ਮਾਮਲਾ ਕਤਲ ਦਾ-ਬਹਿਸ ਸ਼ੁਰੂ : ਡੁਨੀਡਨ ਵਿਖੇ ਕਤਲ ਕੀਤੇ ਗਏ ਗੁਰਜੀਤ ਸਿੰਘ ਮਾਮਲੇ ’ਚ ਅਦਾਲਤੀ ਕਾਰਵਾਈ ਸ਼ੁਰੂ
-ਮਿ੍ਰਤਕ ਦੇ ਸਰੀਰ ਉਤੇ ਮਿਲੇ ਸਨ 46 ਤੇਜ਼ਧਾਰ ਜ਼ਖਮ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 21 ਨਵੰਬਰ 2025-ਨਿਊਜ਼ੀਲੈਂਡ ਦੇ ਸ਼ਹਿਰ ਡੁਨੀਡਨ ਵਿਖੇ ਸ. ਗੁਰਜੀਤ ਸਿੰਘ ਦੀ ਲਾਸ਼ ਪਿਛਲੇ ਸਾਲ 29 ਜਨਵਰੀ 2024 ਦੀ ਸਵੇਰ ਨੂੰ ਉਸਦੇ ਡੂਨੇਡਿਨ ਸਥਿਤ ਘਰ ਦੇ ਲਾਅਨ ਵਿੱਚ ਮਿਲੀ ਸੀ। ਸਰਕਾਰੀ ਵਕੀਲ ਨੇ ਦੱਸਿਆ ਕਿ ਸ. ਗੁਰਜੀਤ ਸਿੰਘ ਨੂੰ ਆਖ਼ਰੀ ਵਾਰ ਐਤਵਾਰ, 28 ਜਨਵਰੀ 2024 ਦੀ ਰਾਤ ਨੂੰ ਇੱਕ ਪੀਜ਼ਾ ਪਾਰਟੀ ਵਿੱਚ ਦੇਖਿਆ ਗਿਆ ਸੀ। ਇਹ ਮੰਨਿਆ ਜਾਂਦਾ ਹੈ ਕਿ ਕਤਲ 28 ਜਨਵਰੀ ਦੀ ਰਾਤ ਅਤੇ 29 ਜਨਵਰੀ 2024 ਦੀ ਸਵੇਰ ਦੇ ਵਿਚਕਾਰ ਹੋਇਆ ਸੀ। ਹੁਣ ਬੀਤੇ ਕੱਲ੍ਹ ਹਾਈ ਕੋਰਟ ਵਿੱਚ ਰਾਜਿੰਦਰ ਵਿਰੁੱਧ ਕਤਲ ਦੀ ਸੁਣਵਾਈ ਚੱਲ ਰਹੀ ਹੈ, ਜੋ ਤਿੰਨ ਹਫ਼ਤਿਆਂ ਲਈ ਨਿਰਧਾਰਤ ਕੀਤੀ ਗਈ ਹੈ।
ਸ. ਗੁਰਜੀਤ ਸਿੰਘ ਨੂੰ ਉਸਦੇ ਸਾਬਕਾ ਰੁਜ਼ਗਾਰ ਦਾਤਾ ੇ 45 ਤੋਂ ਵੱਧ ਵਾਰ ਚਾਕੂ ਮਾਰੇ ਸਨ, ਜੋ ਕਿ ਉਸਦਾ ਸਿਰ ਕੱਟਣ ਦੀ ਕੋਸ਼ਿਸ਼ ਜਾਪਦੀ ਹੈ। ਮੁਲਜ਼ਮ ਰਾਜਿੰਦਰ ਦੀ ਉਮਰ 35 ਸਾਲ ਹੈ ਜਦ ਕਿ ਮਿ੍ਰਤਕ ਗੁਰਜੀਤ ਸਿੰਘ ਦੀ ਉਮਰ 27 ਸਾਲਾਂ ਦੀ ਸੀ।
ਪੋਸਟ-ਮਾਰਟਮ: ਸਰੀਰ ’ਤੇ ਘੱਟੋ-ਘੱਟ 46 ਤੇਜ਼ਧਾਰ ਜ਼ਖ਼ਮ ਸਨ, ਜਿਸ ਵਿੱਚ ਗਰਦਨ ’ਤੇ ਇੱਕ ਵੱਡਾ, ਘਾਤਕ ਜ਼ਖ਼ਮ ਵੀ ਸ਼ਾਮਲ ਹੈ ਜੋ ’ਸਿਰ ਕੱਟਣ ਦੀ ਕੋਸ਼ਿਸ਼’ ਦਾ ਪ੍ਰਭਾਵ ਦਿੰਦਾ ਹੈ। ਪ੍ਰੋਸੀਕਿਊਟਰ : ਰਾਜਿੰਦਰ ਦਾ ਡੀਐਨਏ (ਵਾਲ ਅਤੇ ਖੂਨ ਦੇ ਕਈ ਧੱਬੇ) ਘਟਨਾ ਵਾਲੀ ਥਾਂ ’ਤੇ ਮਿਲਿਆ ਹੈ। ਮੁਲਜ਼ਮ ਦੀ ਗੱਡੀ ਵਿੱਚੋਂ ਮਿਲਿਆ ਖੂਨ ਦਾ ਨਮੂਨਾ ਵੀ ਮ੍ਰਿਤਕ ਦੇ ਡੀਐਨਏ ਨਾਲ ਮੇਲ ਖਾਂਦਾ ਹੈ।
ਮੁਲਜ਼ਮ ਦਾ ਬਿਆਨ: ਪਹਿਲਾਂ ਰਾਜਿੰਦਰ ਨੇ ਕਤਲ ਬਾਰੇ ਨਾ-ਵਾਕਫ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਹ ਉਸ ਰਾਤ ਡਰਾਈਵਿੰਗ ਸਿਖਾ ਰਿਹਾ ਸੀ। ਆਪਣੇ ਹੱਥ ’ਤੇ ਲੱਗੇ ਕੱਟ ਬਾਰੇ ਉਸਨੇ ਪਹਿਲਾਂ ਚੇਨ-ਸਾਅ ਅਤੇ ਫਿਰ ਬਾਈਕ ਹਾਦਸੇ ਬਾਰੇ ਝੂਠ ਬੋਲਿਆ। ਉਸਨੇ ਪੁਲਿਸ ਨੂੰ ਇਹ ਵੀ ਕਿਹਾ ਕਿ ਉਹ ਡਰ ਗਿਆ ਸੀ ਕਿ ਕਿਤੇ ਉਸਦਾ ਸਬੰਧ ਕਤਲ ਨਾਲ ਨਾ ਜੁੜ ਜਾਵੇ।
ਬਚਾਅ ਪੱਖ : ਬਚਾਅ ਪੱਖ ਦੇ ਵਕੀਲ ਦਾ ਦਾਅਵਾ ਹੈ ਕਿ ਰਾਜਿੰਦਰ ਨੇ ਕਤਲ ਨਹੀਂ ਕੀਤਾ। ਉਨ੍ਹਾਂ ਵਿਚਕਾਰ ਕੋਈ ਦੁਸ਼ਮਣੀ ਜਾਂ ਮਨ-ਮੁਟਾਵ ਨਹੀਂ ਸੀ, ਸਗੋਂ ਚੰਗੇ ਸਬੰਧ ਸਨ। ਉਨ੍ਹਾਂ ਅਨੁਸਾਰ ਰਾਜਿੰਦਰ ਲਈ ਆਪਣੀ ਬਣੀ ਬਣਾਈ ਜ਼ਿੰਦਗੀ ਨੂੰ ਤਬਾਹ ਕਰਨਾ ਬੇਤੁਕੀ ਗੱਲ ਹੈ।
ਹੋਰ ਸਬੂਤ: ਕਤਲ ਦੇ ਸਮੇਂ ਰਾਜਿੰਦਰ ਦੁਆਰਾ ਖਰੀਦੇ ਗਏ ਦਸਤਾਨਿਆਂ ਦਾ ਇੱਕ ਟੁਕੜਾ ਘਟਨਾ ਵਾਲੀ ਥਾਂ ’ਤੇ ਮਿਲਿਆ ਸੀ।
ਪੁਰਾਣੀ ਖਬਰ ਦਾ ਹਵਾਲਾ:
ਕੌਣ ਸੀ ਪਿੰਡ ਪਮਾਲ ਲੁਧਿਆਣਾ ਦਾ 27 ਸਾਲਾ ਪੰਜਾਬੀ ਨੌਜਵਾਨ ਗੁਰਜੀਤ ਸਿੰਘ ਮੱਲ੍ਹੀ
ਲਗਪਗ 9 ਸਾਲ ਪਹਿਲਾਂ ਆਪਣੀ ਜ਼ਿੰਦਗੀ ਦੇ ਸੁਪਨੇ ਸਾਕਾਰ ਕਰਨ ਨਿਊਜ਼ੀਲੈਂਡ ਆਏ ਇਕ 27 ਸਾਲਾ ਅੰਮ੍ਰਿਤਧਾਰੀ ਤੇ ਕੀਰਤਨਕਾਰ ਪੰਜਾਬੀ ਨੌਜਵਾਨ ਸ. ਗੁਰਜੀਤ ਸਿੰਘ ਮੱਲ੍ਹੀ ਦੀ 29 ਜਨਵਰੀ 2024 ਨੂੰ ਡੁਨੀਡਨ (ਦੱਖਣੀ ਟਾਪੂ ਦਾ ਇਕ ਸ਼ਹਿਰ) ਵਿਖੇ ਪਾਈਨ ਹਿੱਲ ਨਾਂਅ ਦੇ ਇਲਾਕੇ ਵਿਚ ਇਕ ਘਰ ਦੀ ਖਿੜਕੀ ਦੇ ਬਾਹਰਵਾਰ ਖੂਨ ਨਾਲ ਲੱਥਪੱਥ ਹੋਈ ਮਿਲੀ ਸੀ। ਉਸ ਵੇਲੇ ਇੰਡੀਆ ਤੋਂ ਪਰਿਵਾਰਕ ਮੈਂਬਰਾਂ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਸ ਰਾਤ ਇਹ ਨੌਜਵਾਨ ਆਪਣੇ ਦੋ ਦੋਸਤਾਂ ਦੇ ਨਾਲ ਉਨ੍ਹਾਂ ਦੇ ਘਰ ਰਾਤ ਦਾ ਖਾਣਾ ਆਦਿ ਖਾ ਕੇ ਵਾਪਿਸ ਆਇਆ ਸੀ। ਉਸਦੀ ਪਤਨੀ ਇੰਡੀਆ ਤੋਂ ਫੋਨ ਕਰ ਰਹੀ ਤਾਂ ਕੋਈ ਉਤਰ ਨਹੀਂ ਸੀ ਮਿਲ ਰਿਹਾ। ਉਸਨੇ ਉਸਦੇ ਇਕ ਦੋਸਤ ਨੂੰ ਫੋਨ ਕੀਤਾ ਕਿ ਪਤਾ ਕਰਕੇ ਦੱਸੋ ਕਿ ਗੁਰਜੀਤ ਸਿੰਘ ਫੋਨ ਨਹੀਂ ਚੁੱਕ ਰਿਹਾ। ਉਸਦਾ ਦੋਸਤ ਜੋ ਕੰਮ ਉਤੇ ਸੀ ਉਸਨੇ ਆਪਣੇ ਦੂਜੇ ਸਾਥੀ ਨੂੰ ਕਿਹਾ ਕਿ ਪਤਾ ਕਰਕੇ ਆ ਕਿ ਗੁਰਜੀਤ ਸਿੰਘ ਫੋਨ ਕਿਉਂ ਨਹੀਂ ਚੁੱਕਦਾ। ਜਦ ਉਸ ਦੋਸਤ ਨੇ ਆ ਕੇ ਵੇਖਿਆ ਤਾਂ ਗੁਰਜੀਤ ਸਿੰਘ ਖੂਨ ਨਾਲ ਲੱਥ ਪਿਆ ਸੀ। ਪੁਲਿਸ ਨੂੰ ਉਸਨੇ ਫੋਨ ਕੀਤਾ ਤਾਂ ਪੁਲਿਸ ਨੇ ਕਿਹਾ ਕਿ ਉਹ ਹਿਲਾ ਕੇ ਵੇਖੇ ਕਿ ਸਾਹ ਚੱਲ ਰਿਹਾ ਹੈ ਕਿ ਨਹੀਂ? ਪੁਲਿਸ ਨੇ ਛਾਤੀ ਦੱਬਣ (ਸੀ.ਪੀ. ਆਰ.) ਵਾਸਤੇ ਵੀ ਕਿਹਾ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਕੁਝ ਮਿੰਟਾਂ ਬਾਅਦ ਪੁਲਿਸ ਆ ਗਈ ਅਤੇ ਸਾਰਾ ਮਾਮਲਾ ਆਪਣੇ ਹੱਥ ਵਿਚ ਲੈ ਲਿਆ। ਉਸਦਾ ਗਲਾ ਕੱਟ ਕੇ ਹੱਤਿਆ ਕੀਤੀ ਗਈ ਲਗਦੀ ਸੀ। ਇਹ ਨੌਜਵਾਨ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਮਾਲ ਨਾਲ ਸਬੰਧ ਰੱਖਦਾ ਸੀ। ਪਿਤਾ ਸ. ਨਿਸ਼ਾਨ ਸਿੰਘ ਪਿੰਡ ਦੇ ਵੱਡੇ ਗੁਰਦੁਆਰੇ ਵਿਚ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਹਨ। ਮਾਤਾ ਸ੍ਰੀਮਤੀ ਸਵਰਨ ਕੌਰ ਘਰਬਾਰ ਸੰਭਾਲਦੇ ਹਨ। ਇਸ ਦੀਆਂ ਦੋ ਵੱਡੀਆਂ ਭੈਣ ਅਤੇ ਇਕ ਛੋਟੀ ਭੈਣ ਸੀ ਯਾਨਿ ਕਿ ਤਿੰਨਾਂ ਭੈਣਾ ਦਾ ਇਕੋ ਭਰਾ ਸੀ। ਕਤਲ ਤੋਂ 6-7 ਕੁ ਮਹੀਨੇ ਪਹਿਲਾਂ ਉਸਦਾ ਵਿਆਹ ਹੋਇਆ ਸੀ ਤੇ ਉਸਦੀ ਪਤਨੀ ਵੀ ਫਰਵਰੀ ਮਹੀਨੇ ਦੇ ਪਹਿਲੇ ਹਫਤੇ ਇਥੇ ਪਹੁੰਚਣ ਵਾਲੀ ਸੀ। ਪੰਜਾਬ ਤੋਂ ਪਹਿਲਾਂ ਇਹ ਨੌਜਵਾਨ ਔਕਲੈਂਡ ਵਿਖੇ ਪੜ੍ਹਨ ਆਇਆ ਸੀ ਦੇ ਪੁੱਕੀਕੋਹੀ ਖੇਤਰ ਦੇ ਵਿਚ ਰਹਿੰਦਾ ਸੀ ਅਤੇ 2 ਕੁ ਸਾਲ ਪਹਿਲਾਂ ਡੁਨੀਡਨ ਵਿਖੇ ਚਲਾ ਗਿਆ ਸੀ। ਉਹ ਇਥੇ ਪੱਕਾ ਹੋ ਚੁੱਕਾ ਸੀ ਅਤੇ ਕੰਮਕਾਰ ਸੈਟ ਕਰ ਰਿਹਾ ਸੀ। ਇਸ ਵੇਲੇ ਉਹ ਡੁਨੀਡਨ ਸ਼ਹਿਰ (ਦੱਖਣੀ ਟਾਪੂ) ਵਿਖੇ ਕੋਰਸ ਕੰਪਨੀ (ਇੰਟਰਨੈਟ ਅਤੇ ਟੈਲੀਫੋਨ ਲਾਈਨਜ਼) ਦੇ ਵਿਚ ਕੰਮ ਕਰ ਰਿਹਾ ਸੀ। ਉਸਨੇ ਆਪਣਾ ਕਲੀਨਿੰਗ ਦਾ ਕੰਮ ਕਾਰ ਵੀ ਸ਼ੁਰੂ ਕੀਤਾ ਸੀ। ਘਟਨਾ ਦਾ ਪਤਾ ਲੱਗਣ ਉਤੇ ਸਵੇਰੇ 9 ਵਜੇ ਐਮਰਜੈਂਸੀ ਸੇਵਾਵਾਂ ਉਥੇ ਪਹੁੰਚ ਗਈਆਂ ਸਨ। ਕੋਰਸ ਕੰਪਨੀ ਦੀਆਂ ਵੈਨਾਂ ਵੀ ਉਥੇ ਖੜੀਆਂ ਵੇਖੀਆਂ ਗਈਆਂ।