Babushahi Special-ਬਿਜਲੀ ਦੇ ਲੱਗਦੇ ਅੱਖ ਮਟੱਕਿਆਂ ਨੇ ਸੋਸ਼ਲ ਮੀਡੀਆ ’ਤੇ ਹੀਰੋ ਬਣਾਇਆ ‘ਖੇਤਾਂ ਦਾ ਪੁੱਤ’
ਲੋਕਾਂ ਨੇ ਕੀਤਾ ਸਾਬਕਾ ਚੇਅਰਮੈਨ ਬਲਦੇਵ ਸਿੰਘ ਸਰਾਂ ਨੂੰ ਯਾਦ
ਅਸ਼ੋਕ ਵਰਮਾ
ਬਠਿੰਡਾ, 15 ਸਤੰਬਰ 2026: ਪੰਜਾਬ ’ਚ ਬਿਜਲੀ ਦੀ ਘਾਟ ਕਾਰਨ ਲੱਗਣ ਲੱਗੇ ਵੱਡੇ ਵੱਡੇ ਕੱਟਾਂ ਨੇ ਲੋਕਾਂ ਨੂੰ ਪਾਵਰਕੌਮ ਦੇ ਸਾਬਕਾ ਚੇਅਰਮੈਨ ਅਤੇ ਸੇਵਾਮੁਕਤ ਚੀਫ ਇੰਜਨੀਅਰ ਬਲਦੇਵ ਸਿੰਘ ਸਰਾਂ ਦਾ ਕਾਰਜਕਾਲ ਯਾਦ ਦਿਵਾ ਦਿੱਤਾ ਹੈ। ਸੋਮਵਾਰ ਨੂੰ ਬਸੰਤ ਗਰਗ ਦੀ ਸੀਐਮਡੀ ਦੇ ਅਹੁਦੇ ਤੋਂ ਛੁੱਟੀ ਮਗਰੋਂ ਸੋਸ਼ਲ ਮੀਡੀਆ ’ਤੇ ਲੋਕ ਸਰਾਂ ਦੀ ਨਿੱਠਕੇ ਸ਼ਲਾਘਾ ਕਰ ਰਹੇ ਹਨ ਕਿ ਕਿੱਦਾਂ ਉਨ੍ਹਾਂ ਬਿਜਲੀ ਸਪਲਾਈ ਵਰਗੇ ਮਹੱਤਵਪੂਰਨ ਅਦਾਰੇ ਨੂੰ ਜਿੱਲ੍ਹਣ ਚੋਂ ਕੱਢਣ ਲਈ ਜੀਅ ਜਾਨ ਲਾ ਦਿੱਤੀ ਸੀ। ਇਹ ਬਲਦੇਵ ਸਿੰਘ ਸਰਾਂ ਹੀ ਹਨ ਜੋ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਪਸੰਦ ਸਨ। ਕੈਪਟਨ ਨੇ 5 ਜੂਨ 2018 ਨੂੰ ਸਰਾਂ ਦੀ ਪਾਵਰਕੌਮ ਦੇ ਚੇਅਰਮੈਨ ਵਜੋਂ ਨਿਯੁਕਤੀ ਕੀਤੀ ਸੀ। ਕੈਪਟਨ ਤੋਂ ਬਾਅਦ ਬਣੀ ਚੰਨੀ ਸਰਕਾਰ ਨੇ ਵੀ ਉਨ੍ਹਾਂ ਦੀ ਕਾਬਲੀਅਤ ’ਤੇ ਮੋਹਰ ਲਾਈ ਜਦੋਂਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਸਰਾਂ ਦੀ ਕਾਰਜਸ਼ੈਲੀ ਤੋਂ ਪੂਰੀ ਤਰਾਂ ਕਾਇਲ ਸਨ।
ਕੈਪਟਨ ਸਰਕਾਰ ਦੀ ਨਿਯੁਕਤੀ ਦੇ ਅਧਾਰ ’ਤੇ ਉਹ 5 ਜੂਨ 2020 ਤੱਕ ਇਸ ਅਹੁਦੇ ’ਤੇ ਰਹੇ। ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਮੁੜ ਸਰਾਂ ਨੂੰ 31 ਦਸੰਬਰ 2021 ਨੂੰ ਚੇਅਰਮੈਨ ਲਗਾ ਦਿੱਤਾ ਅਤੇ ਉਦੋਂ ਉਹ 22 ਦਸੰਬਰ 2022 ਤੱਕ ਅਹੁਦੇ ’ਤੇ ਤਾਇਨਾਤ ਰਹੇ। ਉਸ ਮਗਰੋਂ ‘ਆਪ ’ ਸਰਕਾਰ ਨੇ ਸਰਾਂ ਦੀਆਂ ਸੇਵਾਵਾਂ ’ਚ ਵਾਧਾ ਕਰ ਦਿੱਤਾ । ਆਪਣੇ ਕਾਰਜਕਾਲ ਦੌਰਾਨ ਬਲਦੇਵ ਸਿੰਘ ਸਰਾਂ ਨੇ ਪੰਜਾਬ ਸਰਕਾਰ ਦੀ ਨੀਤੀ ਮੁਤਾਬਕ 300 ਯੂਨਿਟ ਬਿਜਲੀ ਸਫਲਤਾਪੂਰਵਕ ਮੁਫਤ ਦੇਣ ’ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਖਪਤਕਾਰਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਖੇਤੀ ਖੇਤਰ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱੲਆ ਕਰਵਾਉਣ ਲਈ ਕਈ ਕਦਮ ਚੁੱਕੇ ਜਿੰਨ੍ਹਾਂ ਲਈ ਅੱਜ ਵੀ ਉਨ੍ਹਾਂ ਦਾ ਨਾਮ ਸਤਿਕਾਰ ਨਾਲ ਲਿਆ ਜਾਂਦਾ ਹੈ। ਇੰਜਨੀਅਰ ਐਸੋਸੀਏਸ਼ਨ ਦਾ ਪ੍ਰਧਾਨ ਰਹੇ ਹੋਣ ਕਰਕੇ ਉਨ੍ਹਾ ਇੰਜਨੀਅਰਾਂ ਅਤੇ ਸਰਕਾਰ ਵਿਚਕਾਰ ਤਾਲਮੇਲ ਬਿਠਾਇਆ ਅਤੇ ਦੋਵਾਂ ਧਿਰਾਂ ਵਿਚਕਾਰ ਪੁਲ ਦਾ ਕੰਮ ਕੀਤਾ।
ਸਰਾਂ ਦੇ ਕਾਰਜਕਾਲ ਦੌਰਾਨ ਪਾਵਰਕੌਮ ਦੀ ਚੇਅਰਮੈਨੀ ਪਹਿਲੀ ਵਾਰੀ ਛੋਟੀ ਕਿਸਾਨੀ ਦੇ ਹਿੱਸੇ ਆਈ ਸੀ ਜਿਸ ਨੇ ਖਪਤਕਾਰਾਂ ਨੂੰ ਨਿਰਾਸ਼ ਨਹੀਂ ਹੋਣ ਦਿੱਤਾ। ਬਠਿੰਡਾ ਜਿਲ੍ਹੇ ਦੇ ਪਿੰਡ ਚਾਉਂਕੇ ਦੇ ਸਧਾਰਨ ਕਿਸਾਨ ਪ੍ਰੀਵਾਰ ਮਰਹੂਮ ਹਰਦਿਆਲ ਸਿੰਘ ਦਾ ਮੁੰਡਾ ਬਲਦੇਵ ਸਿੰਘ ਰਾਤੋ ਰਾਤ ਇਸ ਮੁਕਾਮ ’ਤੇ ਨਹੀਂ ਪੁੱਜਿਆ ਬਲਕਿ ਇਸ ਪਿੱਛੇ ਲੰਮੀ ਘਾਲਣਾ ਰਹੀ ਹੈ। ਬਲਦੇਵ ਸਿੰਘ ਨੇ ਛੋਟੀ ਉਮਰੇ ਬਲਦਾਂ ਨਾਲ ਹਲ ਵਾਹਿਆ ਤੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਲਾਲਟੈਨ ਦੇ ਚਾਨਣ ਵਿੱਚ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਐਸਡੀਓ ਬਣਨ ਤੋਂ ਬਾਅਦ ਵੀ ਅਫਸਰ ਬਲਦੇਵ ਸਿੰਘ ਆਪਣੇ ਖੇਤਾਂ ਵਿੱਚ ਖ਼ੁਦ ਝੋਨਾ ਲਾਉਂਦਾ ਰਿਹਾ ਸੀ। ਰਤਾ ਪਿਛੋਕੜ ’ਚ ਜਾਈਏ ਤਾਂ ਪਤਾ ਲੱਗਦਾ ਹੈ ਕਿ ਬਲਦੇਵ ਸਿੰਘ ਨੇ ਮੁਢਲੀ ਸਿੱਖਿਆ ਪਿੰਡ ਚਾਉਕੇ ਦੇ ਸਕੂਲ ਚੋਂ ਹਾਸਲ ਕੀਤੀ ਸੀ। ਪਿਤਾ ਹਰਦਿਆਲ ਸਿੰਘ ਸਰਾਂ (ਮਰਹੂਮ) ਤੇ ਮਾਂ ਕਰਨੈਲ ਕੌਰ ਨੇ ਬਲਦੇਵ ਸਿੰਘ ਨੂੰ ਉਚੇਰੀ ਸਿੱਖਿਆ ਦਿਵਾਉਣ ਲਈ ਢਿੱਡ ਪੇਟ ਬੰਨ੍ਹਿਆ।
ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ’ਚੋਂ ਇੰਜਨੀਅਰਿੰਗ ਕਰਕੇ ਬਲਦੇਵ ਸਿੰਘ ਸਰਾਂ ਨੇ ਮਾਪਿਆਂ ਦੇ ਪਸੀਨੇ ਦਾ ਮੁੱਲ ਮੋੜਿਆ। ਪਿੰਡ ਦੇ ਬਜੁਰਗਾਂ ਨੇ ਦੱਸਿਆ ਕਿ ਸੱਤਵੀਂ ਕਲਾਸ ਦੀ ਪੜ੍ਹਾਈ ਮੌਕੇ ਬਲਦੇਵ ਸਿੰਘ ਤੜਕਸਾਰ ਪਹਿਲਾਂ ਬਲਦਾਂ ਨਾਲ ਦੋ ਘੰਟੇ ਹਲ ਵਾਹੁੰਦਾ, ਫਿਰ ਸਕੂਲ ਜਾਂਦਾ ਅਤੇ ਛੁੱਟੀ ਹੋੋਣ ਉਪਰੰਤ ਫਿਰ ਤੋਂ ਖੇਤਾਂ ’ਚ ਕੰਮ ਕਰਦਾ ਸੀ। ਇੱਥੋਂ ਤੱਕ ਕਿ ਐਸਡੀਓ ਲੱਗਣ ਮਗਰੋਂ ਵੀ ਉਹ ਭਰਾਵਾਂ ਨਾਲ ਹੱਥੀਂ ਝੋਨਾ ਲੁਆਉਂਦਾ ਰਿਹਾ ਹੈ। ਜਦੋਂ ਬਲਦੇਵ ਸਿੰਘ ਨੇ ਦਸਵੀਂ ਦੀ ਪੜ੍ਹਾਈ ਮੁਕੰਮਲ ਕੀਤੀ ਤਾਂ ਉਸ ਤੋਂ ਬਾਅਦ ਪਿੰਡ ਵਿੱਚ ਬਿਜਲੀ ਆਈ ਸੀ। ਇਸ ਤੋਂ ਪਹਿਲਾਂ ਬਲਦੇਵ ਸਿੰਘ ਨੇ ਬਾਰ੍ਹਵੀਂ ਜਮਾਤ ਤੱਕ ਲਾਲਟੈਨ ਦੇ ਚਾਨਣ ਵਿੱਚ ਪੜ੍ਹਾਈ ਕੀਤੀ। ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਲੰਮਾ ਸਮਾਂ ਲਹਿਰਾ ਮੁਹੱਬਤ ਥਰਮਲ ’ਚ ਸੇਵਾਵਾਂ ਨਿਭਾਈਆਂ। ਪੰਜਾਬ ਰਾਜ ਬਿਜਲੀ ਬੋਰਡ ਇੰਜਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਤੇ ਚੀਫ ਇੰਜੀਨੀਅਰ ਵਜੋਂ ਫਰਵਰੀ 2018 ਵਿੱਚ ਸੇਵਾਮੁਕਤ ਹੋਏ ਸਨ।
ਸਰਾਂ ਪਿੱਛੋਂ ਅੱਛੇ ਦਿਨ ਖਤਮ
ਇੰਜਨੀਅਰ ਬਲਦੇਵ ਸਿੰਘ ਸਰਾਂ 65 ਸਾਲ ਦੀ ਉਮਰ ਹੋਣ ’ਤੇ ਚੇਅਰਮੈਨ ਕਮ ਚੀਫ ਮੈਨੇਜਿੰਗ ਡਾਇਰੈਕਟਰ ਵਜੋਂ ਆਪਣਾ ਕਾਰਜਕਾਲ ਪੂਰਾ ਕਰਕੇ 6 ਫਰਵਰੀ 2025 ਨੂੰ ਸੇਵਾਮੁਕਤ ਹੋ ਗਏ ਸਨ। ਪਾਵਰਕੌਮ ਦੇ ਇੱਕ ਇੰਜਨੀਅਰ ਨੇ ਦੱਸਿਆ ਕਿ ਸਰਾਂ ਦੀ ਵਿਦਾਇਗੀ ਤੋਂ ਬਾਅਦ ਅਦਾਰੇ ਦੇ ਅੱਛੇ ਦਿਨ ਖਤਮ ਹੋ ਗਏ ਸਨ। ਉਨ੍ਹਾਂ ਮੰਨਿਆ ਕਿ ਪਿਛਲੇ ਕੁੱਝ ਮਹੀਨਿਆਂ ਦੌਰਾਨ ਤਾਂ ਬਿਜਲੀ ਢਾਂਚੇ ਦਾ ਇੱਕ ਤਰਾਂ ਨਾਲ ਭੱਠਾ ਹੀ ਬੈਠ ਗਿਆ ਜੋ ਸਰਾਂ ਦੀਆਂ ਨੀਤੀਆਂ ਦਾ ਚੇਤਾ ਕਰਵਾ ਰਿਹਾ ਹੈ।
ਟੈਕਨੇਕਰੇਟ ਨੂੰ ਮਿਲੇ ਮੌਕਾ : ਸਰਾਂ
ਬਲਦੇਵ ਸਿੰਘ ਸਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਰਕਾਰ ਨੂੰ ਪਾਵਰਕੌਮ ਦੀ ਵਾਗਡੋਰ ਕਿਸੇ ਟੈਕਨੋਕਰੇਟ ਨੂੰ ਸੰਭਾਲਣ ਦੀ ਸਲਾਹ ਦਿੱਤੀ ਸੀ ਅਤੇ ਇਸ਼ਤਿਹਾਰ ਵੀ ਜਾਰੀ ਕੀਤਾ ਪਰ ਮਗਰੋਂ ਫੈਸਲਾ ਬਦਲ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਫਸਰਸ਼ਾਹੀ ਨਾਲੋਂ ਤਕਨੀਕੀ ਮਾਹਿਰ ਬਿਜਲੀ ਸੈਕਟਰ ਨੂੰ ਵਧੀਆ ਢੰਗ ਚਲਾ ਸਕਦੇ ਹਨ ਪਰ ਸਰਕਾਰਾਂ ਹਰ ਕੰਮ ਆਪਣੇ ਨਜ਼ਰੀਏ ਨਾਲ ਦੇਖਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪਿੰਡ ਦੀ ਮਿੱਟੀ ਦਾ ਪੁੱਤ ਸੀ ਜਿਸ ਕਰਕੇ ਉਨ੍ਹਾਂ ਨੇ ਪੇਂਡੂ ਸਮਾਜ ਲਈ ਕੰਮ ਕਰਨ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਦੀ ਰਿਹਾਇਸ਼ ਬਠਿੰਡਾ ’ਚ ਹੈ ਪਰ ਹੁਣ ਉਹ ਇੱਕ ਵਾਰ ਫਿਰ ਤੋਂ ਆਪਣੇ ਪਿੰਡ ਨਾਲ ਜੁੜਨ ਜਾ ਰਹੇ ਹਨ। ਅੱਜ ਵੀ ਜਦੋਂ ਇਸ ਪੱਤਰਕਾਰ ਨੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਹ ਆਪਣੇ ਪਿੰਡ ਚਾਉਕੇ ਵਿੱਚ ਹੀ ਸਨ।
- Download Babushahi App
-
-