ਮੋਹਾਲੀ ਪੁਲਿਸ ਵੱਲੋਂ ਗੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਸਖ਼ਤ ਕਾਰਵਾਈ, 20 FIR- 15 ਮੁਲਜ਼ਮ ਗ੍ਰਿਫ਼ਤਾਰ
ਰਾਤ ਭਰ ਚਲਾਈ ਮੁਹਿੰਮ ਦੌਰਾਨ 20 ਐੱਫ.ਆਈ.ਆਰ ਦਰਜ, 15 ਮੁਲਜ਼ਮ ਗ੍ਰਿਫ਼ਤਾਰ
ਮਾਜਰੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 27 ਦਸੰਬਰ 2025- ਗੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦਿਆਂ, ਐੱਸ.ਏ.ਐੱਸ. ਨਗਰ (ਮੋਹਾਲੀ) ਪੁਲਿਸ ਨੇ ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਦੀ ਅਗਵਾਈ ਹੇਠ 26–27 ਦਸੰਬਰ 2025 ਦੀ ਦਰਮਿਆਨੀ ਰਾਤ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਡੇ ਪੱਧਰ ’ਤੇ ਰਾਤ ਭਰ ਵਿਸ਼ੇਸ਼ ਮੁਹਿੰਮ ਚਲਾਈ।
ਇਹ ਵਿਸ਼ੇਸ਼ ਕਾਰਵਾਈ ਥਾਣਾ ਸੋਹਾਣਾ, ਮਾਜਰੀ ਅਤੇ ਡੇਰਾਬੱਸੀ ਦੇ ਅਧਿਕਾਰ ਖੇਤਰਾਂ ਵਿੱਚ ਇਕੋ ਸਮੇਂ ਅਮਲ ਵਿੱਚ ਲਿਆਂਦੀ ਗਈ, ਜਿਸਦਾ ਮਕਸਦ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਵਿਅਕਤੀਆਂ ਅਤੇ ਗਿਰੋਹਾਂ ’ਤੇ ਨੱਥ ਪਾਉਣਾ ਸੀ।
ਥਾਣਾ ਮਾਜਰੀ ਵਿਖੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ, ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਸ ਮੁਹਿੰਮ ਦੇ ਨਤੀਜੇ ਵਜੋਂ 20 ਐੱਫ.ਆਈ.ਆਰ ਦਰਜ ਕੀਤੀਆਂ ਗਈਆਂ ਅਤੇ 15 ਮੁਲਜ਼ਮਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਨਾਲ ਹੀ ਗੈਰ-ਕਾਨੂੰਨੀ ਮਾਈਨਿੰਗ ਲਈ ਵਰਤੀ ਜਾ ਰਹੀ ਭਾਰੀ ਮਸ਼ੀਨਰੀ ਅਤੇ ਵਾਹਨ ਵੀ ਜ਼ਬਤ ਕੀਤੇ ਗਏ, ਜਿਨ੍ਹਾਂ ਵਿੱਚ ਇੱਕ ਜੇ ਸੀ ਬੀ ਮਸ਼ੀਨ, 14 ਭਰੇ ਹੋਏ ਟਿੱਪਰ ਅਤੇ ਦੋ ਭਰੇ ਹੋਏ ਟ੍ਰੈਕਟਰ-ਟਰਾਲੀਆਂ ਸ਼ਾਮਲ ਹਨ।
ਉਨ੍ਹਾਂ ਹੋਰ ਦੱਸਿਆ ਕਿ ਸਬੰਧਤ ਥਾਵਾਂ ਤੋਂ ਬਰਾਮਦ ਕੀਤੀ ਗਈ ਗੈਰ-ਕਾਨੂੰਨੀ ਤੌਰ ’ਤੇ ਖੋਦੀ ਗਈ ਸਮੱਗਰੀ ਦਾ ਭੂ-ਵਿਗਿਆਨ ਅਤੇ ਮਾਈਨਿੰਗ ਵਿਭਾਗ ਵੱਲੋਂ ਮਾਤਰਾ ਮੁਲਾਂਕਣ ਕੀਤੀ ਜਾ ਰਹੀ ਹੈ, ਤਾਂ ਜੋ ਅੱਗੇ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਕ੍ਰਸ਼ਰ ਮਾਲਕਾਂ ਅਤੇ ਹੋਰ ਸੰਬੰਧਤ ਵਿਅਕਤੀਆਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ।
ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਵੱਲੋਂ ਖੁਦ ਅਗਵਾਈ ਕਰਕੇ ਚਲਾਈ ਗਈ ਇਸ ਮੁਹਿੰਮ ਵਿੱਚ ਤਿੰਨ ਪੁਲਿਸ ਕਪਤਾਨ (ਐੱਸ.ਪੀ.), ਚਾਰ ਉਪ ਪੁਲਿਸ ਕਪਤਾਨ (ਡੀ.ਐੱਸ.ਪੀ.), ਸੱਤ ਥਾਣਾ ਮੁਖੀ (ਐੱਸ.ਐੱਚ.ਓ.) ਅਤੇ ਲਗਭਗ 250 ਹੋਰ ਪੁਲਿਸ ਕਰਮਚਾਰੀ ਸ਼ਾਮਲ ਰਹੇ, ਜਿਸ ਨਾਲ ਸਬੰਧਤ ਇਲਾਕਿਆਂ ਵਿੱਚ ਪ੍ਰਭਾਵਸ਼ਾਲੀ ਅਤੇ ਸਖ਼ਤ ਕਾਰਵਾਈ ਸੰਭਵ ਹੋ ਸਕੀ।
ਜ਼ਿਲ੍ਹਾ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ ਅਤੇ ਕੁਦਰਤੀ ਸੰਸਾਧਨਾਂ ਦੀ ਰੱਖਿਆ ਅਤੇ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ ਲਈ ਅਜਿਹੀਆਂ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਹਰ ਵਿਅਕਤੀ ਦੀ ਜਵਾਬਦੇਹੀ ਤੈਅ ਕਰਨ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।