ਸੰਦੀਪ ਸੰਨੀ ਨੇ ਛੱਡੇ ਜੈਕਾਰੇ, ਪੁਲਿਸ ਨੇ ਲਿਆਂਦਾ ਸੀ ਹਸਪਤਾਲ ਮੈਡੀਕਲ ਲਈ!
ਬਾਬੂਸ਼ਾਹੀ ਬਿਊਰੋ
ਸੰਗਰੂਰ, 18 ਸਤੰਬਰ, 2025: ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਸੰਦੀਪ ਸਿੰਘ ਸੰਨੀ ਨੂੰ ਅੱਜ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਜਾਂਚ (Medical Examination) ਲਈ ਲਿਆਂਦਾ ਗਿਆ। ਇਸ ਦੌਰਾਨ ਉਸ ਨੂੰ ਭਾਰੀ ਪੁਲਿਸ ਸੁਰੱਖਿਆ ਹੇਠ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਤਿੰਨ ਡਾਕਟਰਾਂ ਦੀ ਇੱਕ ਟੀਮ ਨੇ ਉਸਦੀ ਮੈਡੀਕਲ ਜਾਂਚ ਕੀਤੀ।
ਮੈਡੀਕਲ ਜਾਂਚ 'ਤੇ ਉੱਠੇ ਸਵਾਲ
ਇਸ ਪੂਰੀ ਪ੍ਰਕਿਰਿਆ ਦੌਰਾਨ, ਸੰਦੀਪ ਸੰਨੀ ਦੇ ਮੈਡੀਕਲ ਜਾਂਚ 'ਤੇ ਗੰਭੀਰ ਸਵਾਲ ਚੁੱਕੇ ਹਨ । ਦੋਸ਼ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਇਹ ਮੈਡੀਕਲ ਜਾਂਚ 10 ਦਿਨਾਂ ਦੀ ਦੇਰੀ ਨਾਲ ਕਰਵਾਈ ਹੈ। ਉਨ੍ਹਾਂ ਨੇ ਖਦਸ਼ਾ ਜਤਾਇਆ ਕਿ ਇੰਨੇ ਸਮੇਂ ਵਿੱਚ ਸੰਦੀਪ ਸੰਨੀ ਨੂੰ ਲੱਗੀਆਂ ਸੱਟਾਂ ਕਾਫੀ ਹੱਦ ਤੱਕ ਭਰ ਗਈਆਂ ਹੋਣਗੀਆਂ, ਜਿਸ ਨਾਲ ਸਹੀ ਸਥਿਤੀ ਦਾ ਪਤਾ ਨਹੀਂ ਲੱਗ ਸਕੇਗਾ । ਪਰਿਵਾਰ ਨੇ ਕਿਹਾ, "ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਸੰਦੀਪ ਸੰਨੀ ਨੂੰ ਇੱਧਰ-ਉੱਧਰ ਲਿਜਾ ਰਿਹਾ ਹੈ, ਸਾਨੂੰ ਉਨ੍ਹਾਂ ਵੱਲੋਂ ਕਰਵਾਈ ਗਈ ਮੈਡੀਕ-ਲ ਜਾਂਚ 'ਤੇ ਸ਼ੱਕ ਹੈ।"
ਭਾਰੀ ਸੁਰੱਖਿਆ ਹੇਠ ਲਿਜਾਇਆ ਗਿਆ ਹਸਪਤਾਲ
ਜੇਲ੍ਹ ਪ੍ਰਸ਼ਾਸਨ ਸੰਦੀਪ ਸੰਨੀ ਨੂੰ ਭਾਰੀ ਪੁਲਿਸ ਬਲ ਨਾਲ ਹਸਪਤਾਲ ਲੈ ਕੇ ਪਹੁੰਚਿਆ ਸੀ। ਗੱਡੀ ਤੋਂ ਉਤਰਦਿਆਂ ਹੀ ਸੰਦੀਪ ਸੰਨੀ ਨੇ 'ਵਾਹਿਗੁਰੂ' ਦਾ ਜੈਕਾਰਾ ਲਾਇਆ, ਜਿਸ ਤੋਂ ਬਾਅਦ ਉਸ ਨੂੰ ਮੈਡੀਕਲ ਜਾਂਚ ਲਈ ਅੰਦਰ ਲਿਜਾਇਆ ਗਿਆ।