ਵੱਡੀ ਖ਼ਬਰ: ਮੂਸੇਵਾਲਾ ਦੇ ਮਾਪਿਆਂ ਨੇ ਮਾਨਸਾ SSP ਦਫ਼ਤਰ ਮੂਹਰੇ ਲਾਇਆ ਧਰਨਾ
ਬਲਕੌਰ ਸਿੰਘ ਦੇ ਪੁਲਿਸ 'ਤੇ ਗੰਭੀਰ ਇਲਜ਼ਾਮ— "ਪੰਜ ਦਿਨ ਪਹਿਲਾਂ ਦਿੱਤੀ ਦਰਖ਼ਾਸਤ 'ਤੇ ਨਹੀਂ ਹੋਈ ਕੋਈ ਕਾਰਵਾਈ"
Babushahi Network
ਮਾਨਸਾ 11 ਫ਼ਰਵਰੀ 2026: ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਅੱਜ ਮਾਨਸਾ ਵਿਖੇ ਐਸ.ਐਸ.ਪੀ. (SSP) ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਤਿੰਨ ਨਾਮੀ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਦੀ ਆਮਦਨ (ਇਨਕਮ) ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪਰ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਕੋਈ ਕਾਰਵਾਈ ਹੋਈ ਅਤੇ ਨਾ ਹੀ ਉਨ੍ਹਾਂ ਨੂੰ ਸੰਤੁਸ਼ਟ ਕਰਨ ਵਾਲਾ ਜਵਾਬ ਮਿਲਿਆ।
ਉਨ੍ਹਾਂ ਦੋਸ਼ ਲਗਾਇਆ ਕਿ ਮਾਨਸਾ ਪੁਲਿਸ ਵੱਲੋਂ ਉਨ੍ਹਾਂ ਦੀ ਸ਼ਿਕਾਇਤ ਤੱਕ ਢੰਗ ਨਾਲ ਨਹੀਂ ਸੁਣੀ ਜਾ ਰਹੀ। ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੰਜ ਦਿਨ ਵੀਪਹਿਲਾਂ ਵੀ ਪੁਲਿਸ ਨੂੰ ਇੱਕ ਦਰਖ਼ਾਸਤ ਦਿੱਤੀ ਸੀ, ਪਰ ਅਜੇ ਤੱਕ ਉਸ 'ਤੇ ਕੋਈ ਠੋਸ ਕਾਰਵਾਈ ਨਹੀਂ ਹੋਈ।
ਗੈਂਗਸਟਰ ਵਿਰੋਧੀ ਮੁਹਿੰਮ 'ਤੇ ਸਵਾਲ
ਬਲਕੌਰ ਸਿੰਘ ਨੇ ਪੁਲਿਸ ਪ੍ਰਸ਼ਾਸਨ 'ਤੇ ਤਿੱਖੇ ਸਵਾਲ ਚੁੱਕਦਿਆਂ ਇਲਜ਼ਾਮ ਲਾਇਆ ਕਿ ਪੁਲਿਸ ਦੀ ਗੈਂਗਸਟਰਾਂ ਨਾਲ ਮਿਲੀਭੁਗਤ ਹੈ, ਜਿਸ ਕਾਰਨ ਕਤਲ ਮਾਮਲੇ ਦੀ ਜਾਂਚ ਨੂੰ ਸਹੀ ਦਿਸ਼ਾ ਵਿੱਚ ਨਹੀਂ ਲਿਜਾਇਆ ਜਾ ਰਿਹਾ। ਮੂਸੇਵਾਲਾ ਦੇ ਪਿਤਾ ਨੇ ਸਰਕਾਰ ਅਤੇ ਪੁਲਿਸ ਵੱਲੋਂ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੀ ਕਾਰਗੁਜ਼ਾਰੀ 'ਤੇ ਵੀ ਸ਼ੰਕਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਮਾਸਟਰਮਾਈਂਡ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ ਜਾਂ ਉਨ੍ਹਾਂ ਨੂੰ ਲੋੜੀਂਦੀ ਸਜ਼ਾ ਨਹੀਂ ਮਿਲ ਰਹੀ।
ਧਰਨੇ ਦੌਰਾਨ ਮਾਤਾ ਚਰਨ ਕੌਰ ਅਤੇ ਬਲਕੌਰ ਸਿੰਘ ਨੇ ਕਿਹਾ ਕਿ ਉਹ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਪੁਲਿਸ ਉਨ੍ਹਾਂ ਦੀ ਦਰਖ਼ਾਸਤ 'ਤੇ ਕਾਰਵਾਈ ਨਹੀਂ ਕਰਦੀ ਅਤੇ ਗੈਂਗਸਟਰਾਂ ਵਿਰੁੱਧ ਸਖ਼ਤ ਕਦਮ ਨਹੀਂ ਚੁੱਕਦੀ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।