ਲੁਧਿਆਣਾ ਦੇ SBS ਨਗਰ ‘ਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਖ਼ੜਕੀ: 14 ਅਪ੍ਰੈਲ ਨੂੰ LIT ਦਫ਼ਤਰ ਘੇਰਨਗੇ ਇਲਾਕਾ ਵਾਸੀ
ਸੁਖਮਿੰਦਰ ਭੰਗੂ
ਲੁਧਿਆਣਾ, 13 ਅਪ੍ਰੈਲ 2026: ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਸ਼ਹੀਦ ਭਗਤ ਸਿੰਘ (SBS) ਨਗਰ ਵਿੱਚ ਰਿਹਾਇਸ਼ੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਕੀਤੀਆਂ ਜਾ ਰਹੀਆਂ ਨਾਜਾਇਜ਼ ਕਮਰਸ਼ਲ ਉਸਾਰੀਆਂ ਵਿਰੁੱਧ ਜਨਤਾ ਦਾ ਗੁੱਸਾ ਫੂਟ ਪਿਆ ਹੈ। ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨਿਕ ਢਿੱਲਮੱਠ ਤੋਂ ਤੰਗ ਆ ਕੇ 14 ਅਪ੍ਰੈਲ (ਮੰਗਲਵਾਰ) ਨੂੰ ਲੁਧਿਆਣਾ ਇੰਪਰੂਵਮੈਂਟ ਟਰੱਸਟ (LIT) ਦੇ ਦਫ਼ਤਰ ਬਾਹਰ ਵਿਸ਼ਾਲ ਧਰਨੇ ਦਾ ਐਲਾਨ ਕਰ ਦਿੱਤਾ ਹੈ।
ਨਾਜਾਇਜ਼ 'ਪੰਜ ਮੰਜ਼ਿਲਾ ਹੋਟਲ' ਬਣਿਆ ਵਿਵਾਦ ਦਾ ਕੇਂਦਰ
ਇਸ ਪੂਰੇ ਮਾਮਲੇ ਵਿੱਚ ਸਭ ਤੋਂ ਗੰਭੀਰ ਮੁੱਦਾ ਇੱਕ ਬਹੁ-ਮੰਜ਼ਲੀ ਹੋਟਲ ਦੀ ਉਸਾਰੀ ਦਾ ਹੈ। ਨਿਵਾਸੀਆਂ ਨੇ ਖ਼ੁਲਾਸਾ ਕੀਤਾ ਹੈ ਕਿ, ਇਹ ਹੋਟਲ 40-40 ਵਰਗ ਗਜ਼ ਦੇ ਦੋ ਪਲਾਟਾਂ ਨੂੰ ਜੋੜ ਕੇ ਬਣਾਇਆ ਜਾ ਰਿਹਾ ਹੈ, ਜੋ ਕਿ ਅਸਲ ਵਿੱਚ ਆਰਥਿਕ ਤੌਰ 'ਤੇ ਕਮਜ਼ੋਰ ਵਰਗ (EWS) ਲਈ ਅਲਾਟ ਕੀਤੇ ਗਏ ਸਨ। LIT ਦੇ ਨਿਯਮਾਂ ਮੁਤਾਬਕ ਇੱਥੇ ਢਾਈ ਮੰਜ਼ਿਲ ਤੋਂ ਵੱਧ ਨਿਰਮਾਣ ਨਹੀਂ ਹੋ ਸਕਦਾ, ਪਰ ਉਕਤ ਹੋਟਲ ਪੰਜ ਮੰਜ਼ਿਲਾਂ ਤੱਕ ਤਿਆਰ ਕਰ ਦਿੱਤਾ ਗਿਆ ਹੈ। ਬਲਾਕ E, F, D, G ਅਤੇ H ਵਿੱਚ ਲਗਾਤਾਰ ਹੋ ਰਹੀਆਂ ਵਪਾਰਕ ਗਤੀਵਿਧੀਆਂ ਕਾਰਨ ਇਲਾਕੇ ਦਾ ਰਿਹਾਇਸ਼ੀ ਮਾਹੌਲ ਖ਼ਰਾਬ ਹੋ ਰਿਹਾ ਹੈ।
ਪ੍ਰਸ਼ਾਸਨ ਦੀ ਕਾਰਵਾਈ ਸਿਰਫ਼ 'ਕਾਗਜ਼ੀ ਨੋਟਿਸਾਂ' ਤੱਕ ਸੀਮਤ
ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ LIT ਦੇ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਚੁੱਪ ਬੈਠੇ ਹਨ। ਹਾਲਾਂਕਿ ਵਿਭਾਗ ਨੇ ਕੁਝ ਨੋਟਿਸ ਜਾਰੀ ਕਰਨ ਅਤੇ ਪੁਲਿਸ ਸਹਾਇਤਾ ਮੰਗਣ ਦਾ ਦਾਅਵਾ ਕੀਤਾ ਹੈ, ਪਰ ਮੈਦਾਨੀ ਪੱਧਰ 'ਤੇ ਕੋਈ ਵੀ ਨਾਜਾਇਜ਼ ਢਾਂਚਾ ਢਾਹਿਆ ਨਹੀਂ ਗਿਆ। ਲੋਕਾਂ ਦਾ ਮੰਨਣਾ ਹੈ ਕਿ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਹੀ ਇਹ ਉਸਾਰੀਆਂ ਬੇਰੋਕ ਜਾਰੀ ਹਨ।
14 ਅਪ੍ਰੈਲ ਦੇ ਧਰਨੇ ਦੀ ਰੂਪ-ਰੇਖਾ
ਸਥਾਨਕ ਆਗੂ ਯੋਗੇਸ਼ ਸ਼ਰਮਾ ਦੀ ਅਗਵਾਈ ਹੇਠ ਨਿਵਾਸੀਆਂ ਵੱਲੋਂ 14 ਅਪ੍ਰੈਲ (ਮੰਗਲਵਾਰ) ਨੂੰ ਸਵੇਰੇ 11 ਵਜੇ ਨਹਿਰੂ ਸਿਧਾਂਤ ਕੇਂਦਰ (LIT ਦਫ਼ਤਰ ਨੇੜੇ) ਬਾਹਰ ਵੱਡਾ ਅਤੇ ਸ਼ਾਂਤਮਈ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਨਿਯਮ ਤੋੜਨ ਵਾਲਿਆਂ ਦੇ ਲਾਇਸੈਂਸ ਰੱਦ ਕੀਤੇ ਜਾਣ ਅਤੇ ਨਾਜਾਇਜ਼ ਪੰਜ ਮੰਜ਼ਿਲਾ ਹੋਟਲ ਸਮੇਤ ਹੋਰ ਵਪਾਰਕ ਢਾਂਚਿਆਂ ਨੂੰ ਤੁਰੰਤ ਢਾਹਿਆ ਜਾਵੇ। ਯੋਗੇਸ਼ ਸ਼ਰਮਾ ਦਾ ਕਹਿਣਾ ਹੈ ਕਿ, "ਅਸੀਂ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਦਰਜ ਕਰਵਾਵਾਂਗੇ, ਪਰ ਜੇਕਰ LIT ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਰੂਪ ਧਾਰਨ ਕਰੇਗਾ।"
ਹੁਣ ਦੇਖਣਾ ਇਹ ਹੋਵੇਗਾ ਕਿ ਭਲਕੇ ਹੋਣ ਵਾਲੇ ਇਸ ਪ੍ਰਦਰਸ਼ਨ ਤੋਂ ਬਾਅਦ ਲੁਧਿਆਣਾ ਇੰਪਰੂਵਮੈਂਟ ਟਰੱਸਟ ਕੋਈ ਸਖ਼ਤ ਕਾਰਵਾਈ ਕਰਦਾ ਹੈ ਜਾਂ ਫਿਰ ਰਿਹਾਇਸ਼ੀ ਸਕੀਮਾਂ ਵਿੱਚ ਵਪਾਰਕ ਮਾਫੀਆ ਦਾ ਦਬਦਬਾ ਇਸੇ ਤਰ੍ਹਾਂ ਕਾਇਮ ਰਹੇਗਾ।
Click to Follow Babushahi Facebook page →