ਰੇਲਿੰਗ ਹਰ ਹਾਲਤ ਵਿੱਚ ਲੱਗੇਗੀ, — ਮੰਤਰੀ ਹਰਭਜਨ ਸਿੰਘ ਈ.ਟੀ.ਓ.
ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ,
ਜਗਰਾਉਂ(ਦੀਪਕ ਜੈਨ)
ਝਾਂਸੀ ਰਾਣੀ ਚੌਂਕ ਨੇੜੇ ਸਥਿਤ ਰੇਲਵੇ ਪੁਲ ਦੀ ਸੁਰੱਖਿਆ ਰੇਲਿੰਗ ਦਾ ਮਾਮਲਾ ਹੁਣ ਗਰਮਾਉਂਦਾ ਜਾ ਰਿਹਾ ਹੈ। ਕਰੀਬ ਚਾਰ ਮਹੀਨੇ ਪਹਿਲਾਂ ਹਟਾਈ ਗਈ ਰੇਲਿੰਗ ਨੂੰ ਮੁੜ ਨਾ ਲਗਾਏ ਜਾਣ ਕਾਰਨ ਲੋਕਾਂ ਦੀ ਸੁਰੱਖਿਆ ਨਾਲ ਖੇਡ ਹੋ ਰਿਹਾ ਹੈ ਅਤੇ ਜਨਤਾ ਵਿੱਚ ਪ੍ਰਸ਼ਾਸਨ ਪ੍ਰਤੀ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਰੇਲਿੰਗ ਲਗਾਉਣ ਲਈ ਲੋੜੀਂਦਾ ਸਮਾਨ ਵੀ ਮੌਜੂਦ ਹੋਣ ਦੇ ਬਾਵਜੂਦ ਕੰਮ ਲੰਬੇ ਸਮੇਂ ਤੋਂ ਲਟਕਿਆ ਰਿਹਾ। ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਜਦੋਂ ਸਮਾਨ ਮੌਜੂਦ ਹੈ ਅਤੇ ਲੋਕਾਂ ਦੀ ਸੁਰੱਖਿਆ ਦਾ ਮਾਮਲਾ ਇੰਨਾ ਗੰਭੀਰ ਹੈ ਤਾਂ ਫਿਰ ਰੇਲਿੰਗ ਲਗਾਉਣ ਦੇ ਕੰਮ ਨੂੰ ਰੋਕਣ ਜਾਂ ਲਟਕਾਉਣ ਲਈ ਜ਼ਿੰਮੇਵਾਰ ਕੌਣ ਹੈ? ਪ੍ਰਸ਼ਾਸਨ ਨੂੰ ਇਸ ਸਬੰਧੀ ਜਨਤਾ ਸਾਹਮਣੇ ਸਪੱਸ਼ਟ ਜਵਾਬ ਦੇਣਾ ਚਾਹੀਦਾ ਹੈ।
ਅੱਜ ਪੀ.ਡਬਲਯੂ.ਡੀ. ਦੇ ਅਧਿਕਾਰੀ ਰੇਲਿੰਗ ਲਗਾਉਣ ਲਈ ਮੌਕੇ 'ਤੇ ਪਹੁੰਚੇ ਤਾਂ ਮਾਮਲੇ ਨੇ ਨਵਾਂ ਮੋੜ ਲੈ ਲਿਆ। ਦੋ ਦੁਕਾਨਦਾਰਾਂ ਵੱਲੋਂ ਆਪਣੇ ਨਿਜੀ ਹਿਤਾਂ ਕਾਰਨ ਬਾਹਰੋਂ ਕੁਝ ਲੋਕਾਂ ਨੂੰ ਬੁਲਾ ਕੇ ਧਰਨਾ ਲਗਵਾਉਣ ਦਾ ਦੋਸ਼ ਲੱਗਿਆ, ਜਿਸ ਕਾਰਨ ਰੇਲਿੰਗ ਲਗਾਉਣ ਦਾ ਕੰਮ ਰੁਕ ਗਿਆ। ਇੱਕ ਪਾਸੇ ਲੋਕ ਪੁਲ 'ਤੇ ਸੁਰੱਖਿਆ ਰੇਲਿੰਗ ਦੀ ਮੰਗ ਕਰ ਰਹੇ ਹਨ, ਦੂਜੇ ਪਾਸੇ ਕੰਮ ਸ਼ੁਰੂ ਹੁੰਦੇ ਹੀ ਉਸ ਨੂੰ ਰੋਕ ਦਿੱਤਾ ਗਿਆ, ਜਿਸ ਕਾਰਨ ਮਾਮਲਾ ਹੋਰ ਵਿਵਾਦਾਂ ਵਿੱਚ ਘਿਰ ਗਿਆ ਹੈ।
ਇਸ ਗੰਭੀਰ ਮਾਮਲੇ ਸਬੰਧੀ ਜਦੋਂ ਪੰਜਾਬ ਦੇ ਪੀ.ਡਬਲਯੂ.ਡੀ. ਮੰਤਰੀ ਹਰਭਜਨ ਸਿੰਘ ਈ.ਟੀ.ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਝਾਂਸੀ ਰਾਣੀ ਚੌਂਕ ਨੇੜੇ ਰੇਲਵੇ ਪੁਲ ਦੀ ਸੁਰੱਖਿਆ ਰੇਲਿੰਗ ਹਰ ਹਾਲਤ ਵਿੱਚ ਲਗਵਾਈ ਜਾਵੇਗੀ।
ਮੰਤਰੀ ਨੇ ਕਿਹਾ ਕਿ ਉਹ ਜਲਦ ਹੀ ਪੀ.ਡਬਲਯੂ.ਡੀ. ਦੇ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਕੰਮ ਨੂੰ ਮੁਕੰਮਲ ਕਰਵਾਉਣਗੇ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਕੋਈ ਅਧਿਕਾਰੀ ਇਸ ਕੰਮ ਵਿੱਚ ਅਣਗਹਿਲੀ ਕਰਦਾ ਹੈ ਜਾਂ ਜਾਣਬੁੱਝ ਕੇ ਦੇਰੀ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੁਣ ਮੰਤਰੀ ਦੇ ਇਸ ਸਖ਼ਤ ਬਿਆਨ ਤੋਂ ਬਾਅਦ ਸਭ ਦੀਆਂ ਨਜ਼ਰਾਂ ਪ੍ਰਸ਼ਾਸਨ ਅਤੇ ਪੀ.ਡਬਲਯੂ.ਡੀ. ਵਿਭਾਗ 'ਤੇ ਟਿਕ ਗਈਆਂ ਹਨ ਕਿ ਆਖ਼ਿਰ ਚਾਰ ਮਹੀਨਿਆਂ ਤੋਂ ਲਟਕ ਰਿਹਾ ਇਹ ਸੁਰੱਖਿਆ ਦਾ ਮਾਮਲਾ ਕਦੋਂ ਹੱਲ ਹੋਵੇਗਾ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਸਿਰਫ਼ ਭਰੋਸੇ ਨਹੀਂ, ਸਗੋਂ ਪੁਲ 'ਤੇ ਲੱਗੀ ਸੁਰੱਖਿਆ ਰੇਲਿੰਗ ਦਿਖਾਈ ਦੇਣੀ ਚਾਹੀਦੀ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਮੰਤਰੀ ਦੇ ਹੁਕਮਾਂ ਤੋਂ ਬਾਅਦ ਰੇਲਿੰਗ ਕਦੋਂ ਲੱਗਦੀ ਹੈ ਜਾਂ ਫਿਰ ਸਰਕਾਰੀ ਹੁਕਮਾਂ ਨੂੰ ਟਾਲਣ ਦਾ ਸਿਲਸਿਲਾ ਜਾਰੀ ਰਹਿੰਦਾ ਹੈ!
- Download Babushahi App
-
-