ਮੁਲਾਜ਼ਮਾਂ ਕੀਤਾ ਸੰਗਰੂਰ ਚ ਪੱਕਾ ਮੋਰਚਾ ਲਾਉਣ ਦਾ ਐਲਾਨ
Ravi Jakhu
ਚੰਡੀਗੜ੍ਹ, ਮਿਤੀ 05 ਨਵੰਬਰ, 2026
ਅੱਜ, ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਰਾਹੀਂ ਤਾਲਮੇਲ ਕਮੇਟੀ ਦੇ ਬੁਲਾਰਿਆਂ ਨੇ, ਪੰਜਾਬ ਸਰਕਾਰ ਵੱਲੋਂ, ਮੁਲਾਜ਼ਮ ਵਰਗ ਪ੍ਰਤੀ ਕੀਤੇ ਜਾ ਰਹੇ ਭੰਡੀ ਪ੍ਰਚਾਰ ਦਾ ਜਵਾਬ ਦਿੱਤਾ । ਪੰਜਾਬ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਬਾਕੀ ਰਾਜ ਦੇ ਮੁਲਾਜ਼ਮਾਂ ਤੋਂ ਵੱਧ ਤਨਖਾਹ ਲੈ ਰਹੇ ਹਨ। ਇਸ ਦੇ ਜਵਾਬ ਵਿੱਚ ਆਗੂਆਂ ਵੱਲੋਂ ਪ੍ਰੈਸ ਨੂੰ ਦੱਸਿਆ ਗਿਆ ਕਿ 17-07-2020 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਕੇਂਦਰੀ ਪੈਟਰਨ ਤੇ ਘੱਟ ਪੇ-ਸਕੇਲ ਦਿੱਤੇ ਜਾ ਰਹੇ ਹਨ, ਜਦੋ ਕਿ ਕੇਂਦਰ ਦੇ ਵੱਧ ਭੱਤੇ ਨਹੀਂ ਦਿੱਤੇ ਜਾ ਰਹੇ। ਇਸੇ ਤਰ੍ਹਾਂ ਹੀ ਇਹਨਾਂ ਮੁਲਾਜ਼ਮਾਂ ਨੂੰ 15-01-2015 ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਪਰਖ-ਕਾਲ ਸਮੇਂ ਦੌਰਾਨ ਤਿੰਨ ਸਾਲਾਂ ਲਈ ਕੇਵਲ ਬੇਸਿਕ ਤਨਖਾਹ ਹੀ ਦਿੱਤੀ ਜਾਂਦੀ ਹੈ, ਜੋ ਕਿ ਬਾਕੀ ਰਾਜਾਂ ਦੇ ਮੁਕਾਬਲੇ ਬਹੁਤ ਘੱਟ ਹੈ।
ਐਸੋਸੀਏਸ਼ਨ ਵੱਲੋਂ ਕੰਪਿਊਟਰਾਈਜ਼ਡ ਸਲਾਈਡਾਂ ਰਾਹੀਂ ਪੰਜਾਬ ਦੇ ਕਰਮਚਾਰੀਆਂ ਦੀ ਘੱਟ ਤਨਖਾਹ ਦੇ ਤੁਲਨਾਮਤਕ ਵੇਰਵੇ ਵੀ ਵਿਖਾਏ ਗਏ। ਬੁਲਾਰਿਆਂ ਨੇ ਇਹਨਾਂ ਸਲਾਈਡਾਂ ਰਾਹੀਂ ਸਿੱਧ ਕੀਤਾ ਕਿ ਪੰਜਾਬ ਸਰਕਾਰ ਦੇ ਮੁਲਾਜਮਾਂ ਨੂੰ ਪੈਨਸ਼ਨ ਤੋਂ ਵਿਰਵੇ ਰੱਖਿਆ ਜਾ ਰਿਹਾ ਹੈ, ਜਦੋਂ ਕਿ ਪੰਜਾਬ ਦੇ ਵਿਧਾਇਕਾਂ ਦੀਆਂ ਪੈਨਸ਼ਨਾਂ ਵਿੱਚ 5 ਗੁਣਾਂ ਤੋਂ ਵੀ ਜਿਆਦਾ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਮੁਲਾਜਮਾਂ ਦੇ 37 ਭੱਤੇ ਕੱਟ ਲਏ ਗਏ ਹਨ, ਪਰੰਤੂ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਮੈਨੂਅਲ ਅਨੁਸਾਰ ਅਨੇਕਾਂ ਭੱਤੇ ਦਿੱਤੇ ਜਾ ਰਹੇ ਹਨ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੇ ਕਾਰਜਕਾਲ ਦਾ 6 ਮਹੀਨੇ ਦਾ ਸਮਾਂ ਬਚਿਆ ਹੈ, ਪਰੰਤੂ ਉਹਨਾਂ ਵੱਲੋਂ ਅਜੇ ਤੱਕ ਪੇ-ਕਮਿਸ਼ਨ ਦੀ ਦੂਜੀ ਰਿਪੋਰਟ ਪੇਸ਼ ਨਹੀਂ ਕੀਤੀ ਗਈ ਹੈ, ਜਿਸ ਕਾਰਨ ਮੁਲਾਜ਼ਮਾਂ ਨੂੰ ਏ.ਸੀ.ਪੀ. ਸਕੀਮ ਦਾ ਲਾਭ ਵੀ ਨਹੀਂ ਮਿਲ ਰਿਹਾ ਹੈ। ਪੰਜਾਬ ਸਰਕਾਰ ਦੇ ਸੇਵਾ ਨਵਿਰਤ ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਦੇ ਅਹੁਦੇਦਾਰਾਂ ਨੇ ਭਾਵੁਕ ਹੁੰਦੇ ਦੱਸਿਆ ਕਿ ਉਹਨਾਂ ਦੀਆਂ ਵਡੇਰੀਆਂ ਉਮਰਾਂ ਦੇ ਬਾਵਜੂਦ ਵੀ ਪੇ-ਕਮਿਸ਼ਨ ਦੀ ਰਿਪੋਰਟ ਅਨੁਸਾਰ ਉਹਨਾਂ ਨੂੰ 2.59 ਦੇ ਗੁਣਾਂਕ ਤਹਿਤ ਨਾ ਤਾਂ ਉਹਨਾਂ ਦੀ ਪੈਨਸ਼ਨ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਨਾ ਹੀ ਉਹਨਾਂ ਨੂੰ ਕੇਂਦਰ ਸਰਕਾਰ ਦੇ ਬਰਾਬਰ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ। ਮੁਲਾਜ਼ਮ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਉਪਰੋਕਤ ਮੰਗਾਂ ਦੇ ਨਾਲ ਨਾਲ ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰੇ, ਆਂਗਣਵਾੜੀ ਵਰਕਰ, ਮੀਡ ਡੇ ਮੀਲ ਵਰਕਰ ਅਤੇ ਆਸ਼ਾ ਵਰਕਰਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰੇ ਅਤੇ ਨੌਕਰੀ ਤੋਂ ਬਰਖਾਸਤ ਕੀਤੇ ਗਏ 253 ਕੰਪਿਊਟਰ ਅਧਿਆਪਕਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ। ਮੁਲਾਜ਼ਮ ਆਗੂਆਂ ਨੇ ਚਿੰਤਾ ਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਮੌਜੂਦਾ ਆਪ ਸਰਕਾਰ ਮਾਨਯੋਗ ਕੋਰਟਾਂ ਦੇ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਵੀ ਆਨਾ-ਕਾਨੀ ਕਰ ਰਹੀ ਹੈ। ਮੁਲਾਜ਼ਮ ਆਗੂਆਂ ਨੇ ਅੰਤ ਵਿੱਚ ਸਰਕਾਰ ਵਿਰੁੱਧ ਕੀਤੇ ਜਾਣ ਵਾਲੇ ਭਵਿੱਖੀ ਐਕਸ਼ਨਾਂ ਦਾ ਵੀ ਐਲਾਨ ਕੀਤਾ ਜਿਸ ਤਹਿਤ 01-12-2026 ਤੋਂ 05-12- 2026 ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਪੁਤਲੇ ਸਾੜੇ ਜਾਣਗੇ ਅਤੇ ਉਹਨਾਂ ਦੇ ਫੁੱਲ ਕੁੱਜਿਆਂ ਵਿੱਚ ਬੰਦ ਕਰਨ ਉਪਰੰਤ ਲੁਧਿਆਣੇ ਦੇ ਬੁੱਢੇ ਨਾਲੇ ਵਿੱਚ ਜਲ ਪ੍ਰਵਾਹ ਕੀਤੇ ਜਾਣਗੇ। ਇਸ ਉਪਰੰਤ 13-12-2026 ਤੋਂ 19-12- 2026 ਤੱਕ ਸੰਗਰੂਰ ਵਿਖੇ ਪੱਕਾ ਮੋਰਚਾ ਲਗਾਇਆ ਜਾਵੇਗਾ। ਪੱਕੇ ਮੋਰਚੇ ਦੌਰਾਨ ਸ਼ਹਿਰ ਵਿੱਚ ਜਾਗੋ ਕੱਢ ਕੇ ਲੋਕਾਂ ਨੂੰ ਜਗਾਇਆ ਜਾਵੇਗਾ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਨੁਮਾਇੰਦਿਆਂ ਨਾਲ ਮਹਾ-ਪੰਚਾਇਤ ਕਰਕੇ ਸਰਕਾਰ ਦੇ ਸਮਾਜ ਵਿਰੋਧੀ ਚਿਹਰੇ ਨੂੰ ਬੇ-ਨਕਾਬ ਕੀਤਾ ਜਾਵੇਗਾ। ਦਸੰਬਰ ਦੇ ਦੂਸਰੇ ਹਫ਼ਤੇ ਵਿੱਚ ਪੰਜਾਬ ਦੇ ਸਮੂਹ ਮੁਲਾਜ਼ਮ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸ਼ੰਭੂ ਬਾਰਡਰ ਤੋਂ ਅੰਮ੍ਰਿਤਸਰ (ਅਟਾਰੀ ਬਾਰਡਰ) ਤੱਕ ਮਨੁੱਖੀ ਚੇਨ ਬਣਾ ਕੇ ਸਰਕਾਰ
ਵਿਰੁੱਧ ਲਾ-ਮਿਸਾਲ ਪ੍ਰਦਰਸ਼ਨ ਕਰਨਗੇ ਅਤੇ ਆਪ ਸਰਕਾਰ ਨੂੰ ਵੋਟਾਂ ਨਾ ਪਾਉਣ ਦੀ ਲੋਕਾਂ ਨੂੰ ਅਪੀਲ ਵੀ ਕਰਨਗੇ।
ਮੁਲਾਜ਼ਮ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਦੌਰਾਨ ਸਰਕਾਰ ਦਾ ਵਤੀਰਾ ਨਕਾਰਾਤਮਕ ਰਿਹਾ ਤਾਂ ਹੋਰ ਵੀ
ਸਖ਼ਤ ਐਕਸ਼ਨ ਸ਼ਾਮਲ ਕਰ ਲਏ ਜਾਣਗੇ। ਇਸ ਪ੍ਰੈਸ ਕਾਨਫਰੰਸ ਵਿੱਚ ਗੁਰਨਾਮ ਸਿੰਘ ਵਿਰਕ, ਸਤੀਸ਼ ਰਾਣਾ, ਸੁਖਚੈਨ ਸਿੰਘ ਖਹਿਰਾ, ਸ਼ੁਸੀਲ ਕੁਮਾਰ ਫੌਜੀ, ਮਨਦੀਪ ਸਿੰਘ ਸਿੱਧੂ, ਸਾਹਿਲ ਸ਼ਰਮਾ ਅਮਿਤ ਕਟੋਜ, ਕਰਮ ਸਿੰਘ ਧਨੋਆ, ਧਨਵੰਤ ਸਿੰਘ ਭੱਟਲ, ਹਰਜਿੰਦਰਪਾਲ ਸਿੰਘ ਪੰਨੂੰ, ਗਗਨਦੀਪ ਸਿੰਘ ਭੁੱਲਰ, ਜਸਬੀਰ ਤਲਵਾੜਾ, ਸੰਦੀਪ ਗਿੱਲ, ਸ਼ਲਿੰਦਰ ਕੰਬੋਜ, ਐਨ. ਕੇ. ਕਲਸੀ, ਗੁਰਿੰਦਰ ਸਿੰਘ ਘੁਕੇਵਾਲੀ, ਦਵਿੰਦਰ ਸਿੰਘ ਬੈਨੀਪਾਲ, ਮਨਪ੍ਰੀਤ ਸਿੰਘ, ਹਰਚਰਨ ਸਿੰਘ, ਹਰਨੇਕ ਸਿੰਘ ਆਦਿ ਸ਼ਾਮਲ ਸਨ।
- Download Babushahi App
-
-