ਮੋਗਾ ਰੈਲੀ: ਨਸ਼ਾ ਤਸਕਰਾਂ ਦੇ ਘਰਾਂ 'ਤੇ ਚੱਲ ਰਹੇ ਬੁਲਡੋਜ਼ਰ, ਹੁਣ ਜਨਤਾ ਭਜਾ ਰਹੀ ਹੈ ਤਸਕਰਾਂ ਨੂੰ- ਕੇਜਰੀਵਾਲ
ਵਿਰੋਧੀਆਂ 'ਤੇ ਵਰ੍ਹੇ ਕੇਜਰੀਵਾਲ: "ਅਕਾਲੀ-ਕਾਂਗਰਸ ਤੇ ਭਾਜਪਾ ਨੇ ਪੰਜਾਬ ਬਰਬਾਦ ਕੀਤਾ, ਸਿਰਫ਼ 'ਆਪ' ਹੀ ਬਚਾ ਸਕਦੀ ਹੈ"
Babushahi Network
ਮੋਗਾ/ਕਿਲੀ ਚਹਿਲਾਂ, 16 ਫਰਵਰੀ 2026- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੋਗਾ ਦੀ ਮੈਗਾ ਰੈਲੀ ਵਿੱਚ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਵਿਰੁੱਧ ਸਰਕਾਰ ਦੀ ਸਖ਼ਤ ਕਾਰਵਾਈ ਦਾ ਵੇਰਵਾ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਪਹਿਲੀ ਵਾਰ ਅਜਿਹੀ ਸਰਕਾਰ ਆਈ ਹੈ ਜੋ ਨਸ਼ਾ ਤਸਕਰਾਂ ਨੂੰ ਸਿਰਫ਼ ਫੜ ਹੀ ਨਹੀਂ ਰਹੀ, ਸਗੋਂ ਉਨ੍ਹਾਂ ਦੇ ਗ਼ੈਰ-ਕਾਨੂੰਨੀ ਸਾਮਰਾਜ 'ਤੇ ਬੁਲਡੋਜ਼ਰ ਵੀ ਚਲਾ ਰਹੀ ਹੈ।
ਕੇਜਰੀਵਾਲ ਨੇ ਕਿਹਾ ਕਿ ਹੁਣ ਨਸ਼ਾ ਤਸਕਰਾਂ ਦੇ ਘਰਾਂ 'ਤੇ ਬੁਲਡੋਜ਼ਰ ਚੱਲ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਹੁਣ ਇੰਨੇ ਜਾਗਰੂਕ ਹੋ ਚੁੱਕੇ ਹਨ ਕਿ ਉਹ ਖ਼ੁਦ ਪਿੰਡਾਂ ਵਿੱਚੋਂ ਤਸਕਰਾਂ ਨੂੰ ਭਜਾ ਰਹੇ ਹਨ। ਉਨ੍ਹਾਂ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੂੰ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਸਾਲਾਂਬੱਧੀ ਪੰਜਾਬ ਨੂੰ ਲੁੱਟਿਆ ਹੈ, ਜਦਕਿ 'ਆਪ' ਸਰਕਾਰ ਪਹਿਲੀ ਵਾਰ ਤਸਕਰਾਂ ਨੂੰ ਜੇਲ੍ਹਾਂ ਵਿੱਚ ਡੱਕ ਰਹੀ ਹੈ।
ਕੇਜਰੀਵਾਲ ਨੇ ਕਿਹਾ ਕਿ ਵਿਲੇਜ ਡਿਫੈਂਸ ਕਮੇਟੀ (VDC) ਹੁਣ ਸਿਰਫ਼ 10 ਮੈਂਬਰਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਪਿੰਡ ਦੇ ਹਰ ਸ਼ਖ਼ਸ ਨੂੰ ਇਸ ਮੁਹਿੰਮ ਨਾਲ ਜੋੜਨਾ ਪਵੇਗਾ ਤਾਂ ਹੀ ਪਿੰਡ ਮੁਕੰਮਲ ਤੌਰ 'ਤੇ ਨਸ਼ਾ ਮੁਕਤ ਹੋਣਗੇ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਹਰ ਪਿੰਡ ਵਿੱਚ ਖੇਡ ਗਰਾਊਂਡ ਬਣਾਉਣ ਦਾ ਵਾਅਦਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਹੁਣ ਤੱਕ 60,000 ਸਰਕਾਰੀ ਨੌਕਰੀਆਂ ਦੇ ਚੁੱਕੀ ਹੈ। ਕੇਜਰੀਵਾਲ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਇਸ ਜੰਗ ਵਿੱਚ ਪੁਲਿਸ ਅਤੇ ਸਰਕਾਰ ਤੁਹਾਡੇ ਨਾਲ ਖੜ੍ਹੀ ਹੈ, ਪਰ ਇਸ ਨੂੰ ਪੂਰੀ ਤਰ੍ਹਾਂ ਜਿੱਤਣ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ।