ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਵੱਲੋ ਆਨੰਦਪੁਰ ਸਾਹਿਬ ਮਾਮਲੇ ਚ ਮੁੱਢਲੀ ਰਿਪੋਰਟ ਜਨਤਕ
ਮਹਿਲਾ ਦੇ ਲਗਾਤਾਰ ਛੇ ਮਹੀਨੇ ਸਰਾਏ ਵਿੱਚ ਠਹਿਰਨ ਦੇ ਦਾਅਵਿਆਂ ਨੂੰ ਸਰਕਾਰੀ ਰਿਕਾਰਡ ਨਾਲ ਕੀਤਾ ਰੱਦ।
ਕੁਲਵਿੰਦਰ ਸਿੰਘ
ਅੰਮ੍ਰਿਤਸਰ 6 ਅਕਤੂਬਰ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਵਿੱਚ ਗਠਿਤ ਕੀਤੀ ਗਈ ਸਬ-ਕਮੇਟੀ ਦੀ ਮੁੱਢਲੀ ਜਾਂਚ ਰਿਪੋਰਟ ਜਨਤਕ ਕਰਦਿਆਂ ਸੰਸਥਾ ਵਿਰੁੱਧ ਚਲਾਏ ਜਾ ਰਹੇ ਦੁਸ਼ਪ੍ਰਚਾਰ 'ਤੇ ਤਿੱਖਾਪਨ ਪ੍ਰਗਟਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕਰਨ ਲਈ ਸਰਦਾਰ ਬਲਦੇਵ ਸਿੰਘ ਕਲਿਆਣਪੁਰ, ਸਰਦਾਰ ਗੁਰਮੀਤ ਸਿੰਘ ਬੂਹ, ਬੀਬੀ ਗੁਰਿੰਦਰ ਕੌਰ ਭੋਲੂਵਾਲਾ ਅਤੇ ਸਰਦਾਰ ਗੁਰਬਖਸ਼ ਸਿੰਘ ਖਾਲਸਾ 'ਤੇ ਆਧਾਰਿਤ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਦੇ ਕੋਆਰਡੀਨੇਟਰ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਸਨ। 15 ਦਿਨਾਂ ਦੇ ਦਿੱਤੇ ਗਏ ਸਮੇਂ ਅੰਦਰ ਜਾਂਚ ਕਮੇਟੀ ਨੇ ਆਪਣੀ ਮੁੱਢਲੀ ਰਿਪੋਰਟ ਸੌਂਪ ਦਿੱਤੀ ਹੈ, ਜਿਸ ਵਿੱਚ ਕਈ ਅਹਿਮ ਅਤੇ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ।
ਐਡਵੋਕੇਟ ਧਾਮੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜਿੱਥੇ ਫੌਜਦਾਰੀ ਮਾਮਲਿਆਂ ਵਿੱਚ ਫੌਜਦਾਰੀ ਜਾਬਤਾ (CRPC) ਤਹਿਤ ਜਾਂਚ ਅਤੇ ਕਾਰਵਾਈ ਕੀਤੀ ਜਾਂਦੀ ਹੈ, ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦਾ ਅਕਸ ਖਰਾਬ ਕਰਨ ਲਈ ਇੱਕ ਸੋਸ਼ਲ ਮੀਡੀਆ ਟ੍ਰਾਇਲ ਚਲਾਇਆ ਜਾ ਰਿਹਾ ਹੈ। ਰੋਜ਼ਾਨਾ ਬਿਨਾਂ ਕਿਸੇ ਠੋਸ ਆਧਾਰ ਤੋਂ ਨਵੀਆਂ ਗੱਲਾਂ ਘੜ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਸ਼੍ਰੋਮਣੀ ਕਮੇਟੀ ਵਿੱਚ ਕੋਈ ਗੜਬੜ ਹੋਈ ਹੋਵੇ। ਉਨ੍ਹਾਂ ਸਵਾਲ ਉਠਾਇਆ ਕਿ ਜਾਂਚ ਨਾਲ ਸਬੰਧਤ ਅਧੂਰੀਆਂ ਗੱਲਾਂ ਨੂੰ ਰੋਜ਼ਾਨਾ ਮੀਡੀਆ ਸਾਹਮਣੇ ਲਿਆ ਕੇ ਭਰਮ ਫੈਲਾਉਣ ਦਾ ਅਧਿਕਾਰ ਕਿਸ ਅਧਿਕਾਰ ਤਹਿਤ ਦਿੱਤਾ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੂਰੇ ਮਾਮਲੇ ਦੀ ਸੀ.ਬੀ.ਆਈ. (CBI) ਤੋਂ ਜਾਂਚ ਕਰਵਾਉਣ ਦੀ ਆਪਣੀ ਮੰਗ ਨੂੰ ਮੁੜ ਦੁਹਰਾਇਆ। ਉਨ੍ਹਾਂ ਪੰਜਾਬ ਦੇ ਪੁਰਾਣੇ ਹਾਲਾਤਾਂ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਕੇਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਗੰਭੀਰ ਮਾਮਲੇ ਸਾਹਮਣੇ ਆਏ ਹਨ, ਸੀ.ਬੀ.ਆਈ. ਜਾਂਚ ਨਾਲ ਹੀ ਸੱਚਾਈ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਰਗੀ ਸਿੱਖ ਸੰਸਥਾ ਨੂੰ ਨਿਸ਼ਾਨਾ ਬਣਾ ਕੇ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਆਪਣੇ 'ਤੇ ਲਗਾਏ ਗਏ ਦੋਸ਼ਾਂ ਅਤੇ ਫੰਡਾਂ ਦੇ ਗਲਤ ਇਸਤੇਮਾਲ ਜਾਂ ਵਿਦੇਸ਼ਾਂ ਵਿੱਚ ਪੈਸੇ ਭੇਜਣ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰਦਿਆਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਅਤੇ ਧਰਮਾਰਥ ਫੰਡਾਂ ਦਾ ਇੱਕ-ਇੱਕ ਪੈਸਾ ਪੂਰੇ ਰਿਕਾਰਡ ਅਤੇ ਪਾਰਦਰਸ਼ਤਾ ਨਾਲ ਖਰਚਿਆ ਜਾਂਦਾ ਹੈ।
ਰਿਕਾਰਡ ਦੇ ਤੱਥਾਂ ਦਾ ਵੇਰਵਾ ਦਿੰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਸਬੰਧਤ ਮਹਿਲਾ ਦੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ (ਕਮਰਾ ਨੰ. 38), ਗੁਰਦੁਆਰਾ ਅੰਬ ਸਾਹਿਬ ਅਤੇ ਸ਼੍ਰੀ ਦਰਬਾਰ ਸਾਹਿਬ (ਗੁਰੂ ਅਰਜਨ ਦੇਵ ਨਿਵਾਸ) ਵਿਖੇ ਵੱਖ-ਵੱਖ ਤਾਰੀਖਾਂ 'ਤੇ ਠਹਿਰਨ ਦੀਆਂ ਬਕਾਇਦਾ ਸਰਕਾਰੀ ਐਂਟਰੀਆਂ, ਰਸੀਦਾਂ ਅਤੇ ਕਿਰਾਏ ਦੇ ਭੁਗਤਾਨ ਦਾ ਰਿਕਾਰਡ ਮੌਜੂਦ ਹੈ। ਇਨ੍ਹਾਂ ਰਿਕਾਰਡਾਂ ਤੋਂ ਸਾਫ਼ ਹੁੰਦਾ ਹੈ ਕਿ ਮਹਿਲਾ ਦੇ ਲਗਾਤਾਰ ਛੇ ਮਹੀਨੇ ਇੱਕੋ ਸਰਾਏ ਵਿੱਚ ਠਹਿਰਨ ਦਾ ਦਾਅਵਾ ਬਿਲਕੁਲ ਝੂਠਾ ਅਤੇ ਨਿਰਧਾਰਿਤ ਸਾਜ਼ਿਸ਼ ਦਾ ਹਿੱਸਾ ਹੈ।
ਜਾਂਚ ਰਿਪੋਰਟ ਵਿੱਚ ਸਰਾਵਾਂ ਦੇ ਰਜਿਸਟਰਾਂ ਨਾਲ ਕੀਤੀ ਗਈ ਵੱਡੀ ਛੇੜਛਾੜ ਦਾ ਪਰਦਾਫਾਸ਼ ਕਰਦਿਆਂ ਐਡਵੋਕੇਟ ਧਾਮੀ ਨੇ ਰਜਿਸਟਰ ਵਿਖਾਉਂਦਿਆਂ ਦੱਸਿਆ ਕਿ ਐਂਟਰੀ ਨੰਬਰ 246 ਤੋਂ ਬਾਅਦ ਹੇਠਲੀਆਂ ਐਂਟਰੀਆਂ ਨੂੰ ਕੱਟ ਕੇ ਅਤੇ ਅੰਕੜਿਆਂ ਵਿੱਚ ਫੇਰਬਦਲ ਕਰਕੇ ਫਰਜ਼ੀ ਲਾਈਨਾਂ ਜੋੜੀਆਂ ਗਈਆਂ ਹਨ। 247 ਨੰਬਰ ਐਂਟਰੀ ਨੂੰ ਬਦਲ ਕੇ 281 ਤੱਕ ਦੀਆਂ ਸਾਰੀਆਂ ਐਂਟਰੀਆਂ ਨਾਲ ਛੇੜਛਾੜ ਕੀਤੀ ਗਈ ਹੈ ਤਾਂ ਜੋ ਇੱਕ ਝੂਠਾ ਲਿੰਕ ਤਿਆਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਲਿਖਾਈ ਦੀ ਜਾਂਚ ਤੋਂ ਵੀ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਇਹ ਐਂਟਰੀਆਂ ਬਾਅਦ ਵਿੱਚ ਜਬਰਦਸਤੀ ਪਾਈਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਸੰਸਥਾ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੀ ਹੈ ਅਤੇ ਸੱਚਾਈ ਨੂੰ ਸੰਗਤ ਸਾਹਮਣੇ ਲਿਆਉਣ ਲਈ ਹਰ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ।
- Download Babushahi App
-
-