ਲੁਧਿਆਣਾ ’ਚ 6 ਦਸੰਬਰ ਨੂੰ ਸਜੇਗਾ ਪਹਿਲਾ ਵਿਸ਼ਾਲ ਮਹੱਲਾ
ਚਮਕੌਰ ਸਾਹਿਬ-ਸਰਹਿੰਦ ਸਾਕੇ ਦੇ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ ਮਹੱਲਾ ਸਮਾਗਮ : ਦੇਬੀ
ਖੰਨਾ (ਰਵਿੰਦਰ ਢਿੱਲੋ)
ਪੰਥ ਸ਼੍ਰੋਮਣੀ ਸ਼ਹੀਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਬਾਬਾ ਜੀਵਨ ਸਿੰਘ ਨਿਹੰਗ ਸਿੰਘ ਖਾਲਸਾ ਦਲ ਸ੍ਰੀ ਚਮਕੌਰ ਸਾਹਿਬ (ਚੌਂਤੇ ਵਾਲਿਆਂ) ਵਲੋਂ ਸ੍ਰੀ ਚਮਕੌਰ ਸਾਹਿਬ ਦੀ ਗੜ੍ਹੀ ਅਤੇ ਸਾਕਾ ਸਰਹਿੰਦ ਦੇ ਸਮੂਹ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਪਹਿਲਾ ਮਹੱਲਾ ਸਮਾਗਮ 6 ਦਸੰਬਰ ਨੂੰ ਲੁਧਿਆਣਾ ਵਿੱਖੇ ਖਾਲਸਾਈ ਸ਼ਾਨੋ-ਸ਼ੌਕਤ ਨਾਲ ਕੱਢਿਆ ਜਾਵੇਗਾ। ਮਹੱਲੇ ਦੀ ਅਗਵਾਈ ਕੌਮੀ ਜਰਨੈਲ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵਿੰਦਰ ਸਿੰਘ 96 ਕਰੋੜੀ ਚਮਕੌਰ ਸਾਹਿਬ ਚੌਂਤੇ ਵਾਲੇ ਕਰਣਗੇ। ਉਪਰੋਕਤ ਜਾਣਕਾਰੀ ਮਹਾਂਕਾਲ ਜਥੇਦਾਰ ਬਾਬਾ ਬਲਜੀਤ ਸਿੰਘ ਕਾਲਾ ਨੰਗਲ ਅਤੇ ਪੰਜਾਬ ਭਾਜਪਾ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਸਾਂਝੇ ਤੌਰ ’ਤੇ ਮਹੱਲੇ ਦੀ ਜਾਣਕਾਰੀ ਦਿੰਦਿਆਂ ਦਿੱਤੀ।
ਪਹਿਲੇ ਮੱਹਲਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਹੱਲਾ 6 ਦਸੰਬਰ 2026, ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਗੁਰੂ ਕਲਗੀਧਰ ਸਾਹਿਬ ਸਿੰਘ ਸਭਾ ਤੋਂ ਆਰੰਭ ਹੋ ਕੇ, ਸੁਭਾਨੀ ਬਿਲਡਿੰਗ ਚੌਂਕ, ਬਰਾਊਨ ਰੋਡ, ਸੀ.ਐਮ.ਸੀ. ਹਸਪਤਾਲ, ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਾਬਾ ਥਾਨ ਸਿੰਘ ਚੌਂਕ ਦੇ ਰਸਤੇ ਸਮਰਾਲਾ ਚੌਂਕ ਹੁੰਦਾ ਹੋਇਆ ਵਰਧਮਾਨ ਗਰਾਊਂਡ, ਚੰਡੀਗੜ੍ਹ ਰੋਡ ਪਹੁੰਚੇਗਾ। ਉੱਥੇ ਖਾਲਸਾਈ ਪਰੰਪਰਾ ਅਨੁਸਾਰ ਘੋੜ ਦੌੜਾਂ ਅਤੇ ਗੱਤਕੇ ਦੇ ਜੌਹਰ ਦਿਖਾਏ ਜਾਣਗੇ। ਇਸ ਤੋਂ ਪਹਿਲਾਂ 4 ਦਸੰਬਰ ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਵੇਗਾ ਅਤੇ 6 ਦਸੰਬਰ ਐਤਵਾਰ ਸਵੇਰੇ 8 ਵਜੇ ਭੋਗ ਪਾਇਆ ਜਾਵੇਗਾ। ਇਸ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਗੁਰਦੇਵ ਸ਼ਰਮਾ ਦੇਬੀ ਨੇ ਇਸ ਧਾਰਮਿਕ ਸਮਾਗਮ ਦਾ ਸਵਾਗਤ ਕਰਦਿਆਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਅਤੇ ਸਰਹਿੰਦ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਦਾ ਵੱਡਾ ਉਪਰਾਲਾ ਹੈ, ਅਜਿਹੇ ਆਯੋਜਨਾਂ ਨਾਲ ਪੰਜਾਬ ਦੀ ਨੌਜਵਾਨ ਪੀੜ੍ਵੀ ਨੂੰ ਨਸ਼ੇ ਤੋਂ ਦੂਰ ਰਖਕੇ ਆਪਸੀ ਸਾਂਝ ਅਤੇ ਭਾਈਚਾਰਾ ਹੋਰ ਮਜ਼ਬੂਤ ਹੋਵੇਗਾ। ਇਸ ਮੋਕੇ ਸਿਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਭਾਰਤੀ, ਇਸ਼ਪ੍ਰੀਤ ਸਿੰਘ ਈਸ਼ੂ, ਨਿਹੰਗ ਹਰਜਿੰਦਰ ਸਿੰਘ, ਨਿਹੰਗ ਪ੍ਰਭਜੋਤ ਸਿੰਘ, ਨਿਹੰਗ ਬਲਵੰਤ ਸਿੰਘ, ਨਿਹੰਗ ਹਰਚੰਦ ਸਿੱਘ, ਨਿਹੰਗ ਮਹਿਦੰਰ, ਨਿਹੰਗ ਮਨਿੰਦਰ ਸਿੰਘ, ਨਿਹੰਗ ਗੁਰਵਿੰਦਰ ਸਿੰਘ, ਨਿਹੰਗ ਪਰਮਜੀਤ ਸਿੰਘ, ਗੁਰਦੀਪ ਸਰਾਭਾ, ਐਡਵੋਕਟ ਹਰਵਿੰਦਰ ਸਿੰਘ ਤੇ ਹੋਕ ਵੀ ਉਘੀਆਂ ਸ਼ਖਸ਼ੀਅਤਾਂ ਹਾਜਰ ਸਨ।
- Download Babushahi App
-
-