ਸਾਹਿਤਕ ਸੱਥ ਮੈਲਬੌਰਨ:
ਸ਼ਬਦਾਂ ਦਾ ਹਾਰ, ਰਚਨਾਤਮਕਤਾ ਦਾ ਕੈਨਵਸ।
ਸਾਹਿਤਕ ਸੱਥ ਮੈਲਬੌਰਨ ਵੱਲੋਂ ਚੌਥਾ
‘ਅਦਬੀ ਅਤੇ ਕਲਾ ਉਤਸਵ’ 13 ਜੁਲਾਈ ਨੂੰ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 19 ਜੂਨ 2025 ()- ਗੁਆਂਢੀ ਮੁਲਕ ਆਸਟਰੇਲੀਆ ਦੇ ਨਾਲ ਨਿਊਜ਼ੀਲੈਂਡ ਦੇ ਜਿੱਥੇ ਰਾਜਨੀਤਕ ਅਤੇ ਆਰਥਿਕ ਸਬੰਧ ਹਨ ਉਥੇ ਦੋਵਾਂ ਦੇਸ਼ਾਂ ਦੇ ਵਿਚ ਵਸਦੇ ਪੰਜਾਬੀਆਂ ਦੇ ਆਪਸੀ ਸਾਹਿਤਕ ਅਤੇ ਸਭਿਆਚਾਰਕ ਸਬੰਧ ਵੀ ਅਪਣੱਤ ਦੀ ਗੰਢ ਨੂੰ ਹੋਰ ਪੀਡਾ ਕਰਦੇ ਹਨ। ਇਸੇ ਸਬੰਧ ਦੇ ਵਿਚ ਮੈਲਬੌਰਨ ਵਿਖੇ ਸਾਹਿਤਕ ਦੀਵਾ ਜਗਦਾ ਰੱਖ ਰਹੇ ਮਿੱਤਰਾਂ ਦੋਸਤਾਂ ਵੱਲੋਂ ਨਿਊਜ਼ੀਲੈਂਡ ਵਸਦਿਆਂ ਲਈ ਜਾਂ ਇਥੋਂ ਉਡ ਆਸਟਰੇਲੀਆ ਆਲ੍ਹਣਾ ਪਾ ਬੈਠੇ ਸਾਹਿਤਕ ਪ੍ਰੇਮੀਆਂ ਦੇ ਲਈ ਨਿੱਘਾ ਸੱਦਾ ਪੱਤਰ ਆਇਆ ਹੈ ਜੋ ਕਿ ਇਸ ਤਰ੍ਹਾਂ ਹੈ।
ਸਾਹਿਤਕ ਸੱਥ ਮੈਲਬੌਰਨ ਵੱਲੋਂ ਹਰ ਸਾਲ ਕਰਵਾਇਆ ਜਾਂਦਾ ‘ਅਦਬੀ ਅਤੇ ਕਲਾ ਉਤਸਵ’ ਮੈਲਬੌਰਨ ਵਿਖੇ ਮਿਤੀ 13 ਜੁਲਾਈ ਐਤਵਾਰ ਨੂੰ ‘ਬ੍ਰਦਰਜ਼ ਬੈਂਕੁਏਟ ਹਾਲ’ (3/134 Springvale Road, Springvale-Melbourne) ਵਿਖੇ ਕਰਵਾਇਆ ਜਾਵੇਗਾ। ਇਸ ਦੇ ਮੁੱਖ ਮਹਿਮਾਨ ਡਾ. ਪਰਮੀਤ ਕੌਰ ਮੁਖੀ ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ ਅਤੇ ਪੰਜਾਬੀ ਦੀ ਨਾਮਵਰ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਜੀ ਵਿਸ਼ੇਸ਼ ਮਹਿਮਾਨ ਵਜੋਂ ਪ੍ਰਧਾਨਗੀ ਮੰਡਲ ਵਿਚ ਬਿਰਾਜਮਾਨ ਹੋਣਗੇ। ਉਹਨਾਂ ਦੇ ਨਾਲ ਡਾ. ਹਰਦੀਪ ਕੌਰ ਸ਼ਾਹੀ ਅਤੇ ਇੰਡੀਆ ਤੋਂ ਆਏ ਲੇਖਕ ਪੱਤਰਕਾਰ ਧਰਮਿੰਦਰ ਔਲਖ ਵੀ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਣਗੇ। ਇਸ ਸਾਲ ਦਾ ਸਾਹਿਤ ਦੇ ਖੇਤਰ ਵਿਚ ਦਿੱਤਾ ਜਾਣਾ ਵਾਲਾ ਵੱਕਾਰੀ ਪੁਰਸਕਾਰ ਨਾਮਵਰ ਊਰਦੂ ਅਤੇ ਹਿੰਦੀ ਸ਼ਾਇਰ ਖੁਸ਼ਬੀਰ ਸਿੰਘ ਸ਼ਾਦ ਨੂੰ ਦਿੱਤਾ ਜਾਵੇਗਾ। ਉਹਨਾਂ ਦੀ ਦਰਜਨਾਂ ਸ਼ਾਇਰੀ ਦੀ ਪੁਸਤਕ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹਨਾਂ ਦੇ ਕਈ ਮਕਬੂਲ ਸ਼ੇਅਰ ਮਹੇਸ਼ ਭੱਟ, ਸੰਜੇ ਦੱਤ ਅਤੇ ਹੋਰ ਅਦਾਕਾਰਾਂ ਨੇ ਫ਼ਿਲਮਾਂ ਅਤੇ ਜਨਤਕ ਮੰਚਾਂ ਉੱਤੇ ਪੇਸ਼ ਕੀਤੇ ਹਨ। ਉਹਨਾਂ ਦਾ ਨਾਮ 500 ਨਾਮਵਰ ਸਿੱਖ ਹਸਤੀਆਂ ਦੀ ਸੂਚੀ ਵਿੱਚ ਵੀ ਸ਼ਾਮਿਲ ਕੀਤਾ ਗਿਆ ਸੀ, ਜਿਨ੍ਹਾਂ ਨੇ ਵਿਸ਼ਵ ਪੱਧਰ ਤੇ ਨਾਮਣਾ ਖੱਟਿਆ ਹੈ। ਉਹਨਾਂ ਦੀਆਂ ਹੁਣ ਤਕ ਸ਼ਾਇਰੀ ਦੀਆਂ 14 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸੰਨ੍ਹ 2014 ਉਹਨਾਂ ਯਸ਼ ਭਾਰਤੀ ਐਵਾਰਡ, 2015 ਵਿਚ ਜੈਸ਼ ਏ ਅਦਬ ਪੁਰਸਕਾਰ, 2017 ਵਿਚ ਲਾਲਾ ਜਗਤ ਨਰਾਇਣ ਸੰਮਨ ਅਤੇ 2019 ਵਿਚ ਇਪਸਾ ਲਿਟਰੇਚਰ ਐਵਾਰਡ ਮਿਲ ਚੁੱਕਾ ਹੈ।
ਸਾਹਿਤਕ ਸੱਥ ਮੈਲਬੌਰਨ ਵੱਲੋਂ ਹਰ ਸਾਲ ਆਯੋਜਿਤ ਹੁੰਦੇ ਇਸ ਸਮਾਗਮ ਵਿੱਚ ਸਾਹਿਤ ਤੋਂ ਇਲਾਵਾ ਖੋਜ/ਸਿੱਖਿਆ, ਥੀਏਟਰ/ਫਿਲਮਕਾਰੀ, ਮੀਡੀਆ/ਪੱਤਰਕਾਰੀ ਅਤੇ ਲੋਕ ਨਾਚ/ਲੋਕ ਸੰਗੀਤ ਦੇ ਖੇਤਰਾਂ ਵਿੱਚ ਵੀ ਅਹਿਮ ਯੋਗਦਾਨ ਪਾਉਣ ਵਾਲਿਆਂ ਨੂੰ ਐਵਾਰਡ ਆਫ਼ ਆਨਰ ਦਿੱਤੇ ਜਾਂਦੇ ਹਨ। ਇਸ ਉਤਸਵ ਵਿਚ ਕਲਾ ਪ੍ਰਦਰਸ਼ਨੀ ਅਤੇ ਪੁਸਤਕ ਪ੍ਰਦਰਸ਼ਨੀ ਮੁੱਖ ਆਕਰਸ਼ਨ ਹੋਣਗੇ। ਮੰਚ ਸੰਚਾਲਨ ਨਾਮਵਰ ਹੋਸਟ ਅਮਰਦੀਪ ਕੌਰ ਕਰਨਗੇ। ਸਮੂਹ ਮੈਂਬਰ ਸਾਹਿਤਕ ਸੱਥ ਮੈਲਬੌਰਨ ਤੁਹਾਡੀ ਸਭ ਦੀ ਹਾਜ਼ਰੀ ਦੀ ਆਦਰ ਸਹਿਤ ਉਡੀਕ ਕਰਨਗੇ। ਹੋਰ ਜਾਣਕਾਰੀ ਲਈ ਵੀਰ ਬਿੱਕਰ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ।