ਸੇਂਟ ਕਬੀਰ ਪਬਲਿਕ ਸਕੂਲ ਦੇ ਦੋ ਅਧਿਆਪਕਾਂ ਨੂੰ ਸਨਮਾਨਿਤ ਕੀਤਾ
ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕਰਦੇ ਹੋਏ ਪ੍ਰਿੰਸੀਪਲ ਜੀ ਤੇ ਪ੍ਰਬੰਧਕ ਮੈਂਬਰ
ਰੋਹਿਤ ਗੁਪਤਾ
ਗੁਰਦਾਸਪੁਰ , 13 ਅਕਤੂਬਰ 2025 : ਸੇਂਟ ਕਬੀਰ ਪਬਲਿਕ ਸਕੂਲ, ਸੁਲਤਾਨਪੁਰ, ਗੁਰਦਾਸਪੁਰ ਸਿੱਖਿਆ ਦੇ ਵਿਸ਼ਾਲ ਖੇਤਰ ਵਿੱਚ ਨਵੀਆਂ ਪੈੜਾਂ ਪਾ ਰਿਹਾ ਹੈ ।ਜਿਸ ਦਾ ਸਿਹਰਾ ਹੋਣਹਾਰ ਸਟਾਫ਼ ਤੇ ਮਿਹਨਤੀ ਵਿਦਿਆਰਥੀਆਂ ਨੂੰ ਜਾਂਦਾ ਹੈ ।ਅਧਿਆਪਕ ਹੀ ਅਜਿਹੇ ਪਾਰਖੂ ਹੁੰਦੇ ਹਨ ਜੋ ਆਪਣੀ ਕਾਬਲੀਅਤ ਤੇ ਤਜ਼ਰਬੇ ਨਾਲ ਵਿਦਿਆਰਥੀ ਰੂਪੀ ਹੀਰੇ ਨੂੰ ਤਰਾਸ਼ਦੇ ਹਨ। ਆਪਣੇ ਇਸੇ ਹੁਨਰ ਤੇ ਤਜ਼ਰਬੇ ਨੂੰ ਮੁੱਖ ਰੱਖਦਿਆਂ ਹੋਇਆਂ ਸੇਂਟ ਕਬੀਰ ਪਬਲਿਕ ਸਕੂਲ ਦੇ ਦੋ ਅਧਿਆਪਕਾਂ ਮੈਡਮ ਜਸਵਿੰਦਰ ਕੌਰ ਅਤੇ ਸ. ਦਮਨਬੀਰ ਸਿੰਘ ਨੂੰ ਗੁਰਦਾਸਪੁਰ ਸਹੋਦਿਆ ਸਕੂਲ ਕੰਪਲੈਕਸ ਵੱਲੋਂ 'ਡਾਕਟਰ ਰਾਧਾ ਕ੍ਰਿਸ਼ਨ ਐਵਾਰਡ ਫਾਰ- ਐਕਸੀਲੈਂਸ 2025- 26' ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।
ਸਕੂਲ ਪਹੁੰਚਣ ਤੇ ਪ੍ਰਿੰਸੀਪਲ ਐਸ.ਬੀ. ਨਾਯਰ, ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ , ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਉਹਨਾਂ ਦਾ ਸਵੇਰ ਦੀ ਸਭਾ ਵਿੱਚ ਨਿੱਘਾ ਸਵਾਗਤ ਕਰਦਿਆਂ ਵਧਾਈ ਦਿੱਤੀ ਗਈ।
ਇਸ ਸਬੰਧੀ ਖੁਸ਼ੀ ਪ੍ਰਗਟ ਕਰਦਿਆਂ ਪ੍ਰਿੰਸੀਪਲ ਜੀ ਨੇ ਦੱਸਿਆ ਕਿ ਗੁਰਦਾਸਪੁਰ ਸਹੋਦਿਆ ਸਕੂਲ ਕੰਪਲੈਕਸ ਵੱਲੋਂ ਕਰਵਾਏ ਗਏ ਇਸ ਸਨਮਾਨ ਸਮਾਰੋਹ ਵਿੱਚ ਲਗਭਗ 26 ਸਕੂਲਾਂ ਦੇ ਅਧਿਆਪਕ ਆਏ ਹੋਏ ਸਨ। ਜਿਸ ਵਿੱਚੋਂ ਸਾਡੇ ਸਕੂਲ ਦੇ ਅਧਿਆਪਕਾਂ ਨੂੰ ਸਰਵੋਤਮ ਅਧਿਆਪਕ ਹੋਣ ਦਾ ਖਿਤਾਬ ਮਿਲਣਾ ਬਹੁਤ ਹੀ ਮਾਣ ਤੇ ਪ੍ਰਸ਼ੰਸਾਯੋਗ ਗੱਲ ਹੈ। ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਡਾਕਟਰ ਐਸ. ਕੇ. ਮਿਸ਼ਰਾ ਜੀ (ਵਾਇਸ ਚਾਂਸਲਰ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ) ਨੇ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ । ਇਸ ਮੌਕੇ ਪ੍ਰਿੰਸੀ.ਐਸ.ਬੀ.ਨਾਯਰ (ਸਹੋਦਿਆ ਪ੍ਰੈਜੀਡੈਂਟ) ਪ੍ਰਿੰਸੀਪਲ ਬਰਿੰਦਰ ਕੌਰ(ਵਾਈਸ ਪ੍ਰੈਜੀਡੈਂਟ) ਪ੍ਰਿੰਸੀਪਲ ਰਾਜੀਵ ਭਾਰਤੀ (ਸੈਕਟਰੀ) , ਪ੍ਰਿੰਸੀਪਲ ਪੰਕਜ ਰਾਣਾ ਜੀ ਤੇ ਪ੍ਰਿੰਸੀਪਲ ਉਪਮਾ ਮਹਾਜਨ ਜੀ ਉਚੇਚੇ ਰੂਪ ਵਿੱਚ ਸ਼ਾਮਿਲ ਸਨ।
ਇਸ ਤੋਂ ਇਲਾਵਾ ਸਨਮਾਨਿਤ ਅਧਿਆਪਕ ਮੈਡਮ ਜਸਵਿੰਦਰ ਕੌਰ ਅਤੇ ਸ.ਦਮਨਬੀਰ ਸਿੰਘ ਜੀ ਨੇ ਸਾਰਿਆਂ ਦਾ ਤਹਿ- ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸਨਮਾਨ ਪਿੱਛੇ ਸਕੂਲ ਸੰਸਥਾਪਕ ਸਵਰਗੀ ਸ. ਹਰਪਾਲ ਸਿੰਘ ਜੀ, ਪ੍ਰਿੰਸੀਪਲ ਤੇ ਸਮੂਹਿਕ ਅਧਿਆਪਕਾਂ ਦੀ ਸਮੇਂ ਸਿਰ ਦਿੱਤੀ ਜਾਂਦੀ ਸਹੀ ਪ੍ਰੇਰਨਾ ਹੈ ਜਿਸ ਸਦਕਾ ਉਹ ਇਸ ਲਾਇਕ ਬਣੇ ਹਨ ਕਿ ਉਹਨਾਂ ਨੂੰ ਕੋਈ ਸਨਮਾਨ ਤੇ ਮੁਕਾਮ ਮਿਲ ਸਕੇ । ਉਹਨਾਂ ਹਮੇਸ਼ਾਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਤੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦਿੰਦੇ ਰਹਿਣ ਦਾ ਪ੍ਰਣ ਵੀ ਕੀਤਾ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।