ਭਾਈ ਬਹਿਲੋ ਹਾਕੀ ਅਕੈਡਮੀ ਭਗਤਾ ਭਾਈ ਦੀਆਂ ਤਿੰਨ ਖਿਡਾਰਨਾਂ ਦੀ ਸਰਕਾਰੀ ਨੌਕਰੀ ਲਈ ਚੋਣ
ਅਸ਼ੋਕ ਵਰਮਾ
ਭਗਤਾ ਭਾਈ, 29 ਮਾਰਚ 2026 : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੇ ਭਗਤਾ ਭਾਈ ਵਿਖੇ ਚੱਲ ਰਹੀ ਭਾਈ ਬਹਿਲੋ ਹਾਕੀ ਅਕੈਡਮੀ ਦੀਆਂ ਤਿੰਨ ਹਾਕੀ ਖਿਡਾਰਨਾਂ ਨੇ ਸਰਕਾਰੀ ਨੌਕਰੀ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।ਅਕੈਡਮੀ ਦੇ ਸੰਚਾਲਕ ਗੁਰਦੀਪ ਸਿੰਘ ਬਾਬਾ ਨੇ ਦੱਸਿਆ ਕਿ ਉਨ੍ਹਾਂ ਨੇ ਲੜਕੀਆਂ ਲਈ ਹੋਸਟਲ ਬਣਾਇਆ ਹੋਇਆ ਹੈ ਜਿਸ ਵਿੱਚ ਆਮ ਘਰਾਂ ਦੀਆਂ ਬਾਹਰਲੇ ਪਿੰਡਾਂ ਤੋਂ ਲੜਕੀਆਂ ਰਹਿੰਦੀਆਂ ਹਨ ਜੋ ਭਗਤਾ ਭਾਈ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀਆਂ ਹਨ। ਇਹਨਾਂ ਲਈ ਰਿਹਾਇਸ਼ , ਖਾਣਾ , ਹਾਕੀ ਦੀ ਟ੍ਰੇਨਿੰਗ ਅਤੇ ਖੇਡਾਂ ਦਾ ਸਮਾਨ ਬਿੱਲਕੁੱਲ ਮੁਫਤ ਦਿੱਤਾ ਜਾਂਦਾ ਹੈ। ਅਕੈਡਮੀ ਨੇ ਬਹੁਤ ਥੋੜੇ ਸਮੇਂ ਵਿੱਚ ਵਧੀਆ ਪ੍ਰਾਪਤੀਆਂ ਕੀਤੀਆਂ ਹਨ । ਇਸੇ ਸਾਲ ਅਕੈਡਮੀ ਦੀਆਂ ਤਿੰਨ ਲੜਕੀਆਂ ਮਹਿਕਦੀਪ ਕੌਰ, ਆਰਤੀ ਅਤੇ ਬੇਲਾ ਕੁਮਾਰੀ ਨੂੰ ਅਲੱਗ ਅਲੱਗ ਮਹਿਕਮਿਆਂ ਵਿੱਚ ਸਰਕਾਰੀ ਨੌਕਰੀ ਮਿਲੀ ਹੈ।
ਅਕੈਡਮੀ ਦੇ ਸਹਿ ਸੰਚਾਲਿਕ ਮੈਡਮ ਜਸਵਿੰਦਰ ਕੌਰ ਨੇ ਦੱਸਿਆ ਕਿ 8 ਅਪ੍ਰੈਲ ਵਾਲੇ ਦਿਨ ਜੋ ਲੜਕੀਆਂ 5ਵੀਂ,6ਵੀਂ,7ਵੀਂ ਅਤੇ 8ਵੀਂ ਜਮਾਤ ਵਿੱਚ ਲੋਕਲ ਸ਼ਹਿਰ ਭਗਤਾ ਭਾਈ ਕਾ ਦੇ ਸਕੂਲ ਵਿੱਚ ਪੜ੍ਹਦੀਆਂ ਹਨ ਉਨ੍ਹਾਂ ਦੇ ਟਰਾਇਲ ਰੱਖੇ ਹਨ ਜੋ ਲੜਕੀਆਂ ਸਲੈਕਟ ਹੋਣਗੀਆਂ ਉਨ੍ਹਾਂ ਨੂੰ ਹਾਕੀ ਦੀ ਟ੍ਰੇਨਿੰਗ ਅਤੇ ਖੇਡਾਂ ਦਾ ਸਮਾਨ ਬਿੱਲਕੁੱਲ ਮੁਫਤ ਵਿੱਚ ਮੁਹੱਈਆ ਕਰਵਾਇਆ ਜਾਵੇਗਾ। ਇੰਨ੍ਹਾਂ ਦੇ ਨਾਲ ਹੋਸਟਲ ਦੇ ਲਈ ਬਾਹਰਲੇ ਪਿੰਡਾਂ ਦੀਆਂ ਹਾਕੀ ਖਿਡਾਰਨਾਂ ਦੇ ਵੀ ਟਰਾਇਲ ਲਏ ਜਾਣਗੇ ਜਿਨ੍ਹਾਂ ਨੂੰ ਕਿ ਰਿਹਾਇਸ਼, ਖਾਣਾ, ਖੇਡ ਟ੍ਰੇਨਿੰਗ, ਖੇਡਾਂ ਦਾ ਸਮਾਨ ਬਿੱਲਕੁੱਲ ਮੁਫਤ ਦਿੱਤਾ ਜਾਵੇਗਾ। ਇਸ ਸਾਲ 250 ਰੁਪਏ ਡੇਲੀ ਖੁਰਾਕ ਦਿੱਤੀ ਜਾਵੇਗੀ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੀਆਂ ਬੱਚੀਆਂ ਨੂੰ ਹੋਸਟਲ ਵਿੱਚ ਭੇਜਣ ਤਾਂ ਜੋ ਉਹ ਵੀ ਇਹਨਾਂ ਲੜਕੀਆਂ ਵਾਂਗ ਨੌਕਰੀਆਂ ਉੱਪਰ ਲਗ ਸਕਣ ਇੱਥੇ ਗੇਮ ਦੇ ਨਾਲ ਨਾਲ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਅੱਗੇ ਗੁਰਦੀਪ ਸਿੰਘ ਬਾਬਾ ਨੇ ਇਲਾਕਾ ਨਿਵਾਸੀਆਂ ਨੂੰ ਇਸ ਯੱਗ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ।
Click to Follow Babushahi Facebook page →