87 ਸਾਲਾ ਛੱਜੂ ਰਾਮ ਦਾ ਜਜ਼ਬਾ ਬਣਿਆ ਮਿਸਾਲ, 82 ਸਾਲਾ ਸੁਰਿੰਦਰ ਕੁਮਾਰ ਨੇ ਜਿੱਤੇ ਦੋ ਸੋਨ ਤਮਗੇ
ਕਮਲ ਸੰਧੂ
ਬਰਨਾਲਾ, 4 ਅਕਤੂਬਰ 2026-: ਬਰਨਾਲਾ ਦੇ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਖਿਡਾਰੀਆਂ ਦਾ ਜੋਸ਼ ਅਤੇ ਜਜ਼ਬਾ ਦੇਖਣਯੋਗ ਬਣਿਆ ਹੋਇਆ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਜਿੱਥੇ ਨੌਜਵਾਨ ਖਿਡਾਰੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਸੀਨੀਅਰ ਸਿਟੀਜ਼ਨ ਖਿਡਾਰੀਆਂ ਨੇ ਵੀ ਆਪਣੀ ਸ਼ਾਨਦਾਰ ਖੇਡ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
87 ਸਾਲ ਦੀ ਉਮਰ ਵਿੱਚ ਛੱਜੂ ਰਾਮ ਨੇ ਲੰਬੀ ਛਾਲ ਦੇ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਕੇ ਇਹ ਸਾਬਤ ਕਰ ਦਿੱਤਾ ਕਿ ਉਮਰ ਖੇਡਾਂ ਵਿੱਚ ਕਾਮਯਾਬੀ ਦੀ ਰਾਹ ਵਿੱਚ ਰੁਕਾਵਟ ਨਹੀਂ ਬਣ ਸਕਦੀ। ਉਨ੍ਹਾਂ ਦੀ ਇਸ ਉਪਲਬਧੀ ਨੇ ਮੈਦਾਨ ਵਿੱਚ ਮੌਜੂਦ ਖਿਡਾਰੀਆਂ, ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਵਿੱਚ ਵੀ ਖਾਸ ਉਤਸ਼ਾਹ ਪੈਦਾ ਕੀਤਾ।
ਇਸੇ ਤਰ੍ਹਾਂ 82 ਸਾਲਾ ਸੁਰਿੰਦਰ ਕੁਮਾਰ ਨੇ ਵੀ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ 400 ਮੀਟਰ ਅਤੇ 800 ਮੀਟਰ ਦੌੜ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਦੋ ਸੋਨ ਤਮਗੇ ਆਪਣੇ ਨਾਂ ਕੀਤੇ। ਉਮਰ ਦੇ ਇਸ ਪੜਾਅ ’ਤੇ ਉਨ੍ਹਾਂ ਦੀ ਖੇਡ ਪ੍ਰਤੀ ਲਗਨ ਅਤੇ ਸਰੀਰਕ ਤੰਦਰੁਸਤੀ ਹੋਰਨਾਂ ਲਈ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੈ।
ਇਨ੍ਹਾਂ ਖੇਡ ਮੁਕਾਬਲਿਆਂ ਦੀ ਇੱਕ ਹੋਰ ਖਾਸ ਗੱਲ ਦੋ ਪੀੜ੍ਹੀਆਂ ਦਾ ਇਕੱਠੇ ਖੇਡ ਮੈਦਾਨ ਵਿੱਚ ਉਤਰਨਾ ਵੀ ਰਹੀ। ਇੱਕ ਸਸ ਨੇ ਸੋਨ ਤਮਗਾ ਜਿੱਤਿਆ, ਜਦਕਿ ਉਸ ਦੀ ਨੂੰਹ ਨੇ ਵੀ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਮਗਾ ਹਾਸਲ ਕੀਤਾ। ਸਸ-ਨੂੰਹ ਦੀ ਇਸ ਜੋੜੀ ਨੇ ਸਾਬਤ ਕੀਤਾ ਕਿ ਖੇਡਾਂ ਸਿਰਫ਼ ਮੁਕਾਬਲੇ ਦਾ ਮਾਧਿਅਮ ਨਹੀਂ, ਸਗੋਂ ਪਰਿਵਾਰਾਂ ਨੂੰ ਜੋੜਨ ਅਤੇ ਸਿਹਤਮੰਦ ਜੀਵਨ ਲਈ ਪ੍ਰੇਰਿਤ ਕਰਨ ਦਾ ਵੀ ਇੱਕ ਵਧੀਆ ਸਾਧਨ ਹਨ।
ਸੀਨੀਅਰ ਖਿਡਾਰੀਆਂ ਦਾ ਕਹਿਣਾ ਹੈ ਕਿ ਖੇਡਾਂ ਲਈ ਉਮਰ ਕਦੇ ਵੀ ਰੁਕਾਵਟ ਨਹੀਂ ਬਣਨੀ ਚਾਹੀਦੀ। ਜੇਕਰ ਮਨ ਵਿੱਚ ਜਜ਼ਬਾ, ਹੌਸਲਾ ਅਤੇ ਮਿਹਨਤ ਕਰਨ ਦੀ ਇੱਛਾ ਹੋਵੇ ਤਾਂ ਕਿਸੇ ਵੀ ਉਮਰ ਵਿੱਚ ਖੇਡਾਂ ਨਾਲ ਜੁੜਿਆ ਜਾ ਸਕਦਾ ਹੈ। ਉਨ੍ਹਾਂ ਨੇ ਹੋਰ ਬਜ਼ੁਰਗਾਂ ਨੂੰ ਵੀ ਸਰਗਰਮ ਜੀਵਨ ਅਪਣਾਉਣ ਅਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਦਾ ਸੁਨੇਹਾ ਦਿੱਤਾ।
ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ 87 ਸਾਲਾ ਛੱਜੂ ਰਾਮ, 82 ਸਾਲਾ ਸੁਰਿੰਦਰ ਕੁਮਾਰ ਅਤੇ ਸਸ-ਨੂੰਹ ਦੀ ਇਸ ਜੋੜੀ ਦਾ ਜਜ਼ਬਾ ਖੇਡ ਪ੍ਰੇਮੀਆਂ ਲਈ ਖਾਸ ਖਿੱਚ ਦਾ ਕੇਂਦਰ ਬਣਿਆ ਰਿਹਾ। ਇਨ੍ਹਾਂ ਸੀਨੀਅਰ ਖਿਡਾਰੀਆਂ ਨੇ ਮੈਦਾਨ ਵਿੱਚ ਉਤਰ ਕੇ ਨਾ ਸਿਰਫ਼ ਤਮਗੇ ਜਿੱਤੇ, ਸਗੋਂ ਨੌਜਵਾਨਾਂ ਅਤੇ ਹੋਰ ਸੀਨੀਅਰ ਨਾਗਰਿਕਾਂ ਨੂੰ ਵੀ ਫਿਟਨੈੱਸ, ਖੇਡਾਂ ਅਤੇ ਸਰਗਰਮ ਜੀਵਨ ਨਾਲ ਜੁੜੇ ਰਹਿਣ ਦਾ ਪ੍ਰੇਰਣਾਦਾਇਕ ਸੰਦੇਸ਼ ਦਿੱਤਾ।
- Download Babushahi App
-
-