੇ ਹਾਈਕੋਰਟ ’ਚ ਚੁਣੌਤੀ ਦਿੱਤੀ ਸੀ ਜਿੱਥੇ ਬਠਿੰਡਾ ਅਦਾਲਤ ਵਿੱਚ ਚੱਲ ਰਿਹਾ ਕੇਸ ਸਟੇਅ ਕਰ ਦਿੱਤਾ ਗਿਆ ਸੀ। ਮਗਰੋਂ ਹਾਈਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਤਾਂ ਕੰਗਣਾ ਸੁਪਰੀਮ ਕੋਰਟ ਚਲੀ ਗਈ। ਉੱਥੋਂ ਵੀ ਜਦੋਂ ਕੋਈ ਰਾਹਤ ਨਾਂ ਮਿਲੀ ਤਾਂ ਅੱਜ ਕੰਗਣਾ ਬਠਿੰਡਾ ਅਦਾਲਤ ’ਚ ਪੇਸ਼ ਹੋਈ ਸੀ ।