ਮਾਨਸਾ ਜ਼ਿਲ੍ਹੇ ਦੇ ਪਿੰਡ ਖਿੱਲਣ ਦੀ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
ਅਸ਼ੋਕ ਵਰਮਾ
ਮਾਨਸਾ, 25 ਜਨਵਰੀ 2026:ਸੀਨੀਅਰ ਕਾਂਗਰਸੀ ਨੇਤਾ ਅਤੇ ਪੀ ਆਰ ਟੀ ਸੀ ਦੇ ਸਾਬਕਾ ਡਾਇਰੈਕਟਰ ਕਰਮ ਸਿੰਘ ਚੌਹਾਨ ਦੀ ਭਤੀਜੀ ਅਤੇ ਮਾਨਸਾ ਨੇੜਲੇ ਪਿੰਡ ਖਿੱਲਣ ਦੀ ਸਾਬਕਾ ਸਰਪੰਚ ਮਹਿੰਦਰਜੀਤ ਕੌਰ ਦੇ ਸਿਰ 'ਚ ਤਿੰਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਹਮਲਾਵਰਾਂ ਨੇ ਉਸ ਦੇ ਪਤੀ ਉੱਪਰ ਵੀ ਗੋਲੀਆਂ ਚਲਾਈਆਂ ਜਿਨ੍ਹਾਂ ਦੇ ਕਾਰ ਵਿੱਚ ਲੱਗਣ ਕਰ ਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪੁਲਿਸ ਨੇ ਇਸ ਕਤਲ ਮਾਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਬੂਟਾ ਸਿੰਘ ਨੇ ਦਾਅਵਾ ਕੀਤਾ ਕਿ ਕਾਤਲਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਪਤੀ ਮਨਪ੍ਰੀਤ ਸਿੰਘ ਦੇ ਬਿਆਨ 'ਤੇ ਅਮਨਿੰਦਰ ਸਿੰਘ, ਉਸ ਦੇ ਪਿਤਾ ਭਗਵੰਤ ਸਿੰਘ ਤੇ ਗੁਰਪਾਲ ਸਿੰਘ ਵਾਸੀ ਖਿਲਣ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਮੁਲਜ਼ਮ ਸਾਬਕਾ ਸਰਪੰਚ ਦੇ ਜੇਠ ਅਤੇ ਭਤੀਜਾ ਹਨ।
ਜਾਣਕਾਰੀ ਅਨੁਸਾਰ ਇਹ ਕਤਲ ਉਸ ਵੇਲੇ ਹੋਇਆ ਜਦੋਂ ਪਤੀ ਪਤਨੀ ਆਪਣੇ ਖੇਤ ਤੋਂ ਘਰ ਆ ਰਹੇ ਸਨ। ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਗੋਲੀਆਂ ਲੱਗਣ ਕਾਰਨ ਸਾਬਕਾ ਸਰਪੰਚ ਮਹਿੰਦਰਜੀਤ ਕੌਰ (43) ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮਿਲਦਿਆਂ ਹੀ ਪੁਲੀਸ ਘਟਨਾ ਸਥਾਨ 'ਤੇ ਪੁੱਜ ਗਈ। ਪੀੜਤ ਪਰਿਵਾਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਵਿੱਚ ਉਨ੍ਹਾਂ ਕੁਝ ਮੁਲਜ਼ਮਾਂ ਦੇ ਨਾਮ ਲਏ ਹਨ।ਮ੍ਰਿਤਕਾ ਮਹਿੰਦਰਜੀਤ ਕੌਰ ਦੇ ਚਾਚਾ ਕਰਮ ਸਿੰਘ ਚੌਹਾਨ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਕਿਸੇ ਨੇ ਉਨ੍ਹਾਂ ਦੇ ਖੇਤ ਵਿੱਚ ਪੱਥਰ ਅਤੇ ਮਲਬਾ ਸੁੱਟ ਦਿੱਤਾ ਸੀ। ਹਾਲਾਂਕਿ ਉਨ੍ਹਾਂ ਦੀ ਭਤੀਜੀ ਦਾ ਪਰਿਵਾਰਬੁਢਲਾਡਾ ਵਿੱਚ ਰਹਿੰਦਾ ਹੈ ਪਰ ਉਹ ਕਈ ਵਾਰ ਖੇਤ ਦੇਖਣ ਲਈ ਪਿੰਡ ਆਉਂਦਾ ਸੀ।
ਉਨ੍ਹਾਂ ਨੇ ਪੁਲੀਸ ਨੂੰ ਫਾਰਮ 'ਤੇ ਮਲਬਾ ਸੁੱਟੇ ਜਾਣ ਦੀ ਸ਼ਿਕਾਇਤ ਵੀ ਕੀਤੀ ਸੀ। ਅੱਜ ਸ਼ਨਿਚਰਵਾਰ ਬਾਅਦ ਦੁਪਹਿਰ ਜਦੋਂ ਮਹਿੰਦਰਜੀਤ ਕੌਰ ਅਤੇ ਉਨ੍ਹਾਂ ਦਾ ਪਤੀ ਮਨਪ੍ਰੀਤ ਸਿੰਘ ਆਪਣੀ ਕਾਰ ਵਿੱਚ ਖੇਤ ਵਿੱਚੋਂ ਲੰਘ ਰਹੇ ਸਨ ਤਾਂ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਹਮਲਾਵਰਾਂ ਨੇ ਮਹਿੰਦਰਜੀਤ ਕੌਰ ਦੇ ਸਿਰ ਵਿੱਚ ਤਿੰਨ ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਮਨਪ੍ਰੀਤ ਸਿੰਘ ਦਾ ਬਚਾਅ ਹੋ ਗਿਆ। ਉਨ੍ਹਾਂ ਕਿਹਾ ਕਿ ਗੋਲੀਆਂ ਮਾਰ ਕੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਮ੍ਰਿਤਕਾ ਦਾ ਇਕਲੌਤਾ ਪੁੱਤਰ ਪਿਛਲੇ ਚਾਰ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ। ਉਸ ਦੇ ਆਉਣ ਤੋਂ ਬਾਅਦ ਅਤੇ ਪੁਲੀਸ ਕਾਰਵਾਈ ਮੁਕੰਮਲ ਹੋਣ ਮਗਰੋਂ ਹੀ ਸਸਕਾਰ ਕੀਤਾ ਜਾ ਸਕਦਾ ਹੈ। ਪੁਲੀਸ ਨੇ ਹੀ ਲਾਸ਼ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਹੈ।