ਰਾਮਪੁਰਾ ਰੋਸ ਮੁਜ਼ਾਹਰੇ ਦੌਰਾਨ ਜਨਤਕ ਜਥੇਬੰਦੀਆਂ ਨੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਨੂੰ ਦੱਸਿਆ ਨਾਕਾਫੀ
ਅਸ਼ੋਕ ਵਰਮਾ
ਰਾਮਪੂਰਾ ਫੂਲ, 26 ਜੁਲਾਈ 2026 : ਜਮਹੂਰੀ ਅਧਿਕਾਰ ਸਭਾ ਦੀ ਪਹਿਲਕਦਮੀ 'ਤੇ ਅੱਜ ਰਾਮਪੂਰਾ ਫੂਲ ਦੀਆਂ ਭਰਾਤਰੀ ਜਥੇਬੰਦੀਆਂ ਅਤੇ ਆਮ ਲੋਕਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਸੰਘਰਸ਼ਸ਼ੀਲ ਲੋਕਾਂ ਉੱਤੇ ਹੋ ਰਹੇ ਪੁਲਿਸ ਜਬਰ ਦੇ ਵਿਰੋਧ ਵਿੱਚ ਭਰਵਾਂ ਰੋਸ ਮਾਰਚ ਕੀਤਾ ਗਿਆ। ਇਹ ਮਾਰਚ ਰਾਮਬਾਗ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਸਮਾਪਤ ਹੋਇਆ। ਰੋਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਅਧਿਆਪਕਾਂ, ਨੌਜਵਾਨਾਂ, ਵਿਦਿਆਰਥੀਆਂ, ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਆਮ ਸ਼ਹਿਰੀਆਂ ਨੇ ਸ਼ਮੂਲੀਅਤ ਕੀਤੀ।
ਰੋਸ ਪ੍ਰਦਰਸ਼ਨ ਦੀ ਸ਼ੁਰੂਆਤ ਰਾਮਪੁਰਾ ਦੇ ਫੂਲ ਵਾਲੇ ਅੱਡੇ ਤੋਂ ਕੀਤੀ ਗਈ। ਪਹਿਲਾਂ ਇਕ ਘੰਟੇ ਦੀ ਰੈਲੀ ਕੀਤੀ ਗਈ, ਇਸ ਤੋਂ ਬਾਅਦ ਸੈਂਕੜਿਆਂ ਦੀ ਗਿਣਤੀ ਵਿੱਚ ਇੱਕਠੇ ਹੋਏ ਲੋਕਾਂ ਦਾ ਰੋਸ ਪ੍ਰਦਰਸ਼ਨ ਸ਼ਹਿਰ ਦੇ ਮੁੱਖ ਬਾਜਾਰਾਂ ਵਿਚੋਂ ਹੁੰਦਾ ਹੋਇਆ ਭਗਤ ਸਿੰਘ ਦੇ ਚੌਂਕ ਤੱਕ ਪਹੁੰਚਿਆਂ। ਮੁਜ਼ਾਹਰਾ ਬਹੁਤ ਹੀ ਅਨੁਸ਼ਾਸਨ ਬੱਧ ਤਰੀਕੇ ਨਾਲ ਦੋ-ਦੋ ਦੀਆਂ ਕਤਾਰਾਂ ਦੇ ਰੂਪ ਵਿੱਚ ਸਪੀਕਰਾਂ ਦੀ ਵਰਤੋਂ ਕਰਦਾ ਹੋਇਆ ਲੋਕਾਂ ਵਿੱਚ ਆਪਣੀ ਗੱਲ ਨੂੰ ਜ਼ੋਰਦਾਰ ਤਰੀਕੇ ਨਾਲ ਪਹੁਚਾਉਣ ਵਿੱਚ ਸਫਲ ਰਿਹਾ। ਭਗਤ ਸਿੰਘ ਦੇ ਚੌਂਕ ਤੇ ਲਗਭਗ ਇੱਕ ਘੰਟੇ ਤੱਕ ਆਸ-ਪਾਸ ਦੇ ਲੋਕਾਂ ਨੇ ਬੁਲਾਰਿਆਂ ਦੇ ਵਿਚਾਰਾਂ ਨੂੰ ਸੁਣਿਆ।
ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਆਗੂ ਅਵਤਾਰ ਸਿੰਘ ਨੇ ਕਿਹਾ ਕਿ ਦਿੱਲੀ ਦੇ ਜੰਤਰ-ਮੰਤਰ ਵਿਖੇ ਪਾਰਦਰਸ਼ੀ ਭਰਤੀ ਪ੍ਰਣਾਲੀ ਅਤੇ ਰੁਜ਼ਗਾਰ ਦੀ ਮੰਗ ਕਰ ਰਹੇ ਨੌਜਵਾਨਾਂ ਉੱਤੇ ਕੀਤੇ ਗਏ ਵਹਿਸ਼ੀ ਲਾਠੀਚਾਰਜ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਉੱਤੇ ਪੁਲਿਸ ਕਾਰਵਾਈ, ਬਰਨਾਲਾ ਵਿਖੇ ਸਫ਼ਾਈ ਕਾਮਿਆਂ ਉੱਤੇ ਕੀਤੇ ਗਏ ਲਾਠੀਚਾਰਜ ਅਤੇ ਮਨਰੇਗਾ ਕਾਮਿਆਂ ਦੇ ਰੁਜ਼ਗਾਰ ਹੱਕਾਂ ਉੱਤੇ ਹੋ ਰਹੇ ਹਮਲਿਆਂ ਖ਼ਿਲਾਫ਼ ਇਹ ਰੋਸ ਪ੍ਰਗਟਾਇਆ ਗਿਆ।ਬੁਲਾਰਿਆਂ ਨੇ ਕਿਹਾ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਜਨਤਕ ਦਬਾਅ ਦੀ ਇੱਕ ਪ੍ਰਾਪਤੀ ਹੈ, ਪਰ ਇਹ ਆਪਣੇ ਆਪ ਵਿੱਚ ਕਾਫ਼ੀ ਨਹੀਂ ਹੈ।
ਉਹਨਾਂ ਕਿਹਾ ਕਿ ਪੇਪਰ ਲੀਕਾਂ, ਭਰਤੀ ਘੁਟਾਲਿਆਂ, ਵਧਦੀ ਬੇਰੁਜ਼ਗਾਰੀ ਅਤੇ ਸਿੱਖਿਆ ਪ੍ਰਣਾਲੀ ਵਿੱਚ ਫੈਲੇ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਪੂਰੇ ਤੰਤਰ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਅਸਤੀਫ਼ੇ ਨਾਲ ਨਾ ਤਾਂ ਨੌਜਵਾਨਾਂ ਨੂੰ ਇਨਸਾਫ਼ ਮਿਲੇਗਾ ਅਤੇ ਨਾ ਹੀ ਦੇਸ਼ ਦੇ ਕਰੋੜਾਂ ਬੇਰੁਜ਼ਗਾਰ ਨੌਜਵਾਨਾਂ ਦੇ ਸਵਾਲਾਂ ਦਾ ਹੱਲ ਹੋਵੇਗਾ।ਬੁਲਾਰਿਆਂ ਨੇ ਇਹ ਵੀ ਕਿਹਾ ਕਿ ਲੋਕਾਂ ਦੀਆਂ ਜਾਇਜ਼ ਮੰਗਾਂ ਦਾ ਜਵਾਬ ਲਾਠੀਚਾਰਜ, ਗ੍ਰਿਫ਼ਤਾਰੀਆਂ ਅਤੇ ਪੁਲਿਸ ਜਬਰ ਨਾਲ ਦੇਣਾ ਲੋਕਤੰਤਰੀ ਕਦਰਾਂ-ਕੀਮਤਾਂ ਦੇ ਉਲਟ ਹੈ। ਰੋਸ ਪ੍ਰਗਟਾਉਣਾ ਹਰ ਨਾਗਰਿਕ ਦਾ ਬੁਨਿਆਦੀ ਜਮਹੂਰੀ ਹੱਕ ਹੈ ਅਤੇ ਸਰਕਾਰਾਂ ਨੂੰ ਲੋਕਾਂ ਦੀ ਆਵਾਜ਼ ਸੁਣਨ ਦੀ ਬਜਾਏ ਜਬਰ ਦਾ ਰਾਹ ਛੱਡ ਕੇ ਰੁਜ਼ਗਾਰ, ਸਿੱਖਿਆ ਅਤੇ ਸਮਾਜਿਕ ਸੁਰੱਖਿਆ ਵਰਗੇ ਬੁਨਿਆਦੀ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ।ਪ੍ਰੋਗਰਾਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਲੋਕ ਵਿਰੋਧੀ ਨੀਤੀਆਂ ਅਤੇ ਪੁਲਿਸ ਜਬਰ ਤੋਂ ਬਾਜ਼ ਆਉਣ ਦੀ ਚੇਤਾਵਨੀ ਦਿੱਤੀ।
ਉਨ੍ਹਾਂ ਐਲਾਨ ਕੀਤਾ ਕਿ ਜੇਕਰ ਨੌਜਵਾਨਾਂ, ਵਿਦਿਆਰਥੀਆਂ, ਮਜ਼ਦੂਰਾਂ ਅਤੇ ਹੋਰ ਸੰਘਰਸ਼ਸ਼ੀਲ ਵਰਗਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਵਾਟਰ ਵਰਕਸ ਯੂਨੀਅਨ ਦੇ ਅਮ੍ਰਿਤਪਾਲ ਮਾੜੀ, ਤਰਕਸ਼ੀਲ ਸੁਸਾਇਟੀ ਦੇ ਗਗਨ ਗਰੋਵਰ, ਟੀ.ਐੱਸ.ਯੂ. (ਬਿਜਲੀ ਮੁਲਾਜ਼ਮ) ਦੇ ਅੰਗਰੇਜ਼ ਸਿੰਘ, ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਬਲਾਕ ਰਾਮਪੂਰਾ ਦੇ ਹਰਭਜਨ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ ਧਨੇਰ) ਦੇ ਗੁਰਨਾਮ ਸਿੰਘ ਤੇ ਨਾਹਰ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਜਗਤਾਰ ਸਿੰਘ ਫੂਲ, ਸਫ਼ਾਈ ਕਰਮਚਾਰੀ ਯੂਨੀਅਨ ਦੇ ਸਾਜਨ ਕੁਮਾਰ ਤੇ ਬਿੱਟੂ ਪ੍ਰਧਾਨ, ਡੀ.ਟੀ.ਐੱਫ. ਦੇ ਵਿਕਾਸ ਗਰਗ, ਜਮਹੂਰੀ ਅਧਿਕਾਰ ਸਭਾ ਦੇ ਸੁਖਦੇਵ ਪਾਂਧੀ, ਕਿਰਤੀ ਕਿਸਾਨ ਯੂਨੀਅਨ ਤੇ ਬੀ.ਕੇ.ਯੂ. ਕ੍ਰਾਂਤੀਕਾਰੀ ਦੇ ਦਰਸ਼ਨ ਸਿੰਘ ਫੂਲ ਨੇ ਸੰਬੋਧਨ ਕੀਤਾ, ਅਤੇ ਇਹਨਾਂ ਜੱਥੇਬੰਦੀਆਂ ਸਮੇਤ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਸਟੇਜ਼ ਸਕੱਤਰ ਜ਼ਿੰਮੇਵਾਰੀ ਸੁਰਿੰਦਰ ਵਿਰਦੀ ਨੇ ਨਿਭਾਈ ਅਤੇ ਅਵਤਾਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ। ਜਗਦੇਵ ਸਿੰਘ, ਭਗਵੰਤ ਸਿੰਘ ਲਹਿਰਾ, ਭੋਲਾ ਸਿਧਾਣਾ, ਕੋਰ ਸਿੰਘ ਆਦਿ ਹੋਰ ਆਗੂ ਵੀ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਸਨ ।
- Download Babushahi App
-
-