ਬੇਅਦਬੀ ਸਬੰਧੀ ਸਖਤ ਕਾਨੂੰਨ ਲਾਗੂ ਹੋਣ ਕਾਰਨ ਨਹੀਂ ਬਖਸ਼ੇ ਜਾਣਗੇ ਦੋਸ਼ੀ : ਨੀਲ ਗਰਗ
ਅਸ਼ੋਕ ਵਰਮਾ
ਬਠਿੰਡਾ, 19 ਅਪ੍ਰੈਲ 2026 :ਪੰਜਾਬ ਸਰਕਾਰ ਵੱਲੋਂ ਬੇਅਦਬੀ ਦੇ ਮਾਮਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਨੂੰ ਲੈ ਕੇ ਅੱਜ ਸੂਬੇ ਲਈ ਇਕ ਇਤਿਹਾਸਕ ਪਲ ਹੈ। ਮੁੱਖ ਮੰਤਰੀ Bhagwant Mann ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿਲ” ਹੁਣ ਮਾਣਯੋਗ ਰਾਜਪਾਲ Gulab Chand Kataria ਦੇ ਹਸਤਾਖਰਾਂ ਤੋਂ ਬਾਅਦ ਕਾਨੂੰਨ ਬਣ ਗਿਆ ਹੈ। ਇਸ ਤੋਂ ਬਾਅਦ ਬੇਅਦਬੀ ਕਰਨ ਦੇ ਦੋਸ਼ੀਆਂ ਦੇ ਬਚਣ ਦੀ ਸੰਭਾਵਨਾ ਬਿਲਕੁਲ ਖਤਮ ਹੋ ਗਈ ਹੈ। ਪੰਜਾਬ ਮੀਡੀਅਮ ਇੰਡਸਟਰੀ ਦੇ ਚੇਅਰਮੈਨ ਨੀਲ ਗਰਗ ਨੇ ਇਸ ਸੰਬੰਧ ਵਿੱਚ ਜਾਰੀ ਪ੍ਰੈਸ ਬਿਆਨ ਰਾਹੀਂ ਆਖਿਆ ਕਿ ਇਸ ਇਤਿਹਾਸਕ ਕਦਮ ਨਾਲ ਨਾ ਕੇਵਲ ਸਿੱਖ ਕੌਮ ਦੀ ਲੰਮੇ ਸਮੇਂ ਤੋਂ ਚੱਲ ਰਹੀਆਂ ਮੰਗ ਨੂੰ ਪੂਰਾ ਕੀਤਾ ਗਿਆ ਬਲਕਿ ਇਹ ਕਾਨੂੰਨ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ਵੀ ਹੈ।
ਉਨ੍ਹਾਂ ਕਿਹਾ ਕਿ ਬੇਅਦਬੀ ਵਰਗੇ ਸੰਵੇਦਨਸ਼ੀਲ ਮਸਲੇ ‘ਤੇ ਸਖ਼ਤ ਕਾਨੂੰਨੀ ਪ੍ਰਬੰਧ ਲਿਆ ਕੇ ਪੰਜਾਬ ਸਰਕਾਰ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਹੁਣ ਕਦੇ ਵੀ ਬਖ਼ਸ਼ਿਆ ਨਹੀਂ ਜਾਵੇਗਾ।ਚੇਅਰਮੈਨ ਨੀਲ ਗਰਗ ਨੇ ਕਿਹਾ ਕਿ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਲਿਆਂਦਾ ਗਿਆ ਇਹ ਬਿਲ ਅੱਜ ਕਾਨੂੰਨ ਬਣ ਕੇ ਸਾਰੇ ਪੰਜਾਬ ਅਤੇ ਦੁਨੀਆ ਭਰ ਦੀ ਸਿੱਖ ਸੰਗਤ ਲਈ ਵੱਡੀ ਖੁਸ਼ਖਬਰੀ ਹੈ। ਇਹ ਸਿਰਫ਼ ਕਾਨੂੰਨ ਨਹੀਂ, ਸਗੋਂ ਸੰਗਤ ਦੀਆਂ ਅਰਦਾਸਾਂ ਅਤੇ ਲੰਬੇ ਸੰਘਰਸ਼ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਬੇਅਦਬੀ ਦੇ ਮਾਮਲਿਆਂ ਨੂੰ ਰਾਜਨੀਤਿਕ ਮਕਸਦਾਂ ਲਈ ਵਰਤਦੇ ਰਹੇ ਅਤੇ ਦੋਸ਼ੀਆਂ ਨੂੰ ਪਨਾਹ ਦਿੰਦੇ ਰਹੇ, ਉਹਨਾਂ ਨੂੰ ਇਸ ਕਾਨੂੰਨ ਨਾਲ ਸਖ਼ਤ ਸੰਦੇਸ਼ ਮਿਲਿਆ ਹੈ। ਪਹਿਲਾਂ ਦੀਆਂ ਸਰਕਾਰਾਂ ਇਸ ਮਾਮਲੇ ‘ਤੇ ਨਾਕਾਮ ਰਹੀਆਂ, ਪਰ ਮੌਜੂਦਾ ਸਰਕਾਰ ਨੇ ਦ੍ਰਿੜ ਇਰਾਦੇ ਨਾਲ ਇਹ ਵੱਡਾ ਫੈਸਲਾ ਲੈ ਕੇ ਇਤਿਹਾਸ ਰਚਿਆ ਹੈ।
ਨੀਲ ਗਰਗ ਨੇ ਇਸ ਕਾਨੂੰਨ ਨੂੰ ਨੇਪਰੇ ਚਾੜ੍ਹਨ ਲਈ ਸਾਰੇ ਵਿਧਾਇਕਾਂ, ਸੰਤ ਮਹਾਪੁਰਖਾਂ ਅਤੇ ਕਾਨੂੰਨੀ ਮਾਹਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸਮੂਹ ਸਿੱਖ ਸੰਗਤ ਨੂੰ ਇਸ ਇਤਿਹਾਸਕ ਮੌਕੇ ‘ਤੇ ਦਿਲੋਂ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਕਾਨੂੰਨ ਪੰਜਾਬ ਵਿੱਚ ਸ਼ਾਂਤੀ, ਭਾਈਚਾਰੇ ਅਤੇ ਧਾਰਮਿਕ ਸਨਮਾਨ ਨੂੰ ਹੋਰ ਮਜ਼ਬੂਤ ਕਰੇਗਾ।ਅੰਤ ਵਿੱਚ ਉਨ੍ਹਾਂ ਨੇ ਕਿਹਾ: “ਇਹ ਸਿਰਫ਼ ਇੱਕ ਕਾਨੂੰਨ ਨਹੀਂ, ਸਗੋਂ ਪੰਜਾਬ ਦੀ ਆਤਮਾ ਦੀ ਰੱਖਿਆ ਲਈ ਲਿਆ ਗਿਆ ਇਤਿਹਾਸਕ ਫੈਸਲਾ ਹੈ। ਅਸੀਂ ਸਾਰੇ ਗੁਰੂ ਸਾਹਿਬ ਦੇ ਅੱਗੇ ਸਿਰ ਨਿਵਾਉਂਦੇ ਹਾਂ ਅਤੇ ਇਸ ਸੇਵਾ ਲਈ ਉਨ੍ਹਾਂ ਦਾ ਕੋਟਿ-ਕੋਟਿ ਧੰਨਵਾਦ ਕਰਦੇ ਹਾਂ।”
Click to Follow Babushahi Facebook page →